ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ
ਨਵੀਂ ਦਿੱਲੀ, 4 ਦਸੰਬਰ (ਪੀ.ਟੀ.ਆਈ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰਾਜ ਸਭਾ 'ਚ ਦੱਸਿਆ ਕਿ ਸਾਲ 2009 ਤੋਂ ਹੁਣ ਤੱਕ ਅਮਰੀਕਾ ਨੇ 18,822 ਭਾਰਤੀਆਂ ਨੂੰ ਵਾਪਸ ਭੇਜਿਆ ਹੈ | ਉਨ੍ਹਾਂ ਦੱਸਿਆ ਕਿ ਕੇਵਲ ਜਨਵਰੀ 2025 ਤੋਂ ਹੁਣ ਤੱਕ 3258 ਭਾਰਤੀ ਵਾਪਸ ਭੇਜੇ ਹਨ | ਵਿਦੇਸ਼ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ ਜਿਸ ਨੂੰ ਹਾਲ ਹੀ ਵਿਚ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ, ਨੂੰ ਡਿਪੋਰਟ ਕਰਨ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਉਡਾਣ 'ਤੇ ਚੜ੍ਹਾਉਣ ਤੋਂ ਪਹਿਲਾਂ ਉਸ ਨੂੰ ਹਿਰਾਸਤ ਵਿਚ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ | ਸੰਸਦ ਮੈਂਬਰਾਂ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਹਰਜੀਤ ਕੌਰ ਦੇ ਆਪਣੇ ਵਕੀਲ ਦੇ ਬਿਆਨ ਦਾ ਹਵਾਲਾ ਦਿੱਤਾ | ਜਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਉਸ ਨੂੰ ਹੱਥਕੜੀ ਨਹੀਂ ਲਗਾਈ | ਇੱਕ ਅਧਿਕਾਰੀ ਅਜਿਹਾ ਕਰਨ ਜਾ ਰਿਹਾ ਸੀ ਪਰ ਦੂਜੇ ਅਧਿਕਾਰੀ ਨੇ ਉਸ ਦੀ ਉਮਰ ਦੇ ਕਾਰਨ ਮਨ੍ਹਾਂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ |
ਅਮਰੀਕਾ ਨੇ 2009 ਤੋਂ ਹੁਣ ਤੱਕ 18,822 ਭਾਰਤੀਆਂ ਨੂੰ ਵਾਪਸ ਭੇਜਿਆ
ਅਜੀਤ ਡੈਸਕ
05-12-2025