ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਮਤਾ ਸਰਬਸੰਮਤੀ ਨਾਲ ਪਾਸ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 24 ਨਵੰਬਰ-ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰੇ੍ਹ ਨੂੰ ਸਮਰਪਿਤ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਮਹੱਤਵਪੂਰਨ ਫ਼ੈਸਲੇ ਵਿਚ ਅੰਮਿ੍ਤਸਰ, ਤਲਵੰਡੀ ਸਾਬੋ ਤੇ ਸ੍ਰੀ ਅਨੰਦਪੁਰ ਸਾਹਿਬ ਦੇ (ਅੰਦਰੂਨੀ ਸ਼ਹਿਰ/ਪੁਰਾਤਨ ਸ਼ਹਿਰ), ਜਿੱਥੇ ਤਖ਼ਤ ਸਾਹਿਬਾਨ ਸਥਾਪਤ ਹਨ, ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਮਤਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਦਨ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਦਨ ਦੇ ਮੈਂਬਰਾਂ ਦੀ ਸਹਿਮਤੀ ਪੁੱਛੇ ਜਾਣ ਮਗਰੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਮੁੱਖ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਦੇ ਨਾਲ ਹੀ ਇਨ੍ਹਾਂ ਪਵਿੱਤਰ ਸ਼ਹਿਰਾਂ ਵਿਚ ਸਾਰੀਆਂ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਸਰਬ-ਧਰਮ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ | ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਨਿਮਰ ਸ਼ਰਧਾਂਜਲੀ ਵਜੋਂ ਸੂਬਾ ਸਰਕਾਰ ਨੇ ਨੌਵੇਂ ਪਾਤਿਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ ਵਿਆਪਕ ਪੱਧਰ 'ਤੇ ਮਨਾਉਣ ਲਈ ਸੂਬੇ ਭਰ ਵਿਚ ਲੜੀਵਾਰ ਸਮਾਗਮ ਉਲੀਕੇ ਹਨ | ਉਨ੍ਹਾਂ ਕਿਹਾ ਕਿ ਅੱਜ ਦਾ ਸੈਸ਼ਨ ਇਨ੍ਹਾਂ ਸਮਾਗਮਾਂ ਨੂੰ ਹੀ ਸਮਰਪਿਤ ਸੀ | ਉਨ੍ਹਾਂ ਕਿਹਾ ਕਿ ਕਰਵਾਏ ਜਾ ਰਹੇ ਸਮਾਗਮਾਂ ਦਾ ਇਕੋ-ਇਕ ਉਦੇਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਾਨ ਗੁਰੂ ਸਾਹਿਬ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣਾ ਹੈ | ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਧਰਮ ਦੀ ਰਾਖੀ ਅਤੇ ਸਾਰਿਆਂ ਦੇ ਹੱਕਾਂ ਲਈ ਨੌਵੇਂ ਪਾਤਿਸ਼ਾਹ ਵਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਅਤੇ ਸਰਬਉੱਚ ਬਲੀਦਾਨ ਨੂੰ ਸਿਜਦਾ ਕਰਨ ਲਈ ਇਕ ਅਧਿਕਾਰਤ ਮਤਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਕੀਤਾ ਗਿਆ | ਸਦਨ ਵਿਚ ਸੰਬੋਧਨ ਕਰਦਿਆਂ ਬੈਂਸ ਨੇ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਯਾਦ ਕੀਤਾ | ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦੀ ਇਹ ਪਵਿੱਤਰ ਧਰਤੀ, ਜਿਸ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਖ਼ੁਦ ਵਸਾਇਆ ਅਤੇ ਆਪਣੀ ਸਤਿਕਾਰਯੋਗ ਮਾਤਾ ਦੇ ਨਾਂਅ 'ਤੇ ਇਸ ਨੂੰ 'ਚੱਕ ਨਾਨਕੀ' ਦਾ ਨਾਂਅ ਦਿੱਤਾ, ਇਹ ਉਹੀ ਧਰਤੀ ਹੈ, ਜਿੱਥੋਂ ਗੁਰੂ ਸਾਹਿਬ ਦਿੱਲੀ ਲਈ ਰਵਾਨਾ ਹੋਏ ਸਨ | ਇਹ ਉਹ ਅਸਥਾਨ ਹੈ, ਜਿੱਥੇ ਕਸ਼ਮੀਰੀ ਪੰਡਤ ਇਨਸਾਫ਼ ਦੀ ਅਪੀਲ ਲੈ ਕੇ ਗੁਰੂ ਸਾਹਿਬ ਦੀ ਸ਼ਰਨ ਵਿਚ ਆਏ ਸਨ |
