ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਅਗਵਾਈ ’ਚ ਫਗਵਾੜਾ, ਕਰਤਾਰਪੁਰ ਤੇ ਢਿਲਵਾਂ ’ਚ ਕੀਤਾ ਜਾਵੇਗਾ ਨਗਰ ਕੀਰਤਨ ਦਾ ਸਵਾਗਤ
ਕਪੂਰਥਲਾ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਲੁਧਿਆਣਾ ਤੋਂ ਆਰੰਭ ਹੋਇਆ ਬੇਗਮਪੁਰਾ ਸੰਕਲਪ ਇਤਿਹਾਸਕ ਨਗਰ ਕੀਰਤਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇਗਾ ਦੇ 25 ਅਕਤੂਬਰ ਨੂੰ ਫਗਵਾੜਾ, ਕਰਤਾਰਪੁਰ ਤੇ ਢਿਲਵਾਂ ਟੋਲ ਪਲਾਜ਼ਾ ‘ਤੇ ਸਵਾਗਤ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਦੁਆਬਾ ਜ਼ੋਨ ਦੇ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੋਆਬਾ ਜ਼ੋਨ ਦੇ ਸਕੱਤਰ ਨਰਿੰਦਰ ਸਿੰਘ ਖੁਸਰੋਪੁਰ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਫਗਵਾੜਾ ਵਿਚ ਰਣਜੀਤ ਸਿੰਘ ਫਤਿਹ ਦੀ ਅਗਵਾਈ ਤੇ ਕਰਤਾਰਪੁਰ ਵਿਚ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਹਿੰਦਰ ਸਿੰਘ ਬਾਜਵਾ ਤੇ ਢਿਲਵਾਂ ਟੋਲ ਪਲਾਜ਼ਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਭੁਲੱਥ ਹਲਕੇ ਦੇ ਸੇਵਾਦਾਰ ਨਛੱਤਰ ਸਿੰਘ ਬਾਈ ਦੀ ਅਗਵਾਈ ਵਿਚ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰਨਗੀਆਂ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਤੇ ਭੁਲੱਥ ਦੇ ਸੇਵਾਦਾਰ ਨਛੱਤਰ ਸਿੰਘ ਬਾਈ ਦੀ ਟੀਮ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਮੀਟਿੰਗ ਵਿਚ ਅਕਾਲੀ ਦਲ ਦੇ ਦਫ਼ਤਰ ਦੇ ਮੀਤ ਸਕੱਤਰ ਮਨਪ੍ਰੀਤ ਸਿੰਘ, ਜੋਧਵੀਰ ਸਿੰਘ ਜੱਲੂਪੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਇਤਿਹਾਸਕ ਨਗਰ ਕੀਰਤਨ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |