ਗਿੱਦੜਬਾਹਾ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ ਲਗਾ ਕੇ ਰਾਸ਼ਟਰੀ ਮਾਰਗ ਜਾਮ
ਗਿੱਦੜਬਾਹਾ, 16 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਗਿੱਦੜਬਾਹਾ ਵਿਖੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਘਰ ਅੱਗੇ ਝੋਨਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਮਾਰਗ ’ਤੇ ਰੋਸ ਧਰਨਾ ਲਗਾ ਕੇ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਕਿਸਾਨ ਬੀਤੇ 20-20 ਦਿਨਾਂ ਤੋਂ ਮੰਡੀਆਂ ’ਚ ਰੁਲ ਰਿਹਾ ਹੈ।
ਗਿੱਦੜਬਾਹਾ, 16 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਗਿੱਦੜਬਾਹਾ ਵਿਖੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਘਰ ਅੱਗੇ ਝੋਨਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਮਾਰਗ ’ਤੇ ਰੋਸ ਧਰਨਾ ਲਗਾ ਕੇ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਕਿਸਾਨ ਬੀਤੇ 20-20 ਦਿਨਾਂ ਤੋਂ ਮੰਡੀਆਂ ’ਚ ਰੁਲ ਰਿਹਾ ਹੈ। ਅਧਿਕਾਰੀ ਝੋਨੇ ਦੀ ਖ਼ਰੀਦ ਦਾ ਕੋਟਾ ਪੂਰਾ ਹੋਣ ਦੀ ਗੱਲ ਕਹਿ ਕੇ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇਸ ਵਾਰ ਝੋਨੇ ਦੀ ਖ਼ਰੀਦ ਦੇ ਸ਼ੁਰੂਆਤੀ ਦਿਨਾਂ ’ਚ ਹੀ ਖ਼ਰੀਦ ਏਜੰਸੀਆਂ ਤੇ ਸ਼ੈਲਰ ਮਾਲਕਾਂ ਵਲੋਂ ਆਪਸੀ ਕਥਿਤ ਮਿਲੀਭੁਗਤ ਨਾਲ ਨਮੀ ਦਾ ਬੇਲੋੜਾ ਬਹਾਨਾ ਬਣਾ ਕੇ ਝੋਨੇ ’ਤੇ ਕਾਟ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਕਿਸਾਨ ਜਥੇਬੰਦੀਆਂ ਵਲੋਂ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪ੍ਰੰਤੂ ਕਿਸਾਨ ਦੀ ਲੁੱਟ ਲਗਾਤਾਰ ਜਾਰੀ ਹੈ, ਜਿਸ ਨੂੰ ਜਥੇਬੰਦੀਆਂ ਬਰਦਾਸ਼ਤ ਨਹੀਂ ਕਰ ਸਕਦੀਆਂ। ਝੋਨੇ ਦੀ ਕਟਾਈ ਨੂੰ 2 0 ਦਿਨਾਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਝੋਨਾ ਅਨਾਜ ਮੰਡੀਆਂ ਵਿਚ ਬਿਲਕੁੱਲ ਸੁੱਕਾ ਪਿਆ ਹੈ। ਮੌਸਮ ਵਿਚ ਨਮੀ ਹੋਣ ਕਰਕੇ ਝੋਨੇ ’ਚ ਨਮੀ ਦੀ ਮਾਤਰਾ ਆਉਣੀ ਸੁਭਾਵਿਕ ਹੀ ਹੈ। ਸ਼ੈਲਰ ਮਾਲਕ, ਖ਼ਰੀਦ ਏਜੰਸੀਆਂ ਤੇ ਮਾਰਕਿਟ ਕਮੇਟੀ ਕੋਲ ਅਲੱਗ-ਅਲੱਗ ਨਮੀ ਮਾਪਣ ਵਾਲੇ ਯੰਤਰ ਹਨ ਅਤੇ ਇਨ੍ਹਾਂ ਤਿੰਨਾਂ ਹੀ ਮਾਪ ਯੰਤਰਾਂ ਦੀ ਆਪਸ ਵਿਚ ਇਕ ਸਾਰ ਰਿਪੋਰਟ ਨਹੀਂ ਮਿਲ ਰਹੀ, ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਕਿਸਾਨ ਨੂੰ ਕਾਟ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ‘ਆਪ’ ਵਲੋਂ ਚੋਣਾਂ ਮੌਕੇ ਕਿਹਾ ਗਿਆ ਸੀ ਕਿ ਇਕ ਵਾਰ ਜਿਤਾ ਦਿਉ ਅਤੇ ਸਰਕਾਰ ਆਮ ਲੋਕਾਂ ਦੇ ਘਰਾਂ ਵਿਚੋਂ ਚੱਲੇਗੀ, ਪ੍ਰੰਤੂ ਮੌਜੂਦਾ ਸਰਕਾਰ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਅਤੇ ਜਿੰਨੀ ਲੁੱਟ ਕਿਸਾਨ ਦੀ ਇਸ ਵਾਰ ਹੋਈ ਹੈ, ਸ਼ਾਇਦ ਹੀ ਪਹਿਲੀ ਹੋਈ ਹੋਵੇ। ਕੋਈ ਵੀ ਸਰਕਾਰ ਦਾ ਨੁਮਾਇੰਦਾ ਮੰਡੀਆਂ ਵਿਚ ਕਿਸਾਨ ਦੀ ਸਾਰ ਲੈਣ ਨਹੀਂ ਪਹੁੰਚ ਰਿਹਾ। ਕਿਸਾਨ ਪਹਿਲ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਅਤੇ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਉਪਰ ਪਰਾਲੀ ਸਾੜਨ ’ਤੇ ਮਾਮਲੇ ਦਰਜ ਹੋ ਰਹੇ ਹਨ, ਕਿਸਾਨ ਨੂੰ ਫ਼ਸਲ ਵੇਚਣ ਲਈ ਲੁੱਟ ਕਰਵਾਉਣੀ ਪੈ ਰਹੀ ਹੈ ਅਤੇ ਸਰਕਾਰ ਦੀ ਸ਼ਹਿ ’ਤੇ ਪੁਲਿਸ ਵਲੋਂ ਡਾਂਗਾਂ ਖਾਣੀਆਂ ਪੈ ਰਹੀਆਂ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਖ਼ਰੀਦ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਲਗਾਤਾਰ ਰੋਸ ਧਰਨਾ ਜਾਰੀ ਰਹੇਗਾ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਆਗੂ ਕੁਲਦੀਪ ਸਿੰਘ ਨੇਤਾ, ਜ਼ਿਲ੍ਹਾ ਆਗੂ ਨਾਨਕ ਸਿੰਘ, ਕੁਲਦੀਪ ਸਿੰਘ ਫਕਰਸਰ, ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਕੋਟਲੀ ਹਲਕਾ ਪ੍ਰਧਾਨ ਤੋਂ ਇਲਾਵਾ ਕਿਸਾਨ ਕਾਰਕੁੰਨ ਹਾਜ਼ਰ ਸਨ।