'ਹਿੰਦੂ ਰਾਸ਼ਟਰ' ਤੇ 'ਖ਼ਾਲਿਸਤਾਨ' ਨਹੀਂ, 'ਜੁੱਗ ਜੁੱਗ ਜੀਵੇ ਮੇਰਾ ਹਿੰਦੁਸਤਾਨ'-ਅਮਨ ਅਰੋੜਾ
ਇਸ ਮੌਕੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਨੌਵੇਂ ਪਾਤਿਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਦੀਆਂ ਪਹਿਲਾਂ ਦਿੱਤੇ ਸੰਦੇਸ਼ ਅਜੋਕੇ ਯੁੱਗ ਵਿਚ ਵੀ ਸਾਰਥਕ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਇਸ ਪਾਵਨ ਧਰਤੀ ਤੋਂ ਅਸੀਂ 'ਹਿੰਦੂ ਰਾਸ਼ਟਰ' ਅਤੇ 'ਖ਼ਾਲਿਸਤਾਨ' ਨੂੰ ਖ਼ਾਰਜ ਕਰਦਿਆਂ 'ਜੁੱਗ ਜੁੱਗ ਜੀਵੇ ਮੇਰਾ ਹਿੰਦੁਸਤਾਨ' ਦੇ ਨਾਅਰੇ ਦੀ ਵਕਾਲਤ ਕਰਦੇ ਹਾਂ ਜੋ ਗੁਰੂ ਸਾਹਿਬ ਵਲੋਂ ਦਿਖਾਏ ਮਾਰਗ ਅਨੁਸਾਰ ਦੇਸ਼ ਦੀ ਏਕਤਾ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ ਤੇ ਇਹ ਸੈਸ਼ਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਨਿਮਾਣੀ ਸ਼ਰਧਾਂਜਲੀ ਹੈ |
ਦੇਸ਼ 'ਚ ਵਧ ਰਹੀ ਨਫ਼ਰਤ ਤੇ ਲੋਕਤੰਤਰੀ ਸਿਧਾਂਤਾਂ ਦਾ ਘਾਣ 'ਚਿੰਤਾ ਦਾ ਵਿਸ਼ਾ-ਹਰਪਾਲ ਸਿੰਘ ਚੀਮਾ
ਇਸ ਮੌਕੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨੌਵੇਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਸਰਬਉੱਚ ਦੱਸਿਆ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਦੂਜੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ | ਸਦਨ ਵਿਚ ਚੀਮਾ ਨੇ ਸਿੱਖ ਇਤਿਹਾਸ ਵਿਚ ਕੁਰਬਾਨੀ ਦੀ ਵਿਲੱਖਣ ਪਰੰਪਰਾ ਬਾਰੇ ਗੱਲ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋ ਕੇ ਚਾਰ ਪੀੜ੍ਹੀਆਂ ਤੱਕ ਚੱਲੀ ਕੁਰਬਾਨੀ ਨੂੰ ਯਾਦ ਕੀਤਾ, ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦਿੱਤੀ | ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਧ ਰਹੀ ਨਫ਼ਰਤ ਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਨੇ ਰਾਜਧਾਨੀ ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ ਸੰਬੰਧੀ ਹਾਲ ਹੀ ਵਿਚ ਉੱਠੀਆਂ ਚੁਣੌਤੀਆਂ ਦਾ ਵੀ ਹਵਾਲਾ ਦਿੱਤਾ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਤਿੰਨ ਕਰੋੜ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਵਚਨਬੱਧ ਹਨ ਅਤੇ ਸੂਬੇ ਦੇ ਹੱਕਾਂ ਲਈ ਦਿ੍ੜ੍ਹਤਾ ਨਾਲ ਲੜਨਗੇ |
