14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

22 ਸਾਲ ਪੁਰਾਣਾ ਤਸ਼ੱਦਦ ਕਾਂਡ 'ਚ ਕੌਮੀ ਕਮਿਸ਼ਨ ਵਲੋਂ 21 ਲੋਕਾਂ ਦੇ ਬਿਆਨ ਦਰਜ

ਜਗਰਾਉਂ (ਲੁਧਿਆਣਾ), 14 ਅਗਸਤ (ਕੁਲਦੀਪ ਸਿੰਘ ਲੋਹਟ)- ਕਰੀਬ 22 ਸਾਲ ਪੁਰਾਣੇ ਕਥਿਤ ਤਸ਼ੱਦਦ...

ਅਜੀਤ ਡੈਸਕ 14-08-2026

ਜਗਰਾਉਂ (ਲੁਧਿਆਣਾ), 14 ਅਗਸਤ (ਕੁਲਦੀਪ ਸਿੰਘ ਲੋਹਟ)- ਕਰੀਬ 22 ਸਾਲ ਪੁਰਾਣੇ ਕਥਿਤ ਤਸ਼ੱਦਦ ਮਾਮਲੇ ਦੀ ਜਾਂਚ ਲਈ ਜਗਰਾਉਂ ਪੁੱਜੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਛੇ ਦਿਨਾਂ ਦੀ ਪੜਤਾਲ ਮਗਰੋਂ ਅੱਜ ਤੜਕਸਾਰ ਦਿੱਲੀ ਪਰਤ ਗਈ। ਜਾਂਚ ਦੌਰਾਨ ਕਮਿਸ਼ਨ ਦੇ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਸਮੇਤ 40 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਇਲਾਵਾ ਘਟਨਾ ਨਾਲ ਸਬੰਧਿਤ ਥਾਵਾਂ ਦਾ ਜਾਇਜ਼ਾ ਲਿਆ ਅਤੇ ਉਪਲੱਬਧ ਦਸਤਾਵੇਜ਼ਾਂ ਤੇ ਸਬੂਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਹ ਜਾਂਚ ਪੀੜਤ ਧਿਰ ਨਾਲ ਸਬੰਧਿਤ ਇਕਬਾਲ ਸਿੰਘ ਰਸੂਲਪੁਰ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।

ਕਮਿਸ਼ਨ ਦੀ ਟੀਮ ਨੇ 22 ਸਾਲ ਪਹਿਲਾਂ ਨਣਦ-ਭਰਜਾਈ ਨਾਲ ਕਥਿਤ ਤੌਰ ’ਤੇ ਹੋਏ ਤਸ਼ੱਦਦ ਦੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕੀਤੀ। ਇਸ ਦੌਰਾਨ ਮੁੱਦਈ ਧਿਰ ਨਾਲ ਸਬੰਧਿਤ ਕਰੀਬ 21 ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਗਏ, ਜਦਕਿ ਮਾਮਲੇ ਨਾਲ ਸਬੰਧਿਤ ਹੋਰ ਵਿਅਕਤੀਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ। ਜਾਂਚ ਟੀਮ ਪਿੰਡ ਸਵੱਦੀ-ਸ਼ੇਰਪੁਰ ਵਿਚਕਾਰ ਸਥਿਤ ਉਨ੍ਹਾਂ ਖੇਤਾਂ ਵਿਚ ਵੀ ਪੁੱਜੀ, ਜਿੱਥੇ ਪੀੜਤ ਧਿਰ ਅਨੁਸਾਰ ਕਥਿਤ ਘਟਨਾ ਵਾਪਰੀ ਸੀ। ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਘਟਨਾਕ੍ਰਮ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ।

ਕਮਿਸ਼ਨ ਦੇ ਅਧਿਕਾਰੀ ਥਾਣਾ ਸਿਟੀ ਜਗਰਾਉਂ ਦੇ ਬਾਹਰ ਪੀੜਤ ਪਰਿਵਾਰ ਵਲੋਂ ਲਾਏ ਜਾ ਰਹੇ ਧਰਨੇ ਵਾਲੀ ਥਾਂ ’ਤੇ ਵੀ ਗਏ। ਉਨ੍ਹਾਂ ਨੇ ਉਥੇ ਮੌਜੂਦ ਵੱਖ-ਵੱਖ ਇਨਸਾਫ਼ਪਸੰਦ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਯੂਨੀਵਰਸਲ ਹਿਊਮਨ ਰਾਇਟਸ ਆਰਗੇਨਾਈਜ਼ਿੰਗ ਦੇ ਪ੍ਰਧਾਨ ਸਤਨਾਮ ਸਿੰਘ ਲੁਧਿਆਣਾ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਤੇ ਬਲਦੇਵ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀ ਦੇ ਜਥੇਦਾਰ ਚੜ੍ਹਤ ਸਿੰਘ ਗਗੜਾ ਹਾਜ਼ਰ ਸਨ।

