ਸ਼ਹਿਰ ’ਚ ਸਟਰੀਟ ਲਾਈਟਾਂ ਸੁਚਾਰੂ ਚਲਾਉਣ ਲਈ ਟੈਂਡਰ ਕੀਤਾ ਅਲਾਟ
ਕਪੂਰਥਲਾ, 2 ਸਤੰਬਰ (ਸਡਾਨਾ)-ਲੋਕਾਂ ਨੂੰ ਸਟਰੀਟ ਲਾਈਟ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮਨੋਰਥ ਨੂੰ ਲੈ ਕੇ ਨਗਰ ਨਿਗਮ ਨੇ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਦੇਖ ਰੇਖ ਦਾ ਟੈਂਡਰ ਜਾਰੀ ਕਰ ਦਿੱਤਾ ਹੈ | ਟੈਂਡਰ ਪ੍ਰਕਿਰਿਆ ਨਿਗਮ ਵਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਪੂਰੀ ਕੀਤੀ ਗਈ ਸੀ | ਲੋੜੀਂਦੀ ਤਕਨੀਕੀ ਅਤੇ ਵਿੱਤੀ ਮੁਲਾਂਕਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਹ ਕੰਮ ਰਸਮੀ ਤੌਰ ‘ਤੇ ਅਲਾਟ ਕਰ ਦਿੱਤਾ ਗਿਆ ਹੈ | ਜਿਸ ਨਾਲ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਸਮੱਸਿਆ ਹੱਲ ਹੋ ਜਾਵੇਗੀ | ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਨੇ ਦੱਸਿਆ ਕਿ ਬਿਹਤਰ ਨਾਗਰਿਕ ਸੇਵਾਵਾਂ ਯਕੀਨੀ ਬਣਾਉਣ ਲਈ ਸਟਰੀਟ ਲਾਈਟਾਂ ਦੀ ਪ੍ਰਭਾਵਸ਼ਾਲੀ ਦੇਖਭਾਲ ਵੱਲ ਇਕ ਅਹਿਮ ਕਦਮ ਹੈ | ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਦੀ ਮੁਰੰਮਤ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ | ਉਨ੍ਹਾਂ ਅਧਿਕਾਰੀਆਂ ਤੇ ਫ਼ੀਲਡ ਸਟਾਫ਼ ਨੂੰ ਵੀ ਹਦਾਇਤਾਂ ਕੀਤੀਆਂ ਕਿ ਉਹ ਇਸ ਕੰਮ ਦੀ ਨਿਗਰਾਨੀ ਰੱਖਣ |