ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜੇਕਰ ਮਨੁੱਖ ਦਾ ਦਿ੍ੜ੍ਹ ਇਰਾਦਾ ਹੋਵੇ ਤਾਂ ਹਰ ਮੰਜ਼ਿਲ ਸਹਿਜੇ ਪਾਈ ਜਾ ਸਕਦੀ ਹੈ | ਖ਼ਾਸ ਕਰ ਕੇ ਨੌਜਵਾਨ ਸੁਪਨੇ ਉਣ ਕੇ ਸਖ਼ਤ ਮਿਹਨਤ ਨਾਲ ਨਵੇਂ ਕੀਰਤੀਮਾਨ ਸਿਰਜ ਸਕਦੇ ਹਨ | ਇਹ ਪ੍ਰਗਟਾਵਾ ਅੰਤਰ ਰਾਸ਼ਟਰੀ ਕਿਸ਼ਤੀ ਚਾਲਕ ਅਰਜੁਨ ਐਵਾਰਡੀ ਸਵਰਨ ਸਿੰਘ ਵਿਰਕ ਨੇ ਨੇੜਲੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੁਰਜ ਹਰੀ ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੋਣ ਮੌਕੇ ਕੀਤਾ | ਸੇਵਾ ਮੁਕਤ ਕੈਪਟਨ ਵਿਰਕ ਨੇ ਦੱਸਿਆ ਕਿ ਫ਼ੌਜ 'ਚ ਭਰਤੀ ਹੋਣ ਉਪਰੰਤ ਉਸ ਨੇ ਰੌਇੰਗ ਖੇਡ ਚੁਣ ਲਈ ਅਤੇ ਇਸ ਤੋਂ ਪਹਿਲਾਂ ਕਿਸ਼ਤੀਆਂ ਦੀ ਖੇਡ ਬਾਰੇ ਕੋਈ ਇਲਮ ਨਹੀਂ ਸੀ ਪਰ ਇਹ ਵੱਖਰੀ ਗੱਲ ਹੈ ਕਿ ਛੋਟਾ ਹੁੰਦਾ ਉਹ ਆਪਣੇ ਪਿੰਡ ਦਲੇਲਵਾਲਾ ਦੇ ਟੋਭੇ 'ਚ ਕਾਗ਼ਜ਼ ਦੀਆਂ ਕਿਸ਼ਤੀਆਂ ਜ਼ਰੂਰ ਰੋੜ੍ਹਦਾ ਹੁੰਦਾ ਸੀ | ਉਸ ਨੇ ਪਿੰਡ ਤੋਂ ਉਲੰਪਿਕ ਤੱਕ ਕੀਤੀ ਮਿਹਨਤ ਦੀ ਬਾਤ ਪਾਉਂਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਰੁਚਿਤ ਲਾਜ਼ਮੀ ਹੋਣ | ਬੱਚਿਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸਵਰਨ ਨੇ ਦੱਸਿਆ ਕਿ ਉਸ ਦੀ ਪ੍ਰੇਰਨਾ ਸਦਕਾ ਮਾਨਸਾ ਜ਼ਿਲੇ੍ਹ ਦੇ ਹੀ ਅੱਧੀ ਦਰਜਨ ਤੋਂ ਵਧੇਰੇ ਨੌਜਵਾਨ ਕਿਸ਼ਤੀ ਚਾਲਕ ਵਜੋਂ ਨਾਮਣਾ ਖੱਟ ਰਹੇ ਹਨ ਅਤੇ ਏਸ਼ੀਅਨ ਗੇਮਾਂ ਤੋਂ ਇਲਾਵਾ ਉਲੰਪਿਕ ਤੱਕ ਪਹੁੰਚ ਗਏ ਹਨ | ਸਕੂਲ ਇੰਚਾਰਜ ਸੰਦੀਪ ਢੰਡ ਨੇ ਵਿਰਕ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਨੌਜਵਾਨਾਂ ਤੋਂ ਸੇਧ ਲੈਣ ਲਈ ਕਿਹਾ | ਇਸ ਮੌਕੇ ਡੀ.ਪੀ.ਈ. ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਅਗਰੋਈਆ, ਕੈਂਪਸ ਮੈਨੇਜਰ ਲਛਮਣ ਸਿੰਘ, ਸੋਨੀਆ ਰਾਣੀ, ਰੋਹਿਤ ਕੁਮਾਰ, ਹੇਮ ਲਤਾ, ਪਿੰਕਲ, ਅਮਨਦੀਪ ਕੌਰ, ਜਗਦੀਪ ਕੌਰ, ਹਰਦੀਪ ਕੌਰ, ਨੈਨਸੀ, ਰਾਜਪ੍ਰੀਤ ਸਿੰਘ, ਹਰਭਿੰਦਰ ਕੌਰ, ਬਲਵੀਰ ਕੌਰ, ਮਨਪ੍ਰੀਤ ਕੌਰ, ਮਨਦੀਪ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ |