ਸੁਲਤਾਨਪੁਰ ਲੋਧੀ, 30 ਮਾਰਚ (ਨਰੇਸ਼ ਹੈਪੀ)-ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿਥੇ ਸ਼ਹਿਰ ਅੰਦਰ ਸੜਕਾਂ ਦੀ ਹਾਲਤ ਮਾੜੀ ਹੈ, ਉਥੇ ਹੀ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਸੁਲਤਾਨਪੁਰ ਰੂਰਲ 'ਚੋਂ ਦੀ ਲੰਘ ਰਹੇ ਬਾਈਪਾਸ ਸੀਵਰੇਜ ਦੇ ਬੰਦ ਹੋਣ ਕਰਕੇ ਲੱਖਾਂ ਰੁਪਈਏ ਲਗਾ ਕੇ ਬਣੀ ਸੜਕ ਟੁੱਟਣ ਦੇ ਕਿਨਾਰੇ ਪਹੁੰਚ ਚੁੱਕੀ ਹੋਈ ਹੈ, ਪਰ ਲੋਕ ਨਿਰਮਾਣ ਵਿਭਾਗ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ | ਇਹ ਮਾਮਲਾ ਪਿਛਲੇ ਸਮੇਂ ਵੀ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਦੇ ਧਿਆਨ 'ਚ ਲਿਆਂਦਾ ਗਿਆ ਸੀ, ਪਰ ਅਫ਼ਸੋਸ ਕਿ ਪ੍ਰਸ਼ਾਸਨ ਕੁੰਭ ਕਰਨੀ ਦੀ ਨੀਂਦ ਸੁੱਤਾ ਹੋਇਆ ਹੈ | ਉਸ ਵੇਲੇ ਕੁਝ ਥੋੜੀ ਹੀ ਸੜਕ ਟੁੱਟੀ ਸੀ ਪਰ ਹੁਣ ਪੂਰੀ ਸੜਕ ਟੁੱਟਣ ਜਾ ਰਹੀ ਹੈ | ਸ਼ਤਾਬਦੀ ਸਮਾਗਮਾਂ ਦੌਰਾਨ ਬਣੀ ਸੜਕ ਦੀ ਦੁਰਦਸ਼ਾ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ | ਪੰਜਾਬ ਸਰਕਾਰ ਜੋ ਵਿਕਾਸ ਦੇ ਦਾਅਵੇ ਕਰ ਰਹੀ ਹੈ, ਉਹ ਸਾਰੇ ਹੀ ਠੁੱਸ ਨਜ਼ਰ ਆ ਰਹੇ ਹਨ | ਇਸ ਮੌਕੇ ਇਹ ਕਹਾਵਤ ਢੁਕਦੀ ਹੈ ਕਿ ਸਰਕਾਰਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ | ਇਹ ਹਾਲਾਤ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੇ ਹਨ ਉਥੇ ਹੀ ਦੂਰ ਦੂਰ ਤੋਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਵਾਲੀਆਂ ਸੰਗਤਾਂ ਦੇ ਗੰਦਗੀ ਦੇ ਲੱਗੇ ਢੇਰਾਂ ਤੇ ਸੜਕਾਂ 'ਤੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਵੇਖ ਕੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ | ਰੇਲਵੇ ਸਟੇਸ਼ਨ ਨੇੜੇ ਹੋਣ ਕਰਕੇ ਰੋਜ਼ਾਨਾ ਵੱਡੀ ਤਾਦਾਦ 'ਚ ਸੰਗਤ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਤੇ ਸਕੂਲ ਆਉਣ ਵਾਲੇ ਬੱਚਿਆਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਦਿਨਾਂ ਤੋਂ ਸੀਵਰੇਜ ਬੰਦ ਦੀ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਜਥੇ. ਮਹਿੰਦਰ ਸਿੰਘ ਆਹਲੀ ਸਾਬਕਾ ਸਕੱਤਰ ਐਸ. ਜੀ. ਪੀ. ਸੀ. ਨੇ ਕਿਹਾ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ 'ਚ ਸਾਫ਼ ਸਫ਼ਾਈ ਦੀ ਬਹੁਤ ਹੀ ਮਾੜੀ ਮਾੜੀ ਹਾਲਤ ਹੈ | ਜਗਪਾਲ ਸਿੰਘ ਚੀਮਾ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਦ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਕੇ ਸੜਕ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ | ਇਸ ਸੰਬੰਧ 'ਚ ਕਿਸਾਨ ਨੇਤਾ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਪਾਵਨ ਨਗਰੀ ਵਿਚ ਅਕਸਰ ਪੀਣ ਯੋਗ ਪਾਣੀ ਦੀ ਸਮੱਸਿਆ ਤੇ ਸੀਵਰੇਜ ਜਾਮ ਵੇਖਣ ਨੂੰ ਮਿਲਦਾ ਹੈ, ਜਿਸ ਵੱਲ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ | ਜਥੇ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਐਸ. ਜੀ. ਪੀ. ਸੀ. ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਜਦੋਂ ਡੱਲਾ ਸਾਹਿਬ ਤੋਂ ਦਰਸ਼ਨ ਕਰਨ ਉਪਰੰਤ ਸੁਲਤਾਨਪੁਰ ਲੋਧੀ ਵੱਲ ਨੂੰ ਆਉਂਦੀ ਹੈ ਤਾਂ ਉਹ ਪਿੰਡ ਸੁਲਤਾਨਪੁਰ ਰੂਰਲ ਵਿਚੋਂ ਦੀ ਲੰਘਦੀ ਹੈ ਪਰ ਉੱਥੇ ਸੜਕ ਤੇ ਸੀਵਰੇਜ ਦਾ ਗੰਦਾ ਪਾਣੀ ਹੋਣ ਕਰਕੇ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ |