ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ) - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਸ੍ਰੀਮਤੀ ਪੱਲਵੀ ਮਿਸ਼ਰਾ ਵਲੋਂ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਐੱਮ./ਐੱਸ. ਡੀ.ਵਾਈ. ਮੈਨੇਜਮੈਂਟ ਕੰਨਸਲਟੈਂਸੀ ਪ੍ਰਾਈਵੇਟ ਲਿਮਟਿਡ, (M/S DY Management Consultancy Pvt. Ltd.) ਐੱਸ.ਸੀ.ਓ. ਨੰਬਰ 110-111, 97 ਏਕੜ ਸਕੀਮ, ਰਣਜੀਤ ਐਵੇਨਿਊ, ਡੀ-ਬਲਾਕ, ਅੰਮ੍ਰਿਤਸਰ ਅਤੇ ਪ੍ਰਭਵੀਜ਼ਾ ਡਾਟ ਕਾਮ, (Prabvisa.com) ਐੱਸ.ਸੀ.ਓ. ਨੰਬਰ 122, ਪਹਿਲੀ ਮੰਜ਼ਿਲ, ਬੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਸ਼ਾਮਿਲ ਹਨ।
ਜਾਰੀ ਹੁਕਮਾਂ ਅਨੁਸਾਰ, ਐੱਮ./ਐੱਸ. ਡੀ.ਵਾਈ. ਮੈਨੇਜਮੈਂਟ ਕੰਨਸਲਟੈਂਸੀ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਨੰਬਰ ਐੱਮ.ਏ./ਐੱਲ.ਐੱਫ਼.ਏ./(3)/874 ਮਿਤੀ 5 ਮਾਰਚ 2025 ਰੱਦ ਕਰਨ ਸੰਬੰਧੀ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪ੍ਰਭਵੀਜ਼ਾ ਡਾਟ ਕਾਮ ਦਾ ਲਾਇਸੈਂਸ ਨੰਬਰ ਡੀ.ਐੱਮ.-ਏ.ਐੱਸ.ਆਰ./ਐੱਮ.ਏ.-/-1(6)/466 ਮਿਤੀ 4 ਮਾਰਚ 2021 ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੋਵਾਂ ਮਾਮਲਿਆਂ ਵਿਚ ਜਾਰੀ ਹੁਕਮਾਂ ਅਨੁਸਾਰ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਅਤੇ ਨਿਯਮਾਂ ਅਨੁਸਾਰ ਅਗਲੇ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਿਦੇਸ਼ ਜਾਣ, ਵਰਕ ਪਰਮਿਟ ਜਾਂ ਹੋਰ ਇਮੀਗ੍ਰੇਸ਼ਨ ਸੇਵਾਵਾਂ ਲੈਣ ਤੋਂ ਪਹਿਲਾਂ ਸੰਬੰਧਿਤ ਏਜੰਟ ਜਾਂ ਕੰਸਲਟੈਂਸੀ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਜ਼ਰੂਰ ਕਰਨ। ਇਸ ਤੋਂ ਇਲਾਵਾ, ਆਪਣੇ ਪਾਸਪੋਰਟ, ਹੋਰ ਜ਼ਰੂਰੀ ਦਸਤਾਵੇਜ਼ ਅਤੇ ਪੈਸਿਆਂ ਦਾ ਲੈਣ-ਦੇਣ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।