ਨਡਾਲਾ, 19 ਫਰਵਰੀ (ਰਘਬਿੰਦਰ ਸਿੰਘ)-ਕਿਸਾਨਾਂ ਨੇ ਪਿਛਲੇ ਸਾਲ 2024-25 ਦੇ ਗੰਨੇ 'ਤੇ ਪੰਜਾਬ ਸਰਕਾਰ ਦਾ 61 ਰੁਪਏ ਪ੍ਰਤੀ ਕੁਇੰਟਲ ਸ਼ੇਅਰ ਬਕਾਇਆ ਪੂਰਾ ਨਾ ਮਿਲਣ 'ਤੇ ਤਿੱਖਾ ਰੋਸ ਪ੍ਰਗਟ ਕੀਤਾ | ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਵੀ ਉਠਾਈ ਗਈ | ਇਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਕਿਸਾਨਾਂ ਦੇ ਪ੍ਰਤੀਨਿਧ ਮੰਡਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਏ.ਡੀ.ਸੀ. ਕਪੂਰਥਲਾ ਨਵਨੀਤ ਕੌਰ ਬੱਲ ਨੂੰ ਸੌਂਪਿਆ | ਮੰਗ ਪੱਤਰ ਦਿੰਦਿਆਂ ਕਿਸਾਨਾਂ ਦੇ ਵਫ਼ਦ ਨੇ ਕਿਹਾ ਕਿ ਨੇ ਕਿਹਾ ਕਿ ਗੰਨਾ ਉਗਾਉਣ ਵਾਲੇ ਕਿਸਾਨ ਪਹਿਲਾਂ ਹੀ ਵੱਧ ਰਹੀਆਂ ਲਾਗਤਾਂ ਕਾਰਨ ਆਰਥਿਕ ਦਬਾਅ ਹੇਠ ਹਨ, ਉੱਪਰੋਂ ਸਰਕਾਰੀ ਸ਼ੇਅਰ ਦੀ ਅਦਾਇਗੀ ਵਿਚ ਦੇਰੀ ਨੇ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ | ਕਿਸਾਨਾਂ ਨੇ ਮੰਗ ਕੀਤੀ ਕਿ ਗੰਨੇ ਦਾ ਬਕਾਇਆ ਸ਼ੇਅਰ ਤੁਰੰਤ ਜਾਰੀ ਕੀਤਾ ਜਾਵੇ ਤੇ 2023 ਤੇ 2025 ਦੇ ਹੜ੍ਹ ਨਾਲ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਰਾਸ਼ੀ ਬਿਨਾਂ ਹੋਰ ਦੇਰੀ ਦੇ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੰਗਾਂ 'ਤੇ ਜਲਦੀ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਕੌਮੀ ਪ੍ਰਧਾਨ ਬਲਦੇਵ ਸਿੰਘ ਸਿਰਸਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਬੱਲ, ਗੁਰਪ੍ਰੀਤ ਸਿੰਘ ਬੱਲ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਬਲਬੀਰ ਸਿੰਘ, ਰਜਵੰਤ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ, ਹਰਭਜਨ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ |