27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਵੀ. ਬੀ. ਜੀ. ਰਾਮ. ਜੀ. ਸਕੀਮ ਰੱਦ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਫ਼ੈਸਲਾ

ਅਜੀਤ ਡੈਸਕ 01-07-2026
ਕਪੂਰਥਲਾ, 30 ਜੂਨ (ਅਮਰਜੀਤ ਕੋਮਲ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਸ਼ੇਖੂਪੁਰ ਵਿਚ ਮੋਰਚੇ ਦੇ ਕਨਵੀਨਰ ਰਜਿੰਦਰ ਸਿੰਘ ਰਾਣਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਵੀ.ਬੀ.ਜੀ.ਰਾਮ.ਜੀ. ਸਕੀਮ ਪਹਿਲੀ ਜੁਲਾਈ ਤੋਂ ਪੰਜਾਬ ਵਿਚ ਲਾਗੂ ਕੀਤੇ ਜਾਣ ਸਬੰਧੀ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ‘ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਵੀ.ਬੀ.ਜੀ.ਰਾਮ.ਜੀ. ਸਕੀਮ ਰੱਦ ਕਰਵਾਉਣ ਤੇ ਮਨਰੇਗਾ ਸਕੀਮ ਬਹਾਲ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ | ਇਸ ਸੰਘਰਸ਼ ਵਿਚ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਸ਼ਾਮਲ ਹੋਣ ਦਾ ਸੰਕਲਪ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਰਸ਼ਪਾਲ ਸਿੰਘ, ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਬੰਨੇਮੱਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਟਿੱਬਾ ਤੇ ਕਾਮਰੇਡ ਮੁਕੰਦ ਸਿੰਘ ਭੁਲਾਣਾ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਕਿਸਾਨ ਆਗੂ ਜਸਵਿੰਦਰ ਸਿੰਘ ਟਿੱਬਾ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਵੀ.ਬੀ.ਜੀ.ਰਾਮ.ਜੀ. ਸਕੀਮ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਵੀ.ਬੀ.ਜੀ. ਸਕੀਮ ਪੰਜਾਬ ਵਿਚ ਲਾਗੂ ਨਾ ਕਰਨ ਲਈ ਮਤਾ ਪਾਸ ਕੀਤਾ ਸੀ ਤੇ ਹੁਣ ਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਇਸ ਸਕੀਮ ਨੂੰ ਪੰਜਾਬ ਵਿਚ ਲਾਗੂ ਕੀਤਾ ਜਾ ਰਿਹਾ ਹੈ | ਬੁਲਾਰਿਆਂ ਨੇ ਕਿਹਾ ਕਿ ਭਾਜਪਾ ਨਾਲ ਸਬੰਧਿਤ ਰਾਜਾਂ, ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਵੀ ਨਵੇਂ ਢਾਂਚੇ ਤਹਿਤ ਮਜ਼ਦੂਰੀ ਦਾ ਬੋਝ ਚੁੱਕਣ ਤੋਂ ਇਨਕਾਰ ਕੀਤਾ ਹੈ, ਜਦਕਿ ਤੇਲੰਗਾਨਾ ਦੀ ਸਰਕਾਰ ਨੇ ਵੀ.ਬੀ.ਜੀ.ਰਾਮ.ਜੀ. ਸਕੀਮ ਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ | ਬੁਲਾਰਿਆਂ ਨੇ ਕਿਹਾ ਕਿ ਨਵੀਂ ਸਕੀਮ ਦੇ ਲਾਗੂ ਹੋਣ ਨਾਲ ਪੰਚਾਇਤਾਂ ਦੇ ਅਧਿਕਾਰ ਸੀਮਤ ਕਰਨ ਦੇ ਜੋ ਖ਼ਦਸ਼ੇ ਹਨ, ਉਹ ਪੇਂਡੂ ਰੁਜ਼ਗਾਰ ਨੂੰ ਰੋਲ ਕੇ ਰੱਖ ਦੇਣਗੇ, ਕਿਉਂਕਿ ਮਨਰੇਗਾ ਦਾ ਅਸਲ ਮਕਸਦ ਮੰਗ ਅਨੁਸਾਰ ਮਜ਼ਦੂਰਾਂ ਨੂੰ ਰੁਜ਼ਗਾਰ ਦੇਣਾ ਸੀ | ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਏਕਤਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਮਾਸਟਰ ਗੁਰਦੀਪ ਸਿੰਘ, ਜਸਵਿੰਦਰ ਸਿੰਘ ਮੰਗੂਪੁਰ, ਉੱਘੇ ਸ਼ਾਇਰ ਚੰਨ ਮੋਮੀ, ਕਮਲ ਭੁਲਾਣਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲੀ ਲੈਕਚਰਾਰਾਂ ਦੀ ਭਰਤੀ ‘ਚ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ-ਡਾ. ਹਰਜਿੰਦਰ ਸਿੰਘ ਜੱਖੂ ਅਗਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ’ਚ ਵਿਸ਼ਵ ਸੋਸ਼ਲ ਮੀਡੀਆ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।