ਬਠਿੰਡਾ ਅਪਰਾਧਨਾਮਾ ਹੈਰੋਇਨ ਤੇ ਨਸ਼ੀਲੇ ਕੈਪਸੂਲ ਬਰਾਮਦ ਬਠਿੰਡਾ, 7 ਮਈ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 10.5 ਗ੍ਰਾਮ ਹੈਰੋਇਨ ਅਤੇ 600 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ | ਪਹਿਲੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਦੀਪ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਸਿਵਲ ਲਾਇਨ ਪੁਲਿਸ ਵਲੋਂ ਭਾਗੂ ਰੋਡ ਬਠਿੰਡਾ ਪਾਸੋਂ ਇਕ ਸ਼ੱਕੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਤਲਾਸ਼ੀ ਦੌਰਾਨ ਉਕਤ ਵਿਅਕਤੀ ਪਾਸੋਂ 7.40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਸੂਰਜ ਕੁਮਾਰ ਵਾਸੀ ਦੰਗਾ ਪੀੜ੍ਹਤ ਕਲੋਨੀ ਬਠਿੰਡਾ ਵਜੋਂ ਹੋਈ ਹੈ | ਜਿਸ 'ਤੇ ਥਾਣਾ ਸਿਵਲ ਲਾਇਨ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ | ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਇਕਬਾਲ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਥਰਮਲ ਪੁਲਿਸ ਵਲੋਂ ਝੀਲ ਨੰਬਰ 1 ਪਾਸੋਂ ਰਾਜਵਿੰਦਰ ਸਿੰਘ ਨਾਮੀ ਵਿਅਕਤੀ ਵਾਸੀ ਪਿੰਡ ਕਲੈਹਿਰੀ ਜ਼ਿਲ੍ਹਾ ਮਾਨਸਾ ਨੂੰ 2.65 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਵਲੋਂ ਉਕਤ ਵਿਅਕਤੀਆਂ 'ਤੇ ਥਾਣਾ ਥਰਮਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ | ਤੀਜੇ ਮਾਮਲੇ ਵਿਚ ਜਾਂਚ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਵਲੋਂ ਕਪਾਹ ਮੰਡੀ ਬਠਿੰਡਾ ਪਾਸੋਂ ਸੌਰਵ ਮਿੱਤਲ ਵਾਸੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਨੂੰ 600 ਨਸ਼ੀਲੇ ਕੈਪਸੂਲਾਂ (ਸਿਗਨੇਚਰ) ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਉਕਤ ਵਿਅਕਤੀ ਨੂੰ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ |