• 'ਵੰਦੇ ਮਾਤਰਮ' ਦਾ ਵਿਰੋਧ ਨਹਿਰੂ ਤੋਂ ਲੈ ਕੇ ਅੱਜ ਦੀ ਕਾਂਗਰਸੀ ਲੀਡਰਸ਼ਿਪ ਦੇ ਖ਼ੂਨ 'ਚ-ਸ਼ਾਹ
• ਭਾਜਪਾ ਹਮੇਸ਼ਾ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਦੇ ਗੀਤਾਂ ਖ਼ਿਲਾਫ਼ ਰਹੀ-ਖੜਗੇ
ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-'ਵੰਦੇ ਮਾਤਰਮ' ਸਿਰਫ਼ ਇਕ ਗੀਤ ਨਹੀਂ, ਸਗੋਂ ਸੁਤੰਤਰਤਾ ਸੰਗਰਾਮ ਦੀ ਆਤਮਾ ਹੈ | ਰਾਜ ਸਭਾ 'ਚ 'ਵੰਦੇ ਮਾਤਰਮ' ਗੀਤ ਦੇ 150 ਸਾਲ ਪੂਰੇ ਹੋਣ ਮੌਕੇ ਕੀਤੀ ਗਈ ਬਹਿਸ ਦੀ ਸ਼ੁਰੂਆਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਕਤ ਵਾਕ ਨਾਲ ਕੀਤੀ | ਹਾਲਾਂਕਿ ਰਾਜ ਸਭਾ 'ਚ ਮੰਗਲਵਾਰ ਨੂੰ ਹੋਈ ਉਕਤ ਤਵਸੀਲੀ ਬਹਿਸ ਬਾਅਦ 'ਚ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਦਰਮਿਆਨ ਵੰਡੀ ਨਜ਼ਰ ਆਈ | ਜਿਥੇ ਗ੍ਰਹਿ ਮੰਤਰੀ ਨੇ ਕਾਂਗਰਸ 'ਤੇ 'ਵੰਦੇ ਮਾਤਰਮ' ਦੇ ਦੋ ਪੈਰਿ੍ਹਆਂ ਤੋਂ ਬਾਅਦ ਵਾਲੇ ਪੈਰ੍ਹੇ ਹਟਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 'ਵੰਦੇ ਮਾਤਰਮ' ਦਾ ਵਿਰੋਧ ਨਹਿਰੂ ਤੋਂ ਲੈ ਕੇ ਅੱਜ ਤੱਕ ਦੀ ਕਾਂਗਰਸ ਲੀਡਰਸ਼ਿਪ ਦੇ ਖ਼ੂਨ 'ਚ ਹੈ | ਗ੍ਰਹਿ ਮੰਤਰੀ ਨੇ ਇਹ ਟਿੱਪਣੀ ਕਰਦਿਆਂ ਸੋਮਵਾਰ ਨੂੰ ਲੋਕ ਸਭਾ 'ਚ ਹੋਈ 'ਵੰਦੇ ਮਾਤਰਮ' 'ਤੇ ਬਹਿਸ ਦੌਰਾਨ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਦੀ ਗ਼ੈਰ-ਮੌਜੂਦਗੀ ਦਾ ਮੁੱਦਾ ਵੀ ਅਸਿੱਧੇ ਤੌਰ 'ਤੇ ਉਠਾਇਆ | ਦੂਜੇ ਪਾਸੇ, ਵਿਰੋਧੀ ਧਿਰਾਂ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਭਾਜਪਾ ਅਤੇ ਆਰ.ਐਸ.ਐਸ. ਨੂੰ ਨਿਸ਼ਾਨੇ 'ਤੇ ਲੈਂਦਿਆਂ ਇਹ ਕਿਹਾ ਕਿ ਉਹ (ਭਾਜਪਾ ਅਤੇ ਆਰ.ਐਸ.ਐਸ.) ਹਮੇਸ਼ਾ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਖ਼ਿਲਾਫ਼ ਰਹੇ | ਉਨ੍ਹਾਂ ਨਾਲ ਹੀ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਪਮਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਅਤੇ ਗ੍ਰਹਿ ਮੰਤਰੀ ਵੀ ਇਹੀ ਕਰਦੇ ਹਨ | ਉਨ੍ਹਾਂ ਆਜ਼ਾਦੀ ਲਈ ਜਾਨ ਵਾਰਨ ਵਾਲੇ ਲੋਕਾਂ, ਜੇਲ੍ਹਾਂ ਕੱਟਣ ਵਾਲੇ ਮਹਾਂਪੁਰਖਾਂ ਦਾ ਅਪਮਾਨ ਕਰਨ ਲਈ ਪ੍ਰਧਾਨ ਮੰਤਰੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਵੰਦੇ ਮਾਤਰਮ' ਗੀਤ 'ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ 'ਵੰਦੇ ਮਾਤਰਮ' ਆਜ਼ਾਦੀ ਦਾ ਨਾਅਰਾ ਹੈ, ਇਸ ਦੀ ਚਰਚਾ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਦੀ ਅਹਿਮੀਅਤ ਸਮਝਣਗੀਆਂ | ਅਮਿਤ ਸ਼ਾਹ ਨੇ ਆਪਣੇ ਭਾਸ਼ਨ 'ਚ ਸੋਮਵਾਰ ਨੂੰ ਲੋਕ ਸਭਾ 'ਚ ਦਿੱਤੇ ਪਿ੍ਅੰਕਾ ਗਾਂਧੀ ਦੇ ਭਾਸ਼ਨ ਨੂੰ ਕੇਂਦਰ 'ਚ ਰੱਖਦਿਆਂ ਉਨ੍ਹਾਂ ਵਲੋਂ ਚੁੱਕੇ ਸਵਾਲਾਂ ਦੇ ਜਵਾਬ ਵੀ ਬਿਨਾਂ ਉਨ੍ਹਾਂ ਦੇ ਨਾਂਅ ਲਏ ਦਿੱਤੇ | ਅਮਿਤ ਸ਼ਾਹ ਨੇ ਕਿਹਾ ਕਿ ਸੋਮਵਾਰ ਨੂੰ ਕੁਝ ਮੈਂਬਰਾਂ ਨੇ ਲੋਕ ਸਭਾ 'ਚ ਸਵਾਲ ਉਠਾਇਆ ਕਿ 'ਵੰਦੇ ਮਾਤਰਮ' 'ਤੇ ਅੱਜ ਚਰਚਾ ਦੀ ਕੀ ਲੋੜ ਹੈ | ਇਸ ਦੇ ਜਵਾਬ ਨੂੰ ਰਾਸ਼ਟਰ ਦੀ ਭਾਵਨਾ ਨਾਲ ਜੋੜਦਿਆਂ ਕਿਹਾ ਕਿ 'ਵੰਦੇ ਮਾਤਰਮ' 'ਤੇ ਚਰਚਾ ਦੀ ਲੋੜ ਪਹਿਲਾਂ ਵੀ ਸੀ ਅਤੇ ਅੱਗੇ ਵੀ ਰਹੇਗੀ | ਉਨ੍ਹਾਂ ਕਿਹਾ 'ਵੰਦੇ ਮਾਤਰਮ' ਸਿਰਫ਼ ਬੰਗਾਲ ਜਾਂ ਦੇਸ਼ ਤੱਕ ਸੀਮਤ ਨਹੀਂ ਹੈ, ਦੁਨੀਆ ਭਰ 'ਚ ਜਿਥੇ ਵੀ ਆਜ਼ਾਦੀ ਦੇ ਦੀਵਾਨੇ ਸੀ, ਉਨ੍ਹਾਂ ਇਸ ਦਾ ਗਾਣ ਕੀਤਾ | ਅਮਿਤ ਸ਼ਾਹ ਨੇ ਕਿਹਾ ਕਿ ਅੱਜ ਵੀ ਸਰਹੱਦ 'ਤੇ ਇਕ ਜਵਾਨ ਆਪਣੀ ਜਾਨ ਕੁਰਬਾਨ ਕਰਦਾ ਹੈ ਤਾਂ ਉਸ ਦੀ ਜ਼ੁਬਾਨ 'ਤੇ 'ਵੰਦੇ ਮਾਤਰਮ' ਹੁੰਦਾ ਹੈ | ਗ੍ਰਹਿ ਮੰਤਰੀ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ 'ਵੰਦੇ ਮਾਤਰਮ' 'ਤੇ ਚਰਚਾ ਨੂੰ ਬੰਗਾਲ ਚੋਣਾਂ ਨਾਲ ਜੋੜ ਕੇ ਵੇਖਣਾ ਸਹੀ ਨਹੀਂ ਹੈ | ਆਰ.ਜੇ.ਡੀ. ਦੇ ਮਨੋਜ ਝਾਅ ਨੇ ਅਜੋਕੇ ਸਿਆਸੀ ਮਾਹੌਲ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਧਰੁਵੀਕਰਨ ਅੱਜ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ | ਉਨ੍ਹਾਂ ਕਿਹਾ ਕਿ ਕੀ ਕਦੇ ਬੰਕਿਮ ਬਾਬੂ ਨੇ ਸੋਚਿਆ ਸੀ ਕਿ ਦੇਸ਼ ਇੰਜ ਵੰਡੇਗਾ | ਮਨੋਜ ਝਾਅ ਨੇ ਅੱਗੇ ਇਹ ਵੀ ਕਿਹਾ ਕਿ ਚੋਣ ਜਿੱਤਣਾ ਕਲਾ ਹੋ ਸਕਦੀ ਹੈ ਪਰ ਜੇਕਰ ਚੋਣ ਜਿੱਤ ਜਾਈਏ ਅਤੇ ਦੇਸ਼ ਹਾਰ ਜਾਈਏ ਇਹ ਕਿਹੋ ਜਿਹਾ 'ਵੰਦੇ ਮਾਤਰਮ' ਹੈ | ਮਨੋਜ ਝਾਅ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ 'ਵੰਦੇ ਮਾਤਰਮ' ਦਾ ਜਸ਼ਨ ਜ਼ਰੂਰ ਮਨਾਓ ਪਰ ਇਸ ਨੂੰ ਸਿਆਸੀ ਹਥਿਆਰ ਨਾ ਬਣਾਓ | ਮਹਾਂਪੁਰਖਾਂ ਨੂੰ ਆਪਣੀ ਸਿਆਸਤ ਦਾ ਮੁੱਦਾ ਨਾ ਬਣਾਓ |
ਰਾਜ ਸਭਾ 'ਚ ਅਮਿਤ ਸ਼ਾਹ ਅਤੇ ਖੜਗੇ ਦਰਮਿਆਨ ਹੋਈ ਸ਼ਬਦੀ ਜੰਗ
ਅਜੀਤ ਡੈਸਕ
10-12-2025