21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਇੰਗਲੈਂਡ - ਗੁਰਦੁਆਰਾ ਗੁਰੂ ਨਾਨਕ ਸਾਹਿਬ ਸਮੈਥਿਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਸ਼ਾਲ ਪੰਥਕ ਇਕੱਠ

ਤਰਨਤਾਰਨ, 21 ਸਤੰਬਰ — ਇੰਗਲੈਂਡ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਮੈਥਿਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਚਮਕੌਰ ਸਿੰਘ ਧੁੰਨ...

ਅਜੀਤ ਡੈਸਕ 21-09-2026

ਤਰਨਤਾਰਨ, 21 ਸਤੰਬਰ — ਇੰਗਲੈਂਡ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਮੈਥਿਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਚਮਕੌਰ ਸਿੰਘ ਧੁੰਨ ਦੀ ਅਗਵਾਈ ਵਿਚ ਵਿਸ਼ਾਲ ਪੰਥਕ ਇਕੱਠ ਕਰਵਾਇਆ ਗਿਆ। ਇਸ ਇਕੱਠ ਵਿਚ ਵੱਡੀ ਗਿਣਤੀ ਵਿਚ ਸੰਗਤ, ਨੌਜਵਾਨਾਂ ਅਤੇ ਐਨ.ਆਰ.ਆਈਜ਼. ਨੇ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤ, ਪੰਜਾਬ ਦੀ ਨੌਜਵਾਨੀ ਦੇ ਭਵਿੱਖ ਅਤੇ ਪੰਜਾਬ ਦੇ ਹੱਕਾਂ ਨਾਲ ਜੁੜੇ ਅਹਿਮ ਮਸਲਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਆਪਣੇ ਵਤਨ ਪੰਜਾਬ ਨਾਲ ਰਿਸ਼ਤਾ ਸਿਰਫ਼ ਜ਼ਮੀਨ ਜਾਂ ਪਰਿਵਾਰਾਂ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੀ ਭਾਸ਼ਾ, ਸੱਭਿਆਚਾਰ, ਪਾਣੀਆਂ, ਨੌਜਵਾਨੀ ਅਤੇ ਪੰਥਕ ਮਸਲਿਆਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਲਈ ਰੁਜ਼ਗਾਰ, ਨਸ਼ਿਆਂ ਤੋਂ ਮੁਕਤੀ, ਸਿੱਖਿਆ, ਉਦਯੋਗ ਅਤੇ ਆਪਣੇ ਸੂਬੇ ਵਿਚ ਸਨਮਾਨਜਨਕ ਭਵਿੱਖ ਸਭ ਤੋਂ ਵੱਡੇ ਮੁੱਦੇ ਹਨ। ਇਕੱਠ ਦੌਰਾਨ ਐਨ.ਆਰ.ਆਈਜ਼. ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ 2027 ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਲਿਆਉਣ ਲਈ ਪਾਰਟੀ ਦੀ ਮੁਹਿੰਮ ਨਾਲ ਡਟ ਕੇ ਖੜ੍ਹਨ ਦਾ ਪ੍ਰਗਟਾਵਾ ਕੀਤਾ। ਪਾਰਟੀ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਗੱਲ ਪਹਿਲਾਂ ਵੀ ਜਨਤਕ ਤੌਰ 'ਤੇ ਸਾਹਮਣੇ ਆ ਚੁੱਕੀ ਹੈ। ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੇ ਵਤਨ ਦੀ ਤਰੱਕੀ ਅਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਅਤੇ ਉਹ ਪੰਜਾਬ ਵਿੱਚ ਅਜਿਹੀ ਸਿਆਸੀ ਵਿਵਸਥਾ ਦੀ ਗੱਲ ਕਰ ਰਹੇ ਹਨ ਜਿਸ ਵਿਚ ਪੰਜਾਬ ਦੇ ਹਿੱਤ, ਪੰਜਾਬ ਦੀ ਆਵਾਜ਼ ਅਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਕੇਂਦਰ ਵਿਚ ਹੋਣ।
ਭਾਈ ਚਮਕੌਰ ਸਿੰਘ ਧੁੰਨ ਨੇ ਇਕੱਠ ਵਿਚ ਸ਼ਾਮਿਲ ਹੋਈ ਸਮੁੱਚੀ ਸੰਗਤ ਅਤੇ ਐਨ.ਆਰ.ਆਈਜ਼. ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਲੋਂ ਪੰਜਾਬ ਦੇ ਮਸਲਿਆਂ ਪ੍ਰਤੀ ਦਿਖਾਈ ਜਾ ਰਹੀ ਜਾਗਰੂਕਤਾ ਇਹ ਦਰਸਾਉਂਦੀ ਹੈ ਕਿ ਪੰਜਾਬ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਜਿੰਮੇਵਾਰੀ ਅੱਜ ਵੀ ਪਹਿਲਾਂ ਵਾਂਗ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਗਤੀਵਿਧੀਆਂ ਨੂੰ ਵਿਦੇਸ਼ਾਂ ਵਿਚ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਮੁੱਚੀ ਸੰਗਤ ਨੇ ਪੰਜਾਬ ਦੀ ਚੜ੍ਹਦੀ ਕਲਾ, ਨੌਜਵਾਨੀ ਦੇ ਸੁਨਹਿਰੇ ਭਵਿੱਖ ਅਤੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।

ਪਿਛਲੀ ਖ਼ਬਰ ਬਿਨਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਾ ਦੇਣ ਦੇ ਹੁਕਮ ਅਗਲੀ ਖ਼ਬਰ ਤਿੰਨ ਕਾਰਾਂ ਦੀ ਆਪਸੀ ਟੱਕਰ ਵਿਚ ਚਾਰ ਗੰਭੀਰ ਜ਼ਖਮੀ