ਨਵੀਂ ਦਿੱਲੀ, 30 ਅਗਸਤ (ਉਪਮਾ ਡਾਗਾ ਪਾਰਥ)-ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 7.8 ਫ਼ੀਸਦੀ ਰਹੀ | ਅਮਰੀਕਾ ਵਲੋਂ ਲਾਏ ਭਾਰੀ ਟੈਰਿਫ਼ ਤੋਂ ਪਹਿਲਾਂ ਦੀਆਂ 5 ਤਿਮਾਹੀਆਂ 'ਚ ਇਹ ਸਭ ਤੋਂ ਵੱਧ ਹੈ | ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਮੁੱਖ ਤੌਰ 'ਤੇ ਖੇਤੀ ਖੇਤਰ ਦੇ ਚੰਗੇ ਪ੍ਰਦਰਸ਼ਨ ਕਾਰਨ ਜੀ.ਡੀ.ਪੀ. ਵਾਧਾ ਦਰ ਵਧੀ ਹੈ | ਰਾਸ਼ਟਰੀ ਦਫ਼ਤਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਖੇਤੀ ਦੇ ਖੇਤਰ 'ਚ 3.7 ਫ਼ੀਸਦੀ ਦੀ ਵਾਧਾ ਦਰ ਦਰਜ ਕੀਤੀ ਗਈ, ਜੋ 2024-25 ਦੀ ਅਪ੍ਰੈਲ-ਜੂਨ ਤਿਮਾਹੀ 'ਚ 1.5 ਫ਼ੀਸਦੀ ਸੀ | ਉਸਾਰੀ ਖੇਤਰ ਦੀ ਵਾਧਾ ਦਰ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ | ਇਹ ਦਰ ਪਿਛਲੇ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੀ 7.6 ਫ਼ੀਸਦੀ ਦੇ ਮੁਕਾਬਲੇ 7.7 ਫ਼ੀਸਦੀ ਰਹੀ | ਇਸ ਤੋਂ ਇਲਾਵਾ ਵਪਾਰ, ਆਵਾਜਾਈ ਅਤੇ ਸੰਚਾਰ ਸੇਵਾ ਦੀ ਵਿਕਾਸ ਦਰ 5.4 ਫ਼ੀਸਦੀ ਤੋਂ ਵੱਧ ਕੇ 8.6 ਫ਼ੀਸਦੀ ਦਰਜ ਕੀਤੀ ਗਈ, ਜਦਕਿ ਵਿੱਤੀ ਅਤੇ ਰੀਅਲ ਅਸਟੇਟ ਦੀ ਵਿਕਾਸ ਦਰ 6.6 ਫ਼ੀਸਦੀ ਤੋਂ ਵਧ ਕੇ 9.5 ਫ਼ੀਸਦੀ ਦਰਜ ਕੀਤੀ ਗਈ | ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਸਨਿਚਰਵਾਰ ਨੂੰ ਇਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਅਮਰੀਕੀ ਟੈਰਿਫ਼ ਦੇ ਬਾਵਜੂਦ ਭਾਰਤ ਦਾ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਨਿਰਯਾਤ ਹੋਏਗਾ |