ਜਲੰਧਰ, 7 ਮਈ (ਸ਼ਿਵ)- ਮੌਜੂਦਾ ਸਮੇਂ ਵਿਚ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੰਸ) ਤਕਨੀਕ ਹੁਣ ਕਈ ਵਿਭਾਗਾਂ ਅਤੇ ਅਦਾਰਿਆਂ ਦੀ ਲੋੜ ਬਣ ਚੁੱਕੀ ਹੈ ਤੇ ਇਸ ਤਕਨੀਕ ਨਾਲ ਕਈ ਅਹਿਮ ਕੰਮ ਸਿਰੇ ਚੜ੍ਹਾਏ ਜਾ ਰਹੇ ਹਨ | ਪਹਿਲੀ ਬਾਰ ਸਰਕਾਰ ਨੇ ਤਕਨੀਕ ਨਾਲ ਨਿਗਮਾਂ, ਕੌਂਸਲਾਂ ਵਿਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਪੀ. ਐਮ. ਆਈ. ਡੀ. ਸੀ. ਵਲੋਂ ਨਿਗਮਾਂ, ਕੌਂਸਲਾਂ ਤੇ ਹੋਰ ਅਦਾਰਿਆਂ ਵਿਚ ਏ. ਆਈ. ਤਕਨੀਕ ਨਾਲ ਸਮੱਸਿਆ ਹੱਲ ਕਰਨ ਦੀ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਦੇ ਤਹਿਤ ਜਲੰਧਰ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ 17 ਮੈਂਬਰਾਂ ਦੀ ਇਕ ਨਿਗਰਾਨੀ ਟੀਮ ਉਤਾਰੀ ਗਈ ਹੈ | ਇਨ੍ਹਾਂ ਦੀ ਨਿਗਰਾਨ 4 ਸੁਪਰਵਾਈਜ਼ਰਾਂ ਵਲੋਂ ਕੀਤੀ ਗਈ ਹੈ | ਪੀ. ਐਮ. ਆਈ. ਡੀ. ਸੀ. ਦੇ ਡੀ. ਜੀ. ਐਮ. ਚਰਨਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨਿਗਰਾਨੀ ਟੀਮ ਦੇ ਮੈਂਬਰਾਂ ਨੂੰ ਜਿਹੜੇ ਦੋਪਹੀਆ ਵਾਹਨ ਦਿੱਤੇ ਗਏ ਹਨ | ਉਨਾਂ ਵਿਚ ਏ. ਆਈ. ਤਕਨੀਕ ਨਾਲ ਲੈਸ ਕੈਮਰੇ ਸਮੇਤ ਹੋਰ ਉਪਕਰਨ ਲੱਗੇ ਹੋਏ ਹਨ | ਜਦੋਂ ਇਹ ਟੀਮ ਸ਼ਹਿਰ ਦੀਆਂ ਸੜਕਾਂ, ਗਲੀਆਂ ਵਿਚੋਂ ਨਿਕਲ਼ਨਗੀਆਂ ਤਾਂ ਰਸਤੇ ਵਿਚ ਜੇਕਰ ਕੋਈ ਕੂੜੇ ਦਾ ਢੇਰ ਜਾਂ ਸੀਵਰੇਜ ਦਾ ਪਾਣੀ ਖੜ੍ਹਾ ਨਜ਼ਰ ਆਉਂਦਾ ਹੈ ਤਾਂ ਇਹ ਉਸ ਦੀ ਤਸਵੀਰ ਲੈ ਕੇ ਆਪੇ ਹੀ ਇਸ ਦੀ ਵੀਡੀਓ ਬਣਾਉਣਗੀਆਂ | ਇਹ ਵੀਡੀਓ ਆਟੋਮੈਟਿਕ ਤਰੀਕੇ ਨਾਲ ਸਬੰਧਿਤ ਨਿਗਮ, ਕੌਂਸਲ ਜਾਂ ਸਥਾਨਕ ਸਰਕਾਰਾਂ ਵਿਭਾਗ ਦੇ ਦਫਤਰ ਵਿਚ ਪੁੱਜ ਜਾਵੇਗਾ ਜਿਸ ਤੋਂ ਬਾਅਦ ਸਮੱਸਿਆ 'ਤੇ ਕਾਰਵਾਈ ਕਰਨ ਦਾ ਕੰਮ ਸ਼ੁਰੂ ਹੋ ਜਾਵੇਗੀ | ਚਰਨਬੀਰ ਸਿੰਘ ਦਾ ਕਹਿਣਾ ਸੀ ਕਿ ਸਮੱਸਿਆਵਾਂ ਹੱਲ ਕਰਵਾਉਣ ਲਈ ਇਹ ਤਕਨੀਕ ਕਾਫੀ ਕਾਰਗਰ ਸਾਬਤ ਹੋਣ ਵਾਲੀ ਹੈ | ਨਿਗਰਾਨੀ ਟੀਮ ਕੋਲ ਇਸ ਵੇਲੇ 200 ਤੋਂ ਜ਼ਿਆਦਾ ਸ਼ਿਕਾਇਤਾਂ ਆਈਆਂ ਹਨ, ਜਿਨਾਂ ਨੂੰ ਹੱਲ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ |