ਸਰਦੂਲਗੜ੍ਹ, 1 ਅਪ੍ਰੈਲ (ਜੀ.ਐਮ. ਅਰੋੜਾ)- ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਲੋਂ ਬਾਰਿਸ਼ ਅਤੇ ਗੜੇ੍ਹਮਾਰੀ ਨਾਲ ਪ੍ਰਭਾਵਿਤ ਟਿੱਬੀ ਹਰੀ ਸਿੰਘ, ਮੀਰਪੁਰ ਖ਼ੁਰਦ, ਸਰਦੂਲੇ ਵਾਲਾ, ਕਾਹਨੇ ਵਾਲਾ, ਭੂੰਦੜ, ਰੁੜਕੀ, ਝੰਡਾ ਕਲਾਂ, ਝੰਡਾ ਖ਼ੁਰਦ ਆਦਿ ਪਿੰਡਾਂ ਦੇ ਖੇਤਾਂ 'ਚ ਜਾ ਕੇ ਫ਼ਸਲਾਂ ਦੀ ਜ਼ਮੀਨੀ ਸਥਿਤੀ ਦੇਖੀ | ਕਿਸਾਨਾਂ ਨੇ ਦੱਸਿਆ ਕਿ ਪੱਕਣ ਦੇ ਨੇੜੇ ਪਹੁੰਚੀ ਫ਼ਸਲ ਕੁਦਰਤੀ ਕਹਿਰ ਕਾਰਨ ਬਰਬਾਦ ਹੋ ਗਈ ਹੈ, ਜਿਸ ਨਾਲ ਵਿੱਤੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਜਲਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ | ਵਿਧਾਇਕ ਨੇ ਮੌਕੇ 'ਤੇ ਮੌਜੂਦ ਐਸ.ਡੀ.ਐਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਖੇਤੀਬਾੜੀ ਵਿਕਾਸ ਅਫ਼ਸਰ ਸੁਲੇਖ ਅਮਨ ਅਤੇ ਗੁਰਿੰਦਰਜੀਤ ਸਿੰਘ, ਬਾਗ਼ਬਾਨੀ ਵਿਭਾਗ ਦੇ ਮੁਖੀ ਵਿਪੇਸ਼ ਨੂੰ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੁਦਰਤ ਦੀ ਮਾਰ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵਚਨਬੱਧ ਹੈ ਅਤੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ 'ਚ ਸਾਰਾ ਮਾਮਲਾ ਲਿਆਉਣਗੇ ਤਾਂ ਜੋ ਗਿਰਦਾਵਰੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਹੋ ਸਕਣ |