19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪੁਲਿਸ ਵਲੋਂ ਰੋਕਣ 'ਤੇ ਕਿਸਾਨਾਂ ਨੇ ਮਾਨਸਾ-ਬਠਿੰਡਾ ਮੁੱਖ ਸੜਕ 'ਤੇ ਲਗਾਇਆ ਜਾਮ

ਅਜੀਤ ਡੈਸਕ 19-02-2026

ਮਾਨਸਾ, 18 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਭਾਕਿਯੂ (ਉਗਰਾਹਾਂ) ਵਲੋਂ ਜੇਲ੍ਹ 'ਚ ਬੰਦ 2 ਕਿਸਾਨ ਆਗੂਆਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਲਗਾਏ ਜਾਣ ਵਾਲੇ ਧਰਨੇ ਨੂੰ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਗਈ | ਜਿੱਥੇ ਬੀਤੀ ਰਾਤ ਜਥੇਬੰਦੀ ਦੇ ਕਾਰਕੁਨਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਉੱਥੇ ਦਰਜਨ ਤੋਂ ਵਧੇਰੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ | ਪਿੰਡ ਭੈਣੀਬਾਘਾ ਨੇੜੇ ਸੜਕ 'ਤੇ ਨਾਕਾਬੰਦੀ ਦੌਰਾਨ ਕਿਸਾਨ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਤਿੱਖੀ ਬਹਿਸਬਾਜੀ ਵੀ ਹੋਈ | ਕਿਸਾਨ ਬਠਿੰਡਾ ਜਾਣ ਲਈ ਬਜਿੱਦ ਪਰ ਪੁਲਿਸ ਰੋਕ ਰਹੀ ਸੀ | ਇਸੇ ਦੇ ਚੱਲਦਿਆਂ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾ ਲਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬਠਿੰਡਾ ਜ਼ਿਲੇ੍ਹ ਦੇ ਪਿੰਡ ਚਾਉਂਕੇ ਦੇ ਕਿਸਾਨ ਆਗੂ ਬਲਦੇਵ ਸਿੰਘ ਅਤੇ ਜਿਉਂਦ ਦੇ ਗਗਨਦੀਪ ਸਿੰਘ 'ਤੇ ਝੂਠੇ ਕੇਸ ਦਰਜ ਕਰ ਕੇ ਪਿਛਲੇ ਸਾਲ ਤੋਂ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ | ਉਨ੍ਹਾਂ ਦੀ ਰਿਹਾਈ ਲਈ ਜਥੇਬੰਦੀ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਰਿਹਾਈ ਕਰਨ ਦੀ ਬਜਾਏ ਟਕਰਾਅ ਦਾ ਰਸਤਾ ਅਪਣਾ ਰਹੀ ਹੈ | ਇਸ ਮੌਕੇ ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਨੰਦੀ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ, ਜਗਸੀਰ ਸਿੰਘ ਦੋਦੜਾ ਆਦਿ ਹਾਜ਼ਰ ਸਨ |
• ਰਿਹਾਈ ਦੇ ਹੁਕਮ ਹੋਣ ਉਪਰੰਤ ਕਿਸਾਨਾਂ ਨੇ ਚੁੱਕੇ ਧਰਨੇ -ਜਥੇਬੰਦੀ ਦੇ ਆਗੂਆਂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪ੍ਰਸ਼ਾਸਨ ਨੇ ਅੱਜ ਦੇਰ ਸ਼ਾਮ ਜੇਲ੍ਹ 'ਚ ਬੰਦ ਦੋਵੇਂ ਕਿਸਾਨ ਆਗੂਆਂ ਦੀ ਰਿਹਾਈ ਲਈ ਆਰਡਰ ਜਾਰੀ ਕਰ ਦਿੱਤੇ ਹਨ | ਇਸੇ ਤਰਾਂ ਧਰਨੇ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲੇ੍ਹ ਦੇ ਥਾਣਿਆਂ 'ਚ ਡੱਕੇ ਕਿਸਾਨਾਂ ਨੂੰ ਵੀ ਛੱਡ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੰਘਰਸ਼ ਦੀ ਜਿੱਤ ਹੋਈ ਹੈ ਅਤੇ ਸਾਰੇ ਧਰਨੇ ਚੁੱਕ ਲਏ ਗਏ ਹਨ |

ਪਿਛਲੀ ਖ਼ਬਰ ਪ੍ਰੇਮ ਕੁਮਾਰ ਸ਼ਰਮਾ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਅਗਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਵਿਖੇ ਐਸ.ਆਈ.ਆਰ. ਵਿਸ਼ੇ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।