17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਖਨੌਰੀ ਬਾਰਡਰ ਤੋਂ ਲੁੱਟਿਆ ਸਮਾਨ ਵਾਪਸ ਕਰਵਾਉਣ ਸੰਬੰਧੀ ਬੀਕੇਯੂ ਆਜ਼ਾਦ ਵਲੋਂ ਮੀਟਿੰਗ

ਕੌਹਰੀਆਂ (ਸੰਗਰੂਰ), 17 ਅਗਸਤ (ਸੁਨੀਲ ਕੁਮਾਰ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ ਬਲਾਕ ਦਿੜ੍ਹਬਾ, ਲਹਿਰਾਂ ਤੇ ਬਲਾਕ ਮੂਨਕ ਦੀ ਸਾਂਝੀ ਮੀਟਿੰਗ ਪਿੰਡ ਹਰੀਗੜ੍ਹ ਵਿਚ ਕੀਤੀ ਗਈ । ਮੀਟਿੰਗ ਵਿਚ...

ਅਜੀਤ ਡੈਸਕ 17-08-2026

ਕੌਹਰੀਆਂ (ਸੰਗਰੂਰ), 17 ਅਗਸਤ (ਸੁਨੀਲ ਕੁਮਾਰ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ ਬਲਾਕ ਦਿੜ੍ਹਬਾ, ਲਹਿਰਾਂ ਤੇ ਬਲਾਕ ਮੂਨਕ ਦੀ ਸਾਂਝੀ ਮੀਟਿੰਗ ਪਿੰਡ ਹਰੀਗੜ੍ਹ ਵਿਚ ਕੀਤੀ ਗਈ । ਮੀਟਿੰਗ ਵਿਚ ਪਿੰਡ ਇਕਾਈਆਂ ਦੇ ਆਗੂਆਂ ਤੋਂ ਇਲਾਵਾਂ ਬਲਾਕ ਆਗੂਆਂ ਨੇ ਸ਼ਮੂਲੀਅਤ ਕੀਤੀ । ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ 25 ਅਗਸਤ ਨੂੰ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ । ਇਨ੍ਹਾਂ ਪੋਸਟਰਾਂ 'ਤੇ ਲੋਗੋ ਹੋਵੇਗਾ ਕਿ “ਟਰਾਲੀ ਚੋਰੋ, ਸੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ” ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲਗਾਈ ਗਈ ਹੈ । ਕਿਉਂਕਿ ਸੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਹੋਏ ਸਨ । ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ਵਿਚੋਂ ਟਰਾਲੀਆਂ ਤੋਂ ਇਲਾਵਾਂ ਲੋੜੀਂਦਾ ਸਾਰਾ ਸਾਮਾਨ ਲੁੱਟਿਆ ਸੀ ।ਇਕੱਲੇ ਸੰਭੂ ਤੋਂ 3 ਕਰੋੜ 77 ਲੱਖ 948 ਰੁਪਏ ਦਾ ਸਮਾਨ ਲੁੱਟਿਆ ਗਿਆ ਸੀ, ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ । ਇਸ ਦੇ ਰੋਸ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਅੰਦਰ ਲਗਾਏ ਜਾਣਗੇ । ਇਸ ਤੋਂ ਇਲਾਵਾਂ 31 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਨਾਲ ਸੰਬੰਧਿਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾਣਗੇ । ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਜੇਕਰ ਸਰਕਾਰ ਨੇ ਸੰਭੂ ਖਨੌਰੀ ਮੋਰਚੇ ਦੀ ਭਰਪਾਈ ਨਾਂ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਤੇ ਸੁਖਦੇਵ ਸ਼ਰਮਾਂ ਭੁਟਾਲ ਖ਼ੁਰਦ ਨੇ ਕਿਹਾ ਕਿ 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦਾ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਵਿਚ ਮਨਾਇਆ ਜਾਵੇਗਾ ।

ਪਿਛਲੀ ਖ਼ਬਰ ਸ਼ਰਾਰਤੀ ਨੇ ਪੁੱਟੇ ਸਤਲੁਜ ਰਾਹੋ ਪੁਲ 'ਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਇਆ ਗਾਡਰ ਅਗਲੀ ਖ਼ਬਰ 65 ਸਾਲਾ ਵਿਅਕਤੀ ਨੇ ਲਾਇਸੈਂਸੀ ਹਥਿਆਰ ਨਾਲ ਕੀਤੀ ਖੁਦਕੁਸ਼ੀ