10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

2035 ਤੱਕ ਪੁਲਾੜ ਸਟੇਸ਼ਨ, 2040 ਤੱਕ ਚੰਦਰਮਾ 'ਤੇ ਭਾਰਤੀ ਪੁਲਾੜ ਯਾਤਰੀ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੰਤਰਰਾਸ਼ਟਰੀ...

ਅਜੀਤ ਡੈਸਕ 10-09-2026

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਕਾਨੂੰਨ 'ਤੇ ਆਧਾਰਿਤ ਸੁਰੱਖਿਅਤ, ਸ਼ਾਂਤੀਪੂਰਨ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਪੈਰਿਸ ਵਿਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਾੜ ਦੀਆਂ ਸੰਭਾਵਨਾਵਾਂ ਅਸੀਮਤ ਹਨ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਦੁਨੀਆ ਦੀ ਜ਼ਿੰਮੇਵਾਰੀ ਵੀ ਸਾਂਝੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨਕ ਅੰਕੜਿਆਂ ਅਤੇ ਪੁਲਾੜ ਤਕਨਾਲੋਜੀ ਦੀ ਵਰਤੋਂ ਇਮਾਨਦਾਰੀ ਨਾਲ ਮਨੁੱਖਤਾ ਦੇ ਸਾਂਝੇ ਟੀਚਿਆਂ ਦੀ ਪੂਰਤੀ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ 'ਵਸੁਧੈਵ ਕੁਟੁੰਬਕਮ'—'ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ'—ਦੀ ਭਾਵਨਾ 'ਤੇ ਆਧਾਰਿਤ ਹੈ ਅਤੇ ਇਹ ਸੋਚ ਧਰਤੀ ਤੋਂ ਅੱਗੇ ਪੁਲਾੜ ਤੱਕ ਵੀ ਪਹੁੰਚਣੀ ਚਾਹੀਦੀ ਹੈ।

ਮੋਦੀ ਨੇ ਕਿਹਾ ਕਿ ਸਦੀਆਂ ਤੋਂ ਪੁਲਾੜ ਮਨੁੱਖੀ ਕਲਪਨਾ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ, ਪਰ ਅੱਜ ਪੁਲਾੜ ਤਕਨਾਲੋਜੀ ਧਰਤੀ 'ਤੇ ਜੀਵਨ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਤਕਨਾਲੋਜੀਆਂ ਕਿਸਾਨਾਂ, ਮਛੇਰਿਆਂ, ਮੌਸਮ ਪੂਰਵ ਅਨੁਮਾਨ, ਆਫ਼ਤ ਪ੍ਰਬੰਧਨ ਅਤੇ ਨੇਵੀਗੇਸ਼ਨ ਸਮੇਤ ਕਈ ਖੇਤਰਾਂ ਵਿਚ ਲਾਭਦਾਇਕ ਸਾਬਤ ਹੋ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟ ਲਾਗਤ 'ਤੇ ਪ੍ਰਭਾਵਸ਼ਾਲੀ ਅਤੇ ਭਰੋਸੇਯੋਗ ਮਿਸ਼ਨ ਪੂਰੇ ਕਰਨ ਕਾਰਨ ਇਸਰੋ ਨੇ ਵਿਸ਼ਵ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਮੁਤਾਬਕ ਹੁਣ ਤੱਕ 34 ਦੇਸ਼ਾਂ ਦੇ 430 ਤੋਂ ਵੱਧ ਉਪਗ੍ਰਹਿ ਭਾਰਤੀ ਲਾਂਚ ਵਾਹਨਾਂ ਰਾਹੀਂ ਪੁਲਾੜ ਵਿਚ ਭੇਜੇ ਜਾ ਚੁੱਕੇ ਹਨ, ਜੋ ਭਾਰਤ ਦੀ ਪੁਲਾੜ ਸਮਰੱਥਾ 'ਤੇ ਵਧਦੇ ਅੰਤਰਰਾਸ਼ਟਰੀ ਭਰੋਸੇ ਨੂੰ ਦਰਸਾਉਂਦਾ ਹੈ।

ਮੋਦੀ ਨੇ ਚੰਦਰਯਾਨ-3 ਅਤੇ ਆਦਿਤਿਆ-ਐਲ1 ਵਰਗੇ ਮਿਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਫਲ ਸਾਫਟ ਲੈਂਡਿੰਗ ਕਰਕੇ ਇਤਿਹਾਸ ਰਚਿਆ। ਉਨ੍ਹਾਂ ਕਿਹਾ ਕਿ ਆਦਿਤਿਆ-ਐਲ1 ਸੂਰਜ ਦੇ ਅਧਿਐਨ ਰਾਹੀਂ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਉਪਲਬਧੀਆਂ ਨੇ ਭਾਰਤ ਨੂੰ ਵਿਸ਼ਵ ਪੁਲਾੜ ਭਾਈਚਾਰੇ ਵਿੱਚ ਇੱਕ ਮਹੱਤਵਪੂਰਨ ਸਥਾਨ ਦਿਵਾਇਆ ਹੈ।

ਭਵਿੱਖ ਦੀਆਂ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਟੀਚਾ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਅਤੇ 2040 ਤੱਕ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ 'ਤੇ ਭੇਜਣਾ ਹੈ। ਉਨ੍ਹਾਂ ਕਿਹਾ ਕਿ ਇਹ ਟੀਚੇ ਸਿਰਫ਼ ਭਾਰਤ ਦੀਆਂ ਉਪਲਬਧੀਆਂ ਤੱਕ ਸੀਮਿਤ ਨਹੀਂ ਹਨ, ਸਗੋਂ ਵਿਸ਼ਵਵਿਆਪੀ ਭਾਈਵਾਲੀ ਅਤੇ ਵਿਗਿਆਨਕ ਸਹਿਯੋਗ ਰਾਹੀਂ ਮਨੁੱਖਤਾ ਦੀ ਸਾਂਝੀ ਤਰੱਕੀ ਨਾਲ ਜੁੜੇ ਹੋਏ ਹਨ।

ਪਿਛਲੀ ਖ਼ਬਰ ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਵਿਰਕ ਨੇ ਕੈਨੇਡਾ ਚ ਗੱਡੇ ਸਫ਼ਲਤਾ ਦੇ ਝੰਡੇ, ਕੈਨੇਡਾ ਪੁਲਿਸ ਵਿਚ ਬਣਿਆ ਅ... ਅਗਲੀ ਖ਼ਬਰ ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