‘ਨਿਕੰਮੀ ਅਫ਼ਸਰਸ਼ਾਹੀ ਬਦਨਾਮੀ ਸਰਕਾਰ ਦੀ’-ਪੁਲ ਚਾਲੂ ਕਰ ਦਿੱਤਾ-ਲੁਕ ਬਜਰੀ ਪਾਈ ਨਹੀਂ ਨਿੱਤ ਦੇ ਹਾਦਸਿਆਂ ਕਰਕੇ ਵੜਿੰਗਾਂ ਵਾਲਾ ਪੁਲ ਬਣਿਆ ‘ਖ਼ੂਨੀ ਪੁਲ’
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਦਿੱਤੇ ਕਰੋੜਾਂ ਰੁਪਏ ਦੀ ਅਫ਼ਸਰਸ਼ਾਹੀ ਵਲੋਂ ਸਹੀ ਵਰਤੋਂ ਨਾ ਕਰਨ ਕਰਕੇ ਲੋਕ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਹਨ, ਜਦੋਂਕਿ ਅਸਲ ਢਿੱਲ ਤੇ ਨਾਲਾਇਕੀ ਅਫ਼ਸਰਾਂ ਦੀ ਹੁੰਦੀ ਹੈ। ਇਸੇ ਤਰ੍ਹਾਂ ਦਾ ਵਰਤਾਰਾ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਸੜਕ ਉਪਰ ਪਿੰਡ ਵੜਿੰਗ ਕੋਲ 20 ਸਤੰਬਰ ਤੋਂ ਸ਼ੁਰੂ ਹੋਏ ਪੁਲ ਉਪਰ ਵੇਖਿਆ ਜਾ ਰਿਹਾ ਹੈ, ਜਿਥੇ ਹੁਣ ਤੱਕ ਸੈਂਕੜੇ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ।
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਦਿੱਤੇ ਕਰੋੜਾਂ ਰੁਪਏ ਦੀ ਅਫ਼ਸਰਸ਼ਾਹੀ ਵਲੋਂ ਸਹੀ ਵਰਤੋਂ ਨਾ ਕਰਨ ਕਰਕੇ ਲੋਕ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਹਨ, ਜਦੋਂਕਿ ਅਸਲ ਢਿੱਲ ਤੇ ਨਾਲਾਇਕੀ ਅਫ਼ਸਰਾਂ ਦੀ ਹੁੰਦੀ ਹੈ। ਇਸੇ ਤਰ੍ਹਾਂ ਦਾ ਵਰਤਾਰਾ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਸੜਕ ਉਪਰ ਪਿੰਡ ਵੜਿੰਗ ਕੋਲ 20 ਸਤੰਬਰ ਤੋਂ ਸ਼ੁਰੂ ਹੋਏ ਪੁਲ ਉਪਰ ਵੇਖਿਆ ਜਾ ਰਿਹਾ ਹੈ, ਜਿਥੇ ਹੁਣ ਤੱਕ ਸੈਂਕੜੇ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ। ਦਰਜਨ ਭਰ ਟਰੱਕ-ਟਰਾਲੀਆਂ ਤਾਂ ਪਲਟ ਵੀ ਚੁੱਕੇ ਹਨ। ਇਹ ਨੈਸ਼ਨਲ ਹਾਈਵੇਅ ਹੈ। ਇੱਥੋਂ ਅੰਤਰ-ਰਾਜੀ ਅਤੇ ਮੋਗਾ, ਅੰਮ੍ਰਿਤਸਰ, ਚੰਡੀਗੜ੍ਹ ਤੇ ਹਿਮਾਚਲ ਜਾਣ ਵਾਲੇ ਟਰੱਕ, ਬੱਸਾਂ ਤੇ ਹੋਰ ਵਾਹਨ ਲੰਘਦੇ ਹਨ। ਲਗਾਤਾਰ ਹਾਦਸਿਆਂ ਤੋਂ ਅੱਕ ਕੇ ਹੁਣ ਸਥਾਨਕ ਲੋਕਾਂ ਨੇ ਇਸ ਦਾ ਨਾਂਅ ‘ਖ਼ੂਨੀ ਪੁਲ’ ਰੱਖ ਦਿੱਤਾ ਹੈ। ਲੋਕਾਂ ਦਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਲੰਘਣ ਵਾਲਾ ਹਰ ਵਹੀਕਲ ਚਾਲਕ ਜਾਨ ਤਲੀ ’ਤੇ ਰੱਖ ਕੇ ਲੰਘਦਾ ਹੈ। ਕਾਰਾਂ ਦੀਆਂ ਚੈਸੀਆਂ ਪੁਲ ਦੀ ਸਲੈਬ ਨਾਲ ਖਹਿ ਕੇ ਖ਼ਰਾਬ ਹੋ ਰਹੀਆਂ ਹਨ। ਦੋਪਹੀਆ ਵਾਹਨ ਚਾਲਕਾਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਪੁਲ ਉਪਰ ਕੱਚੀ ਮਿੱਟੀ ਦੇ ਢੇਰ ਲੱਗੇ ਹਨ। ਬਾਰਿਸ਼ ਵੇਲੇ ਇਹ ਮਿੱਟੀ ਚਿੱਕੜ ਤੇ ਦਲਦਲ ਬਣ ਜਾਂਦੀ ਹੈ। ਸੁੱਕੇ ਮੌਸਮ ’ਚ ਮਿੱਟੀ ਗਰਦੋ-ਗੁਬਾਰ ਹੁੰਦੀ ਹੈ। ਪ੍ਰਸ਼ਾਸਨ ਤੇ ਠੇਕੇਦਾਰ ਦੀ ਵੱਡੀ ਅਣਗਹਿਲੀ ਕਰਕੇ ਲੋਕ ਡਾਢੇ ਪ੍ਰੇਸ਼ਾਨ ਹਨ। ਪੁਲ ਬਣਨ ਦੇ ਪਹਿਲੇ ਦਿਨ ਹੀ ਬੋਰੀਆਂ ਦਾ ਭਰਿਆ ਇਕ ਟਰੱਕ ਪੁਲ ’ਤੇ ਚੜ੍ਹਦਿਆਂ ਹੀ ਅਚਾਨਕ ਪਲਟ ਗਿਆ ਸੀ। ਟਰੱਕ ਦਾ ਪਹੀਆ ਮਿੱਟੀ ਉਪਰ ਚੜ੍ਹਿਆ ਤਾਂ ਮਿੱਟੀ ਧੱਸ ਗਈ ਤੇ ਟਰੱਕ ਸੜਕ ਉਪਰ ਪਲਟ ਗਿਆ। ਇਸ ਹਾਦਸੇ ਵਿਚ ਟਰੱਕ ਦੀ ਚੈਸੀ ਟੁੱਟ ਗਈ ਅਤੇ ਮਾਲਕ ਦਾ ਕਰੀਬ 60 ਤੋਂ 70 ਹਜ਼ਾਰ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ। ਕੁਝ ਦਿਨ ਬਾਅਦ ਗੱਠਾਂ ਦੀ ਭਰੀ ਟਰਾਲੀ ਪਲਟ ਗਈ। ਟਰਾਲੀ ਚਾਲਕ ਨੇ ਦੱਸਿਆ ਕਿ ਪੱਲ ਦੇ ਕਿਨਾਰੇ ’ਤੇ ਮਿੱਟੀ ਦੇ ਢੇਰ ਓਹਲੇ ਕਰੀਬ 10 ਫੁੱਟ ਡੂੰਘਾ ਖੱਡਾ ਹੈ, ਜਿਸ ਵਿਚ ਡਿੱਗਣ ਕਰਕੇ ਟਰਾਲੀ ਪਲਟ ਗਈ। ਇਸੇ ਤਰ੍ਹਾਂ ਰੇਹ ਦੀਆਂ ਭਰੀਆਂ ਬੋਰੀਆਂ ਦੀ ਭਰੀ ਟਰਾਲੀ ਖੱਡਿਆਂ ਵਿਚ ਝੋਲ ਖਾਣ ਕਰਕੇ ਪਲਟ ਗਈ। ਖੜ੍ਹੇ ਪੈਰ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੈਂਕੜੇ ਕਾਰਾਂ ਤੇ ਮੋਟਰਸਾਇਕਲ ਹਾਦਸਾਗ੍ਰਸਤ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਪਹਿਲਾਂ ਕਈ ਮਹੀਨੇ ਇਹ ਪੁਲ ਉਸਾਰੀ ਅਧੀਨ ਰਿਹਾ ਤਾਂ ਉਸ ਵੇਲੇ ਠੇਕੇ ਦਾਰ ਨੇ ਖੇਤਾਂ ਵਿਚ ਦੀ ਕੱਚਾ ਰਾਹ ਬਣਾ ਦਿੱਤਾ ਸੀ, ਜਿਥੇ ਸੈਂਕੜੇ ਵਾਹਨ ਹਾਦਸਾਗ੍ਰਸਤ ਹੋਏ ਸਨ। ਪੁਲ ’ਤੇ ਦੋ ਦਿਨਾਂ ਵਿਚ ਹੀ ਸੈਂਕੜੇ ਵਾਹਨ ਹਾਦਸਾਗ੍ਰਸਤ ਹੋਣ ਤੋਂ ਗ਼ੁੱਸੇ ਵਿਚ ਆਏ ਵਾਹਨ ਚਾਲਕਾਂ ਮਹਿੰਦਰ ਸਿੰਘ, ਗੁਰਤੇਜ ਸਿੰਘ, ਜਸਕਰਨ ਸਿੰਘ, ਗੁਲਜ਼ਾਰੀ ਤੇ ਪ੍ਰਮੇਸ਼ ਕੁਮਾਰ ਹੋਰਾਂ ਨੇ ਦੱਸਿਆ ਕਿ ਮੁੱਖ ਸੜਕ ਜਿਹੜੀ ਵਾਹਨਾਂ ਦੇ ਚੱਲਣ ਲਈ ਬਣੀ ਹੈ, ਉਪਰ ਖੱਡੇ ਬਣਾਉਣਾ ਤਾਂ ਲੋਕਾਂ ਨੂੰ ਜਾਣਬੁੱਝ ਕੇ ਮੌਤ ਦੇ ਮੂੰਹ ਵਿਚ ਪਾਉਣ ਦੇ ਬਰਾਬਰ ਹੈ। ਉਨ੍ਹਾਂ ਸਰਕਾਰ ਪਾਸੋਂ ਸੰਬੰਧਿਤ ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਤੇ ਰਾਹਗੀਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ। ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਜੂਨੀਅਰ ਇੰਜੀਨੀਅਰ ਤੇਗਬੀਰ ਸਿੰਘ ਨੇ ਦੱਸਿਆ ਕਿ ਬਾਰਿਸ਼ਾਂ ਕਰਕੇ ਲੁੱਕ-ਬਜਰੀ ਦਾ ਕੰਮ ਰੁਕਿਆ ਹੋਇਆ ਸੀ। ਹੁਣ ਜਿਵੇਂ ਹੀ ਧੁੱਪ ਨਿਕਲਦੀ ਹੈ, ਉਹ ਕੰਮ ਸ਼ੁਰੂ ਕਰਵਾ ਦੇਣਗੇ।