ਜਥੇਬੰਦੀਆਂ ਦੇ ਆਗੂਆਂ ਨੇ ਕਮਿਸ਼ਨ ਵਲੋਂ ਮੌਕੇ ’ਤੇ ਕੀਤੀ ਜਾਂਚ ਦਾ ਸਵਾਗਤ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਮੁੱਦਈ ਇਕਬਾਲ ਸਿੰਘ ਰਸੂਲਪੁਰ ਨੇ ਕਮਿਸ਼ਨ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਕਥਿਤ ਤੌਰ ’ਤੇ ਤਸ਼ੱਦਦ ਕਰਨ ਵਾਲੇ ਉਸ ਸਮੇਂ ਦੇ ਥਾਣਾ ਮੁਖੀ, ਏ.ਐੱਸ.ਆਈ. ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰ ਵਲੋਂ ਦੋਸ਼ ਲਾਇਆ ਜਾਂਦਾ ਹੈ ਕਿ ਉਸ ਸਮੇਂ ਦੇ ਥਾਣਾ ਮੁਖੀ ਅਤੇ ਏ.ਐੱਸ.ਆਈ. ਨੇ ਪਰਿਵਾਰ ਦੀ ਧੀ ਨੂੰ ਕਥਿਤ ਤੌਰ ’ਤੇ ਜਾਤੀ ਮੰਦਭਾਵਨਾ ਤਹਿਤ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਅਤੇ ਉਸ ਨਾਲ ਤਸ਼ੱਦਦ ਕੀਤਾ।

ਪਰਿਵਾਰ ਵਲੋਂ ਕਰੰਟ ਲਾਉਣ ਅਤੇ ਜਿਨਸੀ ਤਸ਼ੱਦਦ ਦੇ ਵੀ ਗੰਭੀਰ ਦੋਸ਼ ਲਾਏ ਗਏ ਹਨ। ਪੀੜਤ ਧਿਰ ਦਾ ਕਹਿਣਾ ਹੈ ਕਿ ਕਈ ਸ਼ਿਕਾਇਤਾਂ ਅਤੇ ਦਸਤਾਵੇਜ਼ੀ ਸਬੂਤ ਪੇਸ਼ ਕਰਨ ਦੇ ਬਾਵਜੂਦ ਹੁਣ ਤੱਕ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਹੋਈ। ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਵਲੋਂ ਪਿਛਲੇ ਚਾਰ ਸਾਲਾਂ ਤੋਂ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਮਗਰੋਂ ਪੀੜਤ ਪਰਿਵਾਰ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੇ ਆਧਾਰ ’ਤੇ ਕਮਿਸ਼ਨ ਦੀ ਟੀਮ ਨੇ ਜਗਰਾਉਂ ਪੁੱਜ ਕੇ ਮੌਕੇ ’ਤੇ ਜਾਂਚ ਕੀਤੀ। ਛੇ ਦਿਨਾਂ ਦੀ ਜਾਂਚ ਮਗਰੋਂ ਟੀਮ ਦੇ ਦਿੱਲੀ ਪਰਤ ਜਾਣ ਨਾਲ ਹੁਣ ਪੀੜਤ ਪਰਿਵਾਰ ਦੀ ਨਜ਼ਰ ਕਮਿਸ਼ਨ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ। ਜਾਂਚ ਦੌਰਾਨ ਦਰਜ ਕੀਤੇ ਬਿਆਨਾਂ ਅਤੇ ਇਕੱਠੇ ਕੀਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਕਮਿਸ਼ਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਇਸ 22 ਸਾਲ ਪੁਰਾਣੇ ਮਾਮਲੇ ਦੀ ਅਗਲੀ ਦਿਸ਼ਾ ਤੈਅ ਕਰੇਗੀ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਲੁਧਿਆਣਾ 'ਚ ਇਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਸਮਾਗਮ ਆਯੋਜਿਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਛੱਡਕੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