ਪੰਚਕੂਲਾ, 21 ਅਕਤੂਬਰ (ਕਪਿਲ)-ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖ਼ਤਰ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਪੰਚਕੂਲਾ ਦੇ ਐਮ. ਡੀ. ਸੀ. ਥਾਣੇ ਦੀ ਪੁਲਿਸ ਵਲੋਂ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਪੰਚਕੂਲਾ ਦੀ ਡੀ. ਸੀ. ਪੀ. ਸਿ੍ਸ਼ਟੀ ਗੁਪਤਾ ਨੇ ਦੱਸਿਆ ਕਿ ਮਲੇਰਕੋਟਲਾ ਦੇ ਰਹਿਣ ਵਾਲੇ ਸ਼ਮਸੁੱਦੀਨ ਚੌਧਰੀ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿਚ ਸਾਬਕਾ ਡੀ. ਜੀ. ਪੀ. ਦੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ, ਧੀ ਅਤੇ ਨੂੰ ਹ (ਮਿ੍ਤਕ ਦੀ ਪਤਨੀ) ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਅਕੀਲ ਅਖ਼ਤਰ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਵੀਡੀਓ, ਮੋਬਾਈਲ ਤੇ ਡਾਇਰੀ ਦੀ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਪੋਸਟਮਾਰਟਮ ਦੀ ਵਿਸਰਾ ਰਿਪੋਰਟ ਆ ਜਾਵੇਗੀ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ | ਉਨ੍ਹਾਂ ਦੱਸਿਆ ਕਿ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਖੇਤਰ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਸਮੇਤ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਡੀ. ਸੀ. ਪੀ. ਨੇ ਦੱਸਿਆ ਕਿ ਅਕੀਲ ਅਖ਼ਤਰ ਦੀ ਮੌਤ 16 ਅਕਤੂਬਰ ਨੂੰ ਹੋਈ ਸੀ | ਉਨ੍ਹਾਂ ਕਿਹਾ ਕਿ ਮਿ੍ਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਅਤੇ ਸ਼ਿਕਾਇਤ 'ਚ ਲਾਏ ਗਏ ਸਾਰੇ ਦੋਸ਼ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਹਨ | ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਸ਼ਮਸੁੱਦੀਨ ਚੌਧਰੀ ਮਲੇਰਕੋਟਲਾ ਦੇ ਰਹਿਣ ਵਾਲੇ ਹਨ ਅਤੇ ਪਰਿਵਾਰ ਦੇ ਜਾਣਕਾਰ ਹਨ | ਉਨ੍ਹਾਂ ਦੇ ਦੋਸ਼ਾਂ ਦੇ ਆਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਆਈ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵੀਡੀਓ ਵਿਚ ਜਿਸ ਡਾਇਰੀ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦੀ ਭਾਲ ਕਰਕੇ ਉਸ ਨੂੰ ਸੀਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਲਈ ਐਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਹੋਵੇ ਤੇ ਸਾਇੰਟਿਫਿਕ ਸਬੂਤਾਂ ਦੇ ਆਧਾਰ 'ਤੇ ਨਤੀਜੇ ਨਿਕਲਣ |
ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ ਸੰਬੰਧੀ ਮੁਹੰਮਦ ਮੁਸਤਫਾ ਤੇ ਰਜ਼ੀਆ ਸੁਲਤਾਨਾ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
22-10-2025