ਮਾਨਸਾ, 18 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਤੇਲ ਬੀਜ ਫ਼ਸਲਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਕਰ ਕੇ ਜਿੱਥੇ ਕਿਸਾਨ ਫ਼ਸਲੀ ਵਿਭਿੰਨਤਾ 'ਚ ਯੋਗਦਾਨ ਪਾ ਸਕਦੇ ਹਨ ਉੱਥੇ ਉਹ ਚੋਖਾ ਮੁਨਾਫ਼ਾ ਵੀ ਕਮਾ ਸਕਦੇ ਹਨ | ਇਹ ਪ੍ਰਗਟਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ 'ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਸੀਡਜ਼' ਅਧੀਨ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਸਬੰਧੀ ਚੱਲ ਰਹੀਆਂ ਸਿਖਲਾਈਆਂ ਦੀ ਸਮਾਪਤੀ ਮੌਕੇ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਨੇ ਕੀਤਾ | ਟਰੇਨਿੰਗਾਂ ਦੌਰਾਨ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨਾਂ, ਨਬਾਰਡ, ਬੀਰੋਕੇ ਨੈਚੂਰਲ ਫਾਰਮ ਦੇ ਨੁਮਾਇੰਦੇ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਭਗ 600 ਕਿਸਾਨਾਂ ਨੂੰ 2 ਸੈਸ਼ਨਾਂ ਰਾਹੀਂ ਤੇਲ ਬੀਜ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ | ਡਾ. ਸਿੱਧੂ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ 'ਚ ਤੇਲ ਬੀਜ ਫ਼ਸਲਾਂ ਦਾ ਬਹੁਤ ਵੱਡਾ ਰੋਲ ਹੈ, ਜੋ ਕਿ ਅਜੋਕੇ ਸਮੇਂ 'ਚ ਆਮਦਨ ਦਾ ਵਧੀਆ ਸਰੋਤ ਹੈ | ਉਨ੍ਹਾਂ ਸਰੋਂ੍ਹ ਦੀ ਕਾਸ਼ਤ ਸਬੰਧੀ ਉਪਲਬਧ ਵੱਖ-ਵੱਖ ਕਿਸਮਾਂ ਅਤੇ ਤਰੀਕਿਆਂ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਭਾਰਤ ਹੋਰਨਾਂ ਦੇਸ਼ਾਂ ਤੋਂ ਸਰੋਂ੍ਹ ਦੇ ਤੇਲ ਦੀ ਖ਼ਰੀਦ ਕਰਦਾ ਹੈ ਪਰ ਜੇਕਰ ਸਾਡੇ ਕਿਸਾਨ ਇਸ ਫ਼ਸਲ ਨੂੰ ਅਪਣਾ ਲੈਣ ਤਾਂ ਉਹ ਤੇਲ ਦੇ ਨਾਲ-ਨਾਲ ਆਮਦਨ 'ਚ ਵੀ ਵਾਧਾ ਕਰ ਸਕਦੇ ਹਨ | ਡਾ. ਅਜੀਤਪਾਲ ਸਿੰਘ ਕਿ੍ਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਕੇ.ਵੀ.ਕੇ ਵਿਖੇ ਸਮੇਂ-ਸਮੇਂ 'ਤੇ ਫ਼ਸਲਾਂ ਸਬੰਧੀ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ, ਦਾ ਕਿਸਾਨ ਲਾਭ ਲੈ ਸਕਦੇ ਹਨ | ਸਕੀਮ ਇੰਚਾਰਜ ਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਐਫ.ਪੀ.ਓ. ਮਾਨਸਾ 'ਚ ਕਿਸਾਨਾਂ ਦਾ ਸਮੂਹ ਬਣਾਇਆ ਗਿਆ ਹੈ | ਸਮੂਹ ਨੂੰ ਸਰੋਂ੍ਹ ਦੀ ਕਾਸ਼ਤ ਸਬੰਧੀ ਪ੍ਰੋਸੈਸਿੰਗ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਇਸ ਗਰੁੱਪ ਨੂੰ ਸਬਸਿਡੀ ਦੇ ਤੌਰ 'ਤੇ ਸਾਢੇ 9 ਲੱਖ ਮਾਲੀ ਸਹਾਇਤਾ ਦਿੱਤੀ ਗਈ ਹੈ, ਤਾਂ ਜੋ ਫ਼ਸਲ ਦੀ ਪੈਦਾਵਾਰ ਸੁਚੱਜੇ ਢੰਗ ਨਾਲ ਕਰ ਕੇ ਪ੍ਰੋਸੈਸਿੰਗ ਰਾਹੀ ਖ਼ੁਦ ਮੰਡੀਕਰਨ ਕਰ ਸਕਣ | ਇਸ ਮੌਕੇ ਚਮਨਦੀਪ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ. ਰਣਵੀਰ ਸਿੰਘ, ਅਮਨਦੀਪ ਸਿੰਘ, ਗੁਰਵੀਰ ਸਿੰਘ, ਗੁਰਬਖ਼ਸ਼ ਸਿੰਘ, ਕਮਲਦੀਪ ਸਿੰਘ ਆਦਿ ਹਾਜ਼ਰ ਸਨ |