28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹਾਂ ਬਾਰੇ ਹਾਈ ਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ

ਅਜੀਤ ਡੈਸਕ 31-08-2025
ਫਾਜ਼ਿਲਕਾ ਵਾਸੀ ਨੇ ਸੂਬਾ ਸਰਕਾਰ ਤੋਂ ਰਾਹਤ ਅਤੇ ਮੁਆਵਜ਼ੇ ਦੀ ਕੀਤੀ ਮੰਗ
ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਾਹਨਾ)- ਪੰਜਾਬ 'ਚ ਆਏ ਭਿਆਨਕ ਹੜ੍ਹਾਂ ਸੰਬੰਧੀ ਹਾਈ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ | ਫਾਜ਼ਿਲਕਾ ਦੇ ਵਸਨੀਕ ਸ਼ੁਭਮ ਵਲੋਂ ਦਾਇਰ ਪਟੀਸ਼ਨ ਵਿਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਾਜ ਸਰਕਾਰ ਅਤੇ ਸੰਬੰਧਤ ਏਜੰਸੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤੁਰੰਤ ਰਾਹਤ ਅਤੇ ਬਚਾਅ ਕਾਰਜ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮਰੀਜ਼ਾਂ ਨੂੰ ਭੋਜਨ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਜਾਨਵਰਾਂ ਦੀ ਸੁਰੱਖਿਆ ਲਈ ਹਰੇਕ ਪ੍ਰਭਾਵਿਤ ਖੇਤਰ ਵਿਚ ਤੁਰੰਤ ਵੈਟਰਨਰੀ ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇ, ਇਲਾਕਿਆਂ ਦਾ ਵਿਸ਼ੇਸ਼ ਸਰਵੇਖਣ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਫਸਲਾਂ, ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਲਈ ਤੁਰੰਤ ਮੁਆਵਜ਼ਾ ਦਿੱਤਾ ਜਾਵੇ | ਪਟੀਸ਼ਨ 'ਚ ਇਹ ਵੀ ਮੰਗ ਕੀਤੀ ਗਈ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ, ਬੀ.ਬੀ.ਐਮ.ਬੀ. ਅਤੇ ਮੌਸਮ ਵਿਭਾਗ ਮਿਲ ਕੇ ਇਕ ਐਮਰਜੈਂਸੀ ਯੋਜਨਾ ਤਿਆਰ ਕਰਨ ਅਤੇ ਡੈਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਆਦੇਸ਼ ਦਿੱਤਾ ਜਾਵੇ | ਹੜ੍ਹਾਂ ਕਾਰਨ ਮਹਾਂਮਾਰੀ ਫੈਲਣ ਦਾ ਖ਼ਤਰਾ ਹੈ, ਇਸ ਲਈ ਸਿਹਤ ਵਿਭਾਗ ਨੂੰ ਤੁਰੰਤ ਰੋਕਥਾਮ ਉਪਾਅ ਕਰਨੇ ਚਾਹੀਦੇ ਹਨ | ਸਭ ਤੋਂ ਮਹੱਤਵਪੂਰਨ ਮੰਗ ਇਹ ਹੈ ਕਿ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਇਕ ਨਿਗਰਾਨੀ ਕਮੇਟੀ ਬਣਾਈ ਜਾਵੇ | ਪਟੀਸ਼ਨ 'ਚ ਪੰਜਾਬ ਸਰਕਾਰ ਤੋਂ ਇਲਾਵਾ ਹਰਿਆਣਾ, ਕੇਂਦਰ ਸਰਕਾਰ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ, ਮੌਸਮ ਵਿਭਾਗ ਅਤੇ ਕੇਂਦਰੀ ਜਲ ਕਮਿਸ਼ਨ ਨੂੰ ਵੀ ਧਿਰ ਬਣਾਇਆ ਗਿਆ ਹੈ | ਇਸ ਪਟੀਸ਼ਨ 'ਤੇ ਸੋਮਵਾਰ ਨੂੰ ਚੀਫ਼ ਜਸਟਿਸ ਦੇ ਬੈਂਚ ਸਾਹਮਣੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਜਾਵੇਗੀ |

ਪਿਛਲੀ ਖ਼ਬਰ ਘੱਗਰ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡਾਂ ਦੀ ਫਸਲਾਂ ਪਾਣੀ 'ਚ ਡੁੱਬੀਆਂ ਅਗਲੀ ਖ਼ਬਰ ਜੰਮੂ-ਕਸ਼ਮੀਰ 'ਚ ਬੱਦਲ ਫਟਣ ਤੇ ਢਿਗਾਂ ਡਿਗਣ ਨਾਲ 11 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।