ਕਪੂਰਥਲਾ, 2 ਨਵੰਬਰ (ਵਿ.ਪ੍ਰ.)-ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਗਜੀਤ ਸਿੰਘ ਸ਼ੰਮੀ ਨੇ ਇਕ ਬਿਆਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹਡ਼ੇ ਲੋਕ ਖਾਣ ਪੀਣ ਦੀਆਂ ਵਸਤਾਂ ਜਿਵੇਂ ਕਿ ਮਠਿਆਈ, ਪਨੀਰ ਦੁੱਧ ’ਚ ਮਿਲਾਵਟ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾਡ਼ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਦੁਕਾਨਦਾਰ ਮਹਿੰਗੀ ਮਠਿਆਈ ਗੱਤੇ ਦੇ ਡੱਬੇ ਦੇ ਨਾਲ ਤੋਲਦੇ ਹਨ, ਇਸ ਨਾਲ ਗਾਹਕਾਂ ਨੂੰ ਉਨ੍ਹਾਂ ਵਲੋਂ ਮੰਗੀ ਗਈ ਮਠਿਆਈ ਪੂਰੀ ਨਹੀਂ ਮਿਲਦੀ, ਕਿਉਂਕਿ ਦੁਕਾਨਦਾਰ ਗੱਤੇ ਦਾ ਭਾਰ ਵੀ ਉਸ ਵਿਚ ਸ਼ਾਮਲ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਸਿਹਤ ਵਿਭਾਗ ਦਾ ਫੂਡ ਸੇਫ਼ਟੀ ਵਿੰਗ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਦਾ ਸੈਂਪਲ ਭਰਦਾ ਹੈ, ਪਰ ਇਸ ਵਿੰਗ ਨੇ ਕਦੇ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜਿਹਡ਼ੇ ਸੈਂਪਲ ਭਰਦੇ ਹਨ ਉਸ ਦਾ ਸਿੱਟਾ ਕਿ ਨਿਕਲਦਾ ਹੈ। ਅਕਾਲੀ ਆਗੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਡ਼ੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।