ਫਗਵਾੜਾ, 1 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 483ਵਾਂ ਦੰਦਾਂ ਅਤੇ ਜਬਾੜਿਆਂ ਦਾ ਮੁਫ਼ਤ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਆਪ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਹਲਕਾ ਇੰਚਾਰਜ ਫਗਵਾੜਾ ਸ਼ਾਮਲ ਹੋਏ ਜਦਕਿ ਮੇਅਰ ਰਾਮਪਾਲ ਉੱਪਲ, ਕੌਂਸਲਰ ਪਦਮ ਦੇਵ ਸੁਧੀਰ ਨੇ ਵੀ ਉਚੇਰੇ ਤੌਰ ਤੇ ਹਾਜ਼ਰੀ ਲਗਵਾਈ | ਮਹਿਮਾਨਾਂ ਦਾ ਸਵਾਗਤ ਸਾਬਕਾ ਰੋਟਰੀ ਗਵਰਨਰ ਸਤਪਾਲ ਸੇਠੀ ਵਲੋਂ ਕੀਤਾ ਗਿਆ | ਇਸ ਦੌਰਾਨ ਸੀ.ਐਮ.ਸੀ. ਲੁਧਿਆਣਾ ਤੋਂ ਪਹੁੰਚੀ ਅਤਿ ਆਧੁਨਿਕ ਸੇਵਾਵਾਂ ਦੇ ਨਾਲ ਲੈਸ ਡੈਂਟਲ ਹੈਲਥ ਕੇਅਰ ਬੱਸ ਦਾ ਪਹਿਲੀ ਵਾਰ ਬਲੱਡ ਬੈਂਕ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ | ਡਾ. ਰਾਜਕੁਮਾਰ ਚੱਬੇਵਾਲ ਵਲੋਂ ਰਸਮੀ ਉਦਘਾਟਨ ਉਪਰੰਤ ਡੈਂਟਲ ਕੇਅਰ ਬੱਸ ਵਿਚ ਸਵਾਰ ਸੀ.ਐਮ.ਸੀ. ਡੈਂਟਲ ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਨਿਰਮਲ ਕੁਰੀਅਨ, ਡੈਂਟਲ ਵਿਭਾਗ ਦੇ ਹੈੱਡ ਡਾ. ਵਿਵੇਕ ਗੁਪਤਾ ਅਤੇ ਕੈਂਪ ਦੇ ਇੰਚਾਰਜ ਡਾ. ਤਮਨਪ੍ਰੀਤ ਸਿੰਘ ਸਮੇਤ ਦੰਦਾਂ ਦੇ ਮਾਹਿਰ ਡਾ. ਭਾਵਿਕਾ ਦੀ ਅਗਵਾਈ ਹੇਠ 25 ਮੈਂਬਰੀ ਮੋਬਾਈਲ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਇਲਾਜ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜਿ੍ਹਆ | ਇਸ ਤੋਂ ਇਲਾਵਾ 10 ਤਿਆਰ ਜਬਾੜੇ ਲੋੜਵੰਦ ਬਜ਼ੁਰਗਾਂ ਨੂੰ ਵੰਡੇ ਗਏ ਅਤੇ 130 ਮਰੀਜ਼ਾਂ ਦੀ ਜਾਂਚ ਕਰਕੇ ਨਵੇਂ ਜਬਾ ੜੇ ਤਿਆਰ ਕਰਨ ਦੀ ਅਗਲੀ ਪ੍ਰਕ੍ਰਿਆ ਵੀ ਪੂਰੀ ਕੀਤੀ ਗਈ | ਇਸ ਮੌਕੇ ਹਰਬੰਸ ਲਾਲ, ਗੁਰਮੀਤ ਸਿੰਘ ਪਲਾਹੀ, ਗੁਲਸ਼ਨ ਕਪੂਰ, ਕ੍ਰਿਸ਼ਨ ਕੁਮਾਰ, ਗੁਲਾਬ ਸਿੰਘ ਠਾਕੁਰ, ਐਨ.ਐਸ. ਸੈਣੀ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰੂਪ ਲਾਲ ਰਮਨ ਮਹਿਰਾ, ਅਮਰਜੀਤ ਡਾਂਗ, ਤਾਰਾ ਚੰਦ ਚੁੰਬਰ ਆਦਿ ਹਾਜ਼ਰ ਸਨ |