ਗਿੱਦੜਬਾਹਾ ’ਚ ‘ਮਿਸ਼ਨ ਕਲੀਨ ਪੰਜਾਬ’ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ ਨੂੰ ਲੱਗਿਆ ਗ੍ਰਹਿਣ
ਗਿੱਦੜਬਾਹਾ, 27 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਵਲੋਂ ਸ਼ਹਿਰ ਅੰਦਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਵਿੱਢੀ ਗਈ ਸਫ਼ਾਈ ਮੁਹਿੰਮ ਨੂੰ ਲਗਦੈ ਗ੍ਰਹਿਣ ਲੱਗ ਗਿਆ ਹੈ। ਵਿਭਾਗ ਕੂੜੇ ਦਾ ਸਥਾਈ ਡੰਪ ਬਣਾਉਣ ਵਿਚ ਅਜੇ ਵੀ ਕਾਮਯਾਬ ਨਹੀਂ ਹੋ ਰਿਹਾ।
ਗਿੱਦੜਬਾਹਾ, 27 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਵਲੋਂ ਸ਼ਹਿਰ ਅੰਦਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਵਿੱਢੀ ਗਈ ਸਫ਼ਾਈ ਮੁਹਿੰਮ ਨੂੰ ਲਗਦੈ ਗ੍ਰਹਿਣ ਲੱਗ ਗਿਆ ਹੈ। ਵਿਭਾਗ ਕੂੜੇ ਦਾ ਸਥਾਈ ਡੰਪ ਬਣਾਉਣ ਵਿਚ ਅਜੇ ਵੀ ਕਾਮਯਾਬ ਨਹੀਂ ਹੋ ਰਿਹਾ। ਜਨਤਕ ਥਾਵਾਂ ’ਤੇ ਲੱਗ ਕੂੜੇ ਦੇ ਢੇਰ ਪ੍ਰਸ਼ਾਸਨ ਦਾ ਮੂੰਹ ਚਿੜ੍ਹਾ ਰਹੇ ਹਨ। ਕੁਝ ਦਿਨ ਪਹਿਲਾਂ ਨਗਰ ਕੌਂਸਲ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਪ੍ਰਧਾਨ ਗੌਰਵ ਜੈਨ ਚੀਨੂੰ ਅਤੇ ਕੌਂਸਲ ਦੇ ਈ.ਓ. ਸੁਨੀਲ ਦੱਤ ਵਰਮਾ ਵਲੋਂ ਜ਼ੋਰਾਂ-ਸ਼ੋਰਾਂ ਨਾਲ ਸਫ਼ਾਈ ਮੁਹਿੰਮ ਦਾ ਆਗਾਜ਼ ਕਰਦਿਆਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਸੀ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਉਨ੍ਹਾਂ ਦਾ ਸਾਥ ਦੇਣ। ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਕੂੜਾ ਜਿਉਂ ਦੀ ਤਿਉਂ ਹੀ ਪਿਆ ਰਹਿੰਦਾ ਹੈ। ਮੁਹੱਲਿਆਂ ਵਿਚ ਖ਼ਾਲੀ ਪਏ ਪਲਾਟਾਂ ’ਚ ਆਮ ਲੋਕ ਕੂੜਾ ਸੁੱਟ ਰਹੇ ਹਨ। ਪਿਉਰੀ ਵਾਲੇ ਫਾਟਕ ਤੋਂ ਲੈ ਕੇ ਲੰਬੀ ਵਾਲੇ ਫਾਟਕ ਤੋਂ ਅੱਗੇ ਤੱਕ ਕੂੜੇ ਦੇ ਢੇਰ ਪਏ ਹਨ। ਲੰਬੀ ਰੋਡ ਬਿਜਲੀ ਘਰ ਕੋਲ ਤਾਂ ਲੰਮੇ ਸਮੇਂ ਤੋਂ ਸੜਕ ਦੇ ਕਿਨਾਰੇ ’ਤੇ ਲੱਗਿਆ ਕੂੜੇ ਦਾ ਢੇਰ ਅੱਧੀ ਸੜਕ ਰੋਕ ਰਿਹਾ ਹੈ, ਜਿਸ ਨੂੰ ਹਟਾਇਆ ਨਹੀਂ ਜਾ ਰਿਹਾ ਅਤੇ ਆਮ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਸਮੇਂ-ਸਮੇਂ ’ਤੇ ਵਿਭਾਗ ਵਲੋਂ ਸੜਕ ’ਤੇ ਖਿਲਰਿਆ ਕੂੜਾ ਸੜਕ ਦੇ ਕਿਨਾਰੇ ’ਤੇ ਹੀ ਇਕੱਠਾ ਕੀਤਾ ਜਾਂਦਾ ਹੈ। ਇਥੇ ਦੂਰ ਤੱਕ ਸੜਕ ਦੇ ਕਿਨਾਰੇ ’ਤੇ ਪਿਆ ਕੂੜਾ ਸ਼ਹਿਰ ਅੰਦਰ ਆਉਣ ਵਾਲੇ ਹਰ ਰਾਹਗੀਰ ਦਾ ਸਵਾਗਤ ਕਰਦਾ ਹੈ। ਪਿਉਰੀ ਫਾਟਕ ਅਤੇ ਲੰਬੀ ਫਾਟਕ ਨਜ਼ਦੀਕ ਪਏ ਕੂੜੇ ਦੇ ਢੇਰਾਂ ’ਤੇ ਦਰਜਨਾਂ ਹੀ ਬੇਸਹਾਰਾ ਪਸ਼ੂ ