ਓਟਾਵਾ, 24 ਨਵੰਬਰ (ਪੀ. ਟੀ. ਆਈ.)-ਕੈਨੇਡਾ, ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਕਾਨੂੰਨ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ 'ਚ ਹੋਰ ਅੱਗੇ ਵਧ ਗਿਆ ਹੈ | ਇਸ ਐਕਟ 'ਚ ਬਦਲਾਅ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਮੂਲ ਦੇ ਪਰਿਵਾਰਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ | ਬਿੱਲ ਸੀ-3, ਜੋ ਨਾਗਰਿਕਤਾ ਐਕਟ (2025) 'ਚ ਬਦਲਾਅ ਕਰਨ ਵਾਲਾ ਇਕ ਐਕਟ ਹੈ, ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ | ਕੈਨੇਡਾ ਦੀ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਨਿਊਜ਼ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਹ ਨਾਗਰਿਕਤਾ ਐਕਟ ਨੂੰ ਹੋਰ ਜ਼ਿਆਦਾ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਬਣਾਉਣ 'ਚ ਇਕ ਅਹਿਮ ਮੀਲ ਪੱਥਰ ਹੈ, ਨਾਲ ਹੀ ਕੈਨੇਡਾਈ ਨਾਗਰਿਕਤਾ ਦੀ ਵੈਲਿਊ ਨੂੰ ਵੀ ਬਣਾਈ ਰੱਖਦਾ ਹੈ | ਨਿਊਜ਼ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਕ ਵਾਰ ਜਦੋਂ ਨਵਾਂ ਕਾਨੂੰਨ ਲਾਗੂ ਹੋ ਜਾਵੇਗਾ, ਤਾਂ ਬਿੱਲ ਦੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਕੈਨੇਡਾਈ ਨਾਗਰਿਕਤਾ ਦਿੱਤੀ ਜਾਵੇਗੀ, ਜੋ ਅਗਰ ਪਹਿਲੀ ਪੀੜ੍ਹੀ ਦੀ ਲਿਮਟ ਤਾਂ ਪਿਛਲੇ ਕਾਨੂੰਨ ਦੇ ਦੂਸਰੇ ਪੁਰਾਣੇ ਨਿਯਮ ਨਾ ਹੁੰਦੇ ਤਾਂ ਨਾਗਰਿਕ ਹੁੰਦੇ | ਰਿਲੀਜ਼ 'ਚ ਕਿਹਾ ਗਿਆ ਹੈ ਕਿ ਨਵਾਂ ਕਾਨੂੰਨ ਵਿਦੇਸ਼ 'ਚ ਪੈਦਾ ਹੋਏ ਜਾਂ ਗੋਦ ਲਏ ਗਏ ਕੈਨੇਡਾਈ ਮਾਤਾ-ਪਿਤਾ ਨੂੰ ਇਹ ਵੀ ਇਜਾਜ਼ਤ ਦੇਵੇਗਾ ਕਿ ਉਹ ਬਿੱਲ ਦੇ ਲਾਗੂ ਹੋਣ ਦੀ ਤਰੀਕ ਨੂੰ ਜਾਂ ਉਸ ਦੇ ਬਾਅਦ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲਏ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇ ਸਕਣ, ਬਸ਼ਰਤੇ ਕਿ ਉਨ੍ਹਾਂ ਦਾ ਕੈਨੇਡਾ ਨਾਲ ਕੋਈ ਖਾਸ ਸਬੰਧ ਹੋਵੇ |