ਤਲਵੰਡੀ ਚੌਧਰੀਆਂ, 22 ਜਨਵਰੀ (ਪਰਸਨ ਲਾਲ ਭੋਲਾ)- ਬਿਜਲੀ ਵਿਭਾਗ ਦੁਆਰਾ ਦੁਆਰਾ ਪਿੰਡ ਦੰਦੂਪੁਰ ਵਿਖੇ ਮੀਟਰਾਂ ਦੇ ਬਕਸੇ ਸਰਕਾਰੀ ਐਲੀਮੈਂਟਰੀ ਸਕੂਲ ਦੰਦੂਪੁਰ ਦੀਆਂ ਦੀਵਾਰਾਂ ਨਾਲ ਲਗਾਏ ਗਏ ਹਨ ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਸਕੂਲ ਮੁਖੀ ਸੁਖਵਿੰਦਰ ਸਿੰਘ, ਬਿਸੰਬਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਇਸ ਸੰਬੰਧੀ ਕਈ ਵਾਰ ਲਿਖਤੀ ਸ਼ਿਕਾਇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧੀਨ ਆਉਂਦੇ ਦਫ਼ਤਰ ਟਿੱਬਾ ਵਿਖੇ ਐਸ.ਡੀ.ਓ. ਤੇ ਸੰਬੰਧਿਤ ਕਰਮਚਾਰੀਆਂ ਨੂੰ ਦੇ ਚੁੱਕੇ ਹਨ ਜਿਸ ਸੰਬੰਧੀ ਬਿਜਲੀ ਵਿਭਾਗ ਦੇ ਮੁਲਾਜ਼ਮ ਆ ਕੇ ਦੇਖ ਜਾਂਦੇ ਹਨ ਪਰ ਇਹਨਾਂ ਮੀਟਰਾਂ ਨੂੰ ਦੀਵਾਰਾਂ ਨਾਲੋਂ ਉਤਾਰਦੇ ਨਹੀਂ | ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਜਦੋਂ ਬਾਰਿਸ਼ ਹੁੰਦੀ ਹੈ ਤਾਂ ਕਈ ਵਾਰ ਸਕੂਲ ਦੀਆਂ ਕੰਧਾਂ ਵਿਚ ਕਰੰਟ ਆਉਂਦਾ ਹੈ ਜਿਸ ਨਾਲ ਕਿਸੇ ਸਮੇਂ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਦੂਜੇ ਪਾਸੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਸਾਰੇ ਮਾਮਲੇ 'ਤੇ ਸਖ਼ਤ ਨੋਟਿਸ ਲੈਂਦਿਆਂ ਹੋਇਆ ਕਿਹਾ ਕਿ ਸਕੂਲ ਦੇ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬਾਰ ਬਾਰ ਉਕਤ ਸਾਰਾ ਮਾਮਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਮੀਟਰਾਂ ਦੇ ਬਕਸੇ ਹੋਰ ਜਗ੍ਹਾ ਸ਼ਿਫ਼ਟ ਕਰਨ ਲਈ ਕੋਈ ਵੀ ਪੁਖ਼ਤਾ ਕਦਮ ਨਹੀਂ ਚੁੱਕਿਆ ਜਾ ਰਿਹਾ | ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਸੰਬੰਧੀ ਜੇਕਰ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸਦਾ ਜ਼ਿੰਮੇਵਾਰ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੰਬੰਧਿਤ ਅਧਿਕਾਰੀ ਹੋਣਗੇ ਜਿਸ ਸਬੰਧੀ ਅਧਿਆਪਕ ਜਥੇਬੰਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਟਿੱਬਾ ਸਥਿਤ ਦਫ਼ਤਰ ਦਾ ਘਿਰਾਓ ਕਰੇਗੀ |