ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)- ‘ਆਖਰੀ ਉਮੀਦ ਐੱਨ.ਜੀ.ਓ.’ ਵਲੋਂ ਥਾਪਾ ਪਰਿਵਾਰ ਦੇ ਸਹਿਯੋਗ ਨਾਲ ਸਵਰਗਵਾਸੀ ਜੋਗਿੰਦਰ ਥਾਪਾ ਦੀ ਯਾਦ ਨੂੰ ਸਮਰਪਿਤ ਇਕ ਹੋਰ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਵਲੋਂ ਕੀਤਾ ਗਿਆ। ਇਸ ਮੌਕੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਐੱਨ.ਜੀ.ਓ. ਵਲੋਂ ਲੰਮੇਂ ਸਮੇਂ ਤੋਂ ਜ਼ਰੂਰਤਮੰਦ ਲੋਕਾਂ ਲਈ ਕੇਵਲ 11 ਰੁਪਏ ’ਚ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਲੜੀ ਤਹਿਤ ਥਾਪਾ ਪਰਿਵਾਰ ਦੇ ਸਹਿਯੋਗ ਨਾਲ ਇਹ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਜ਼ਰੀਏ ਜ਼ਰੂਰਤਮੰਦ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ’ਚ ਮਦਦ ਮਿਲੇਗੀ।