ਨਵੀਂ ਦਿੱਲੀ, 24 ਨਵੰਬਰ (ਪੀ.ਟੀ.ਆਈ.)-ਫ਼ਿਲਮ ਜਗਤ 'ਚ ਆਪਣੀ ਸ਼ੁਰੂਆਤ ਤੋਂ ਪਹਿਲਾਂ ਧਰਮਿੰਦਰ ਬੰਬਈ (ਅੱਜ ਮੁੰਬਈ) ਗਏ ਤੇ ਦਲੇਰੀ ਨਾਲ ਆਪਣੇ ਆਦਰਸ਼ ਦਿਲੀਪ ਕੁਮਾਰ ਦੇ ਘਰ ਅੰਦਰ ਗਏ ਤੇ ਸਿੱਧੇ ਉਨ੍ਹਾਂ ਦੇ ਬੈੱਡਰੂਮ ਤੱਕ ਪਹੁੰਚ ਗਏ | 1952 ਦੇ ਉਸ ਸਮੇਂ ਦੇ ਦਿਲਚਸਪ ਕਿੱਸੇ ਬਾਰੇ ਧਰਮਿੰਦਰ ਨੇ ਖੁਦ ਦਿਲੀਪ ਕੁਮਾਰ ਦੀ ਆਤਮਕਥਾ 'ਦਿ ਸਬਸਟੈਂਸ ਐਂਡ ਦ ਸ਼ੈਡੋ' ਦੇ 'ਯਾਦਾਂ' ਭਾਗ 'ਚ ਵਿਸਥਾਰ 'ਚ ਦੱਸਿਆ ਹੈ | ਉਨ੍ਹਾਂ ਲਿਖਿਆ ਕਿ 1952 ਵਿਚ ਜਦੋਂ ਉਹ ਕਾਲਜ 'ਚ ਸੀ ਤਾਂ ਉਹ ਲੁਧਿਆਣਾ ਤੋਂ ਬੰਬਈ ਗਏ | ਉਹ ਦਿਲੀਪ ਕੁਮਾਰ ਨੂੰ ਮਿਲਣਾ ਚਾਹੁੰਦੇ ਸਨ | ਉਹ ਬੰਬਈ ਪਹੁੰਚੇ ਤੇ ਦਿਲੀਪ ਕੁਮਾਰ ਦੇ ਘਰ ਅੰਦਰ ਚਲੇ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਗੇਟ 'ਤੇ ਨਹੀਂ ਰੋਕਿਆ, ਇਸ ਲਈ ਉਹ ਸਿੱਧਾ ਮੁੱਖ ਦਰਵਾਜ਼ੇ ਰਾਹੀਂ ਘਰ 'ਚ ਚਲੇ ਗਏ | ਉਹ ਦਿਲੀਪ ਕੁਮਾਰ ਦੇ ਕਮਰੇ 'ਚ ਪ੍ਰਵੇਸ਼ ਕਰ ਗਏ, ਜਿਥੇ ਦਿਲੀਪ ਸੋਫੇ 'ਤੇ ਸੁੱਤੇ ਪਏ ਸਨ | ਦਿਲੀਪ ਕੁਮਾਰ ਨੂੰ ਕਿਸੇ ਦੀ ਮÏਜੂਦਗੀ ਦਾ ਅਹਿਸਾਸ ਹੋਇਆ ਤੇ ਅਚਾਨਕ ਥੋੜ੍ਹਾ ਹੈਰਾਨ ਹੋ ਕੇ ਜਾਗ ਪਏ | ਉਨ੍ਹਾਂ ਇਕ ਨੌਕਰ ਨੂੰ ਉੱਚੀ ਆਵਾਜ਼ ਵਿਚ ਬੁਲਾਇਆ, ਜਿਸ ਨਾਲ ਧਰਮਿੰਦਰ ਡਰ ਗਏ ਤੇ ਪੌੜੀਆਂ ਤੋਂ ਹੇਠਾਂ ਭੱਜ ਕੇ ਘਰ ਤੋਂ ਬਾਹਰ ਨਿਕਲ ਗਏ |
ਜਦੋਂ ਬਿਨਾਂ ਇਜਾਜ਼ਤ ਦਿਲੀਪ ਕੁਮਾਰ ਦੇ ਘਰ 'ਚ ਵੜੇ
ਅਜੀਤ ਡੈਸਕ
25-11-2025