14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹਾਕੀ ਵਿਸ਼ਵ ਕੱਪ ਅੱਜ ਤੋਂ, ਵੇਲਜ਼ ਵਿਰੁੱਧ ਅੱਜ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਭਾਰਤ

ਐਮਸਟਲਵੀਨ/ਜਲੰਧਰ , 14 ਅਗਸਤ (ਏਜੰਸੀ/ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ 15 ਅਗਸਤ ਤੋਂ ਬੈਲਜੀਅਮ ਤੇ ਨੀਦਰਲੈਂਡਜ਼ ਦੀ ਮੇਜ਼ਬਾਨੀ ਹੇਠ ਸ਼ੁਰੂ ਹੋ ਰਹੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ-2026 ਵਿਚ....

ਅਜੀਤ ਡੈਸਕ 14-08-2026

ਐਮਸਟਲਵੀਨ/ਜਲੰਧਰ , 14 ਅਗਸਤ (ਏਜੰਸੀ / ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ 15 ਅਗਸਤ ਤੋਂ ਬੈਲਜੀਅਮ ਤੇ ਨੀਦਰਲੈਂਡਜ਼ ਦੀ ਮੇਜ਼ਬਾਨੀ ਹੇਠ ਸ਼ੁਰੂ ਹੋ ਰਹੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ-2026 ਵਿਚ 51 ਸਾਲ ਪੁਰਾਣੇ ਸੁਨਹਿਰੀ ਇਤਿਹਾਸ ਨੂੰ ਦੁਹਰਾਉਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। 1975 ਵਿਚ ਅਜੀਤਪਾਲ ਸਿੰਘ ਦੀ ਅਗਵਾਈ ਵਿਚ ਭਾਰਤ ਨੇ ਕੁਆਲਾਲੰਪੁਰ ਵਿਖੇ ਆਪਣਾ ਇਕਲੌਤਾ ਵਿਸ਼ਵ ਕੱਪ ਖ਼ਿਤਾਬ ਜਿੱਤਿਆ ਸੀ। ਹੁਣ ਕਪਤਾਨ ਹਰਮਨਪ੍ਰੀਤ ਸਿੰਘ ਦੇ ਮੋਢਿਆਂ ’ਤੇ ਭਾਰਤੀ ਹਾਕੀ ਨੂੰ ਮੁੜ ਵਿਸ਼ਵ ਚੈਂਪੀਅਨ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਭਾਰਤੀ ਟੀਮ 15 ਅਗਸਤ ਨੂੰ ਵੇਲਜ਼ ਵਿਰੁੱਧ ਆਪਣੀ ਮੁਹਿੰਮ ਸ਼ੁਰੂ ਕਰੇਗੀ। ਦੋਵੇਂ ਟੀਮਾਂ ਵਿਚਾਲੇ ਇਹ ਮੁਕਾਬਲਾ ਨੀਦਰਲੈਂਡਜ਼ ਦੇ ਐਮਸਟਲਵੀਨ ਸਥਿਤ ਵੈਗਨਰ ਹਾਕੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਵਿਸ਼ਵ ਰੈਂਕਿੰਗ ’ਚ ਭਾਰਤ 8ਵੇਂ ਸਥਾਨ ’ਤੇ ਹੈ, ਜਦਕਿ ਵੇਲਜ਼ 15ਵੇਂ ਸਥਾਨ ’ਤੇ ਹੈ। ਹਾਲਾਂਕਿ ਭਾਰਤ ਨੂੰ ਕਾਗਜ਼ਾਂ ’ਤੇ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਟੀਮ ਵਿਰੋਧੀ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੇਗੀ। ਭਾਰਤ ਦੀਆਂ ਇਸ ਵੇਲੇ ਦੀਆਂ ਚੰਗੀਆਂ ਤਿਆਰੀਆਂ ਨੇ ਹਾਕੀ ਪ੍ਰੇਮੀਆਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਐੱਫ.ਆਈ.ਐੱਚ. ਪ੍ਰੋ ਲੀਗ ਦੇ ਆਖ਼ਰੀ ਦੌਰ ’ਚ ਭਾਰਤ ਨੇ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਤੇ ਓਲੰਪਿਕ ਚੈਂਪੀਅਨ ਨੀਦਰਲੈਂਡਜ਼ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੂੰ 2 ਵਾਰ ਮਾਤ ਦੇਣ ਤੇ ਇੰਗਲੈਂਡ ਨੂੰ ਸ਼ੂਟਆਊਟ ਵਿਚ ਹਰਾਉਣ ਨਾਲ ਟੀਮ ਦਾ ਮਨੋਬਲ ਹੋਰ ਉੱਚਾ ਹੋਇਆ ਹੈ। ਹੁਣ ਭਾਰਤ ਦਾ ਪੂਲ-ਡੀ ਵਿਚ ਸਖ਼ਤ ਮੁਕਾਬਲਾ ਇੰਗਲੈਂਡ, ਪਾਕਿਸਤਾਨ ਤੇ ਵੇਲਜ਼ ਨਾਲ ਰੱਖਿਆ ਗਿਆ ਹੈ। 17 ਅਗਸਤ ਨੂੰ ਇੰਗਲੈਂਡ ਤੇ 19 ਅਗਸਤ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ। 
ਹਰਮਨਪ੍ਰੀਤ ਦੀ ਕਪਤਾਨੀ ਸਭ ਤੋਂ ਵੱਡੀ ਉਮੀਦ
ਭਾਰਤੀ ਟੀਮ ਦੀਆਂ ਨਜ਼ਰਾਂ ਇਕ ਵਾਰ ਫਿਰ ਕਪਤਾਨ ਹਰਮਨਪ੍ਰੀਤ ਸਿੰਘ ’ਤੇ ਟਿਕੀਆਂ ਹੋਈਆਂ ਹਨ। ਉਹ ਸਿਰਫ਼ ਟੀਮ ਦੀ ਅਗਵਾਈ ਹੀ ਨਹੀਂ ਕਰਨਗੇ, ਸਗੋਂ ਪੈਨਲਟੀ ਕਾਰਨਰ ਅਤੇ ਡਰੈਗ-ਫਲਿਕ ਰਾਹੀਂ ਗੋਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਭਾਰਤ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ। ਹਰਮਨਪ੍ਰੀਤ ਦੀ ਅਗਵਾਈ ਵਿਚ ਭਾਰਤ ਨੇ ਇਸ ਵੇਲੇ ਦੇ ਸਾਲਾਂ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਹੁਣ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤ ਨੂੰ 1975 ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਚੈਂਪੀਅਨ ਬਣਾਉਣ ਦੀ ਹੈ। 1975 ਦੀ ਖ਼ਿਤਾਬੀ ਜਿੱਤ ਭਾਰਤੀ ਹਾਕੀ ਦੇ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ। ਉਸ ਤੋਂ ਬਾਅਦ ਕਈ ਮਹਾਨ ਖਿਡਾਰੀ ਆਏ, ਭਾਰਤ ਨੇ ਓਲੰਪਿਕ ਮੰਚ ’ਤੇ ਵੀ ਆਪਣੀ ਤਾਕਤ ਦਿਖਾਈ, ਪਰ ਵਿਸ਼ਵ ਕੱਪ ਦੀ ਟਰਾਫ਼ੀ ਮੁੜ ਭਾਰਤ ਦੀ ਝੋਲੀ ਨਹੀਂ ਪਈ। ਹੁਣ 2026 ਵਿਚ ਮੌਕਾ ਸਾਹਮਣੇ ਹੈ। 

ਪਿਛਲੀ ਖ਼ਬਰ 20 ਸਾਲਾ ਪੰਜਾਬਣ ਦੀ ਦਰਦਨਾਕ ਹਾਦਸੇ ’ਚ ਮੌਤ ਅਗਲੀ ਖ਼ਬਰ ਮਹਿਲਾ ਹੈਂਡ ਬੈਗ ਖੋਹਣ ਦੇ ਦੋਸ਼ 'ਚ ਦੋ ਖ਼ਿਲਾਫ਼ ਕੇਸ ਦਰਜ