ਬਾਜਵਾ ਨੇ ਪੰਜਾਬ ਦੀ ਏਕਤਾ ਦਾ ਸੱਦਾ ਦਿੱਤਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਰਾਜਨੀਤਕ ਵੰਡਾਂ ਤੋਂ ਉੱਪਰ ਉੱਠਣ ਅਤੇ ਗੁਰੂ ਤੇਗ਼ ਬਹਾਦਰ ਜੀ ਦੀਆਂ ਸਦੀਵੀਂ ਸਿੱਖਿਆਵਾਂ ਦੀ ਭਾਵਨਾ ਨਾਲ ਇੱਕਜੁੱਟ ਹੋਣ ਦਾ ਸੱਦਾ ਦਿੱਤਾ | ਬਾਜਵਾ ਨੇ ਕਿਹਾ ਕਿ ਵਿਸ਼ਵ ਇਤਿਹਾਸ ਵਿਚ ਕੋਈ ਵੀ ਵਿਰਾਸਤ ਗੁਰੂ ਤੇਗ਼ ਬਹਾਦਰ ਜੀ ਤੋਂ ਵੱਧ ਚਮਕਦਾਰ ਨਹੀਂ ਹੈ - ਜਿਨ੍ਹਾਂ ਨੇ ਦੂਜਿਆਂ ਦੇ ਅਧਿਕਾਰਾਂ, ਵਿਸ਼ਵਾਸਾਂ ਅਤੇ ਆਜ਼ਾਦੀਆਂ ਦੀ ਰੱਖਿਆ ਲਈ ਆਪਣੀ ਮਰਜ਼ੀ ਨਾਲ ਸ਼ਹੀਦੀ ਨੂੰ ਸਵੀਕਾਰ ਕੀਤਾ | ਬਾਜਵਾ ਨੇ ਕਿਹਾ ਕਿ ਇਕ ਅਜਿਹੇ ਸਮੇਂ ਜਦੋਂ ਪੰਜਾਬ ਰਾਜਨੀਤਕ, ਸੰਵਿਧਾਨਕ ਅਤੇ ਸੰਘੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਗੁਰੂ ਤੇਗ਼ ਬਹਾਦਰ ਜੀ ਦਾ ਸੰਦੇਸ਼ ਹੋਰ ਵੀ ਮਹੱਤਵਪੂਰਨ ਹੈ |
ਗੁਰੂ ਸਾਹਿਬ ਨੇ ਸਨਾਤਨ ਦੀ ਪਹਿਚਾਣ ਨੂੰ ਬਚਾਇਆ-ਅਸ਼ਵਨੀ ਸ਼ਰਮਾ
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਭਾਈ ਜੈਤਾ ਜੀ, ਜੀਵਨ ਸਿੰਘ ਜੀ ਇਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸਾਰਿਆਂ ਨੇ, ਇਕ ਵਾਰੀ ਇਤਿਹਾਸ ਦੇ ਉਸ ਮੋੜ 'ਤੇ ਅੱਖਾਂ ਬੰਦ ਕਰਕੇ ਸੋਚੀਏ, ਇਹ ਸ਼ਹਾਦਤ ਹੋਈ ਕਿਉਂ..? ਜਦੋਂ ਸਨਾਤਨ ਦੀ ਪਹਿਚਾਣ 'ਤੇ ਧੱਕਾ ਲੱਗਿਆ ਤੇ ਉਸ ਸਮੇਂ ਜਦੋਂ ਨੌਵੇਂ ਪਾਤਸ਼ਾਹ ਕੋਲ ਸਾਰੇ ਚੱਲ ਕੇ ਆਏ ਤੇ ਉਨ੍ਹਾਂ ਨੇ ਕਿਹਾ ਜਾ ਕੇ ਕਹਿ ਦਿਓ ਜੇ ਸਾਡੇ ਗੁਰੂ ਧਰਮ ਪਰਿਵਰਤਨ ਕਰ ਲੈਂਦੇ ਹਨ, ਤਾਂ ਅਸੀਂ ਵੀ ਕਰ ਲਵਾਂਗੇ, ਇਸ ਕਰਕੇ ਗੁਰੂ ਜੀ 'ਹਿੰਦ ਦੀ ਚਾਦਰ ਬਣੇ' |
ਹੋਰ ਵਿਧਾਇਕਾਂ ਨੇ ਵੀ ਗੁਰੂ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
ਵਿਧਾਨ ਸਭਾ ਇਜਲਾਸ ਦੌਰਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਰਾਣਾ ਗੁਰਜੀਤ ਸਿੰਘ, ਜੰਗੀ ਲਾਲ, ਡਾ. ਨਛੱਤਰ ਪਾਲ, ਕੁਲਦੀਪ ਸਿੰਘ ਧਾਲੀਵਾਲ, ਇੰਦਰਜੀਤ ਕੌਰ ਮਾਨ ਅਤੇ ਡਾ. ਇੰਦਰਜੀਤ ਸਿੰਘ ਨਿੱਝਰ ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲਾਸਾਨੀ ਦੱਸਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਜ ਸਦਨ 'ਚ ਬੰਦੀ ਸਿੰਘਾਂ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮਿ੍ਤਪਾਲ ਸਿੰਘ ਦਾ ਮੁੱਦਾ ਵੀ ਚੁੱਕਿਆ |
ਸੰਧਵਾਂ ਵਲੋਂ ਧਰਮਿੰਦਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਸਿੱਧ ਦਿੱਗਜ ਅਦਾਕਾਰ ਧਰਮਿੰਦਰ ਦੇ ਦਿਹਾਂਤ 'ਤੇ ਦੁੱਖ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਦੇ ਹਰਮਨ ਪਿਆਰੇ ਅਦਾਕਾਰ ਸਨ | ਉਹ ਹਮੇਸ਼ਾ ਆਪਣੀ ਦਿਲਕਸ਼ ਅਦਾਕਾਰੀ ਸਦਕਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿਚ ਜਿਊਾਦੇ ਰਹਿਣਗੇ | ਸਪੀਕਰ ਸੰਧਵਾਂ ਨੇ ਕਿਹਾ ਕਿ ਮਹਾਨ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ | ਪ੍ਰਮਾਤਮਾ ਵਿੱਛੜੀ ਰੂਹ ਨੂੰ ਸ਼ਾਂਤੀ ਦੇਣ ਤੇ ਪਰਿਵਾਰ ਨੂੰ ਇਸ ਔਖੀ ਘੜੀ 'ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ |
ਪੰਜਾਬ ਸਰਕਾਰ ਨੇ ਅੰਮਿ੍ਤਸਰ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਦੇ ਅੰਦਰੂਨੀ ਸ਼ਹਿਰ ਪਵਿੱਤਰ ਐਲਾਨੇ
ਅਜੀਤ ਡੈਸਕ
25-11-2025