ਸਿਵਲ ਹਸਪਤਾਲ ’ਚ ਚੋਰੀ, ਪਾਣੀ ਦੀ ਟੈਂਕੀ ਤੋਂ ਪਿੱਤਲ ਦਾ ਸਾਮਾਨ ਚੋਰੀ
ਫਗਵਾੜਾ, 26 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸਿਵਲ ਹਸਪਤਾਲ ‘ਚੋਂ ਚੋਰੀਆਂ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਾਣਕਾਰੀ ਅਨੁਸਾਰ ਹਸਪਤਾਲ ਦੀ ਛੱਤ ‘ਤੇ ਸਥਿਤ ਪਾਣੀ ਦੀ ਟੈਂਕੀ ਨਾਲ ਲੱਗਾ ਪਿੱਤਲ ਦਾ ਕਨੈਕਟਰ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਏ ਜਾਣ ਦੀ ਸੂਚਨਾ ਹੈ | ਕਨੈਕਟਰ ਚੋਰੀ ਹੋਣ ਕਾਰਨ ਟੈਂਕੀ ‘ਚੋਂ ਪਾਣੀ ਤੇਜ਼ੀ ਨਾਲ ਬਾਹਰ ਨਿਕਲ ਗਿਆ ਤੇ ਹਸਪਤਾਲ ਦੀ ਛੱਤ ਦਾ ਕਾਫ਼ੀ ਹਿੱਸਾ ਪਾਣੀ ਨਾਲ ਭਰ ਗਿਆ | ਇਸ ਕਾਰਨ ਹਸਪਤਾਲ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਨਾਲ ਮਰੀਜ਼ਾਂ, ਉਨ੍ਹਾਂ ਦੇ ਵਾਰਸਾਂ, ਡਾਕਟਰਾਂ, ਨਰਸਿੰਗ ਸਟਾਫ਼ ਤੇ ਹੋਰ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਹਸਪਤਾਲ ਦੀ ਰੋਜ਼ਾਨਾ ਕਾਰਗੁਜ਼ਾਰੀ ਅਤੇ ਸਫ਼ਾਈ ਪ੍ਰਬੰਧ ਵੀ ਪ੍ਰਭਾਵਿਤ ਹੋਏ | ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਕੰਪਲੈਕਸ ‘ਚੋਂ ਤਾਂਬੇ ਦੀਆਂ ਤਾਰਾਂ ਤੇ ਹੋਰ ਕੀਮਤੀ ਫਿਟਿੰਗਾਂ ਚੋਰੀ ਹੋਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ | ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਮਰਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਹਸਪਤਾਲ ਵਿਚ ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਚੋਰੀ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਇਸ ਸਬੰਧੀ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ |