ਸੁਲਤਾਨਪੁਰ ਲੋਧੀ, 20 ਜਨਵਰੀ (ਥਿੰਦ)-ਸਰਕਾਰੀ ਐਲੀਮੈਂਟਰੀ ਸਕੂਲ ਤਰਫ਼ ਬਹਿਬਲ ਬਹਾਦਰ ਵਿਖੇ ਸਕੂਲ ਇੰਚਾਰਜ ਸੀਮਾ ਕੋਹਲੀ ਤੇ ਸਰਪੰਚ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਤਰਫ਼ ਬਹਿਬਲ ਬਹਾਦਰ ਪਿੰਡ ਦੇ ਵਸਨੀਕ ਦਿਲਬਾਗ ਸਿੰਘ ਜਰਮਨ ਤੇ ਬਲਵਿੰਦਰ ਕੌਰ ਜਰਮਨ ਨੇ ਆਪਣੀ ਮਾਤਾ ਸੰਤ ਕੌਰ ਦੀ ਯਾਦ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਭੇਟ ਕੀਤੇ | ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦੇ ਬੈਠਣ ਲਈ ਫ਼ਰਨੀਚਰ ਵੀ ਦਿੱਤਾ | ਇਸ ਮੌਕੇ ਦਿਲਬਾਗ ਸਿੰਘ ਜਰਮਨੀ ਨੇ ਮਾਤਾ ਸੰਤ ਕੌਰ ਦੀ ਯਾਦ ਵਿਚ ਸਕੂਲ ਵਿਚ ਬਣ ਰਹੇ ਪਾਰਕ ਵਿਚ ਇੰਟਰਲਾਕ ਟਾਈਲ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਬਲਵਿੰਦਰ ਕੌਰ ਜਰਮਨੀ ਤੇ ਸਰਪੰਚ ਸਿਮਰਜੀਤ ਕੌਰ ਨੇ ਕਿਹਾ ਕਿ ਸਕੂਲ ਸਮਾਜ ਨੂੰ ਗਿਆਨ ਦਿੰਦਾ ਹੈ ਤੇ ਇੱਥੋਂ ਹੀ ਬੱਚੇ ਗਿਆਨ ਪ੍ਰਾਪਤ ਕਰਕੇ ਦੇਸ਼ ਤੇ ਸਮਾਜ ਦੀ ਸੇਵਾ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸਕੂਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤੇ ਇਸ ਦੀ ਨੁਹਾਰ ਬਦਲੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ | ਇਸ ਮੌਕੇ ਸਕੂਲ ਇੰਚਾਰਜ ਸੀਮਾ ਕੋਹਲੀ ਅਤੇ ਗੁਰਮੇਲ ਸਿੰਘ ਸਮਾਜ ਸੇਵਕ ਵੱਲੋਂ ਦਿਲਬਾਗ ਸਿੰਘ ਜਰਮਨੀ ਅਤੇ ਬਲਵਿੰਦਰ ਕੌਰ ਜਰਮਨੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਅਧਿਆਪਕ ਰੋਹਿਤ ਗੁਜਰਾਲ ,ਗੁਰਮੇਲ ਸਿੰਘ, ਗੁਰਵਿੰਦਰ ਕੌਰ, ਜਸਵਿੰਦਰ ਕੌਰ ਤੇ ਮਨਜੀਤ ਕੌਰ ਆਦਿ ਹਾਜ਼ਰ ਸਨ |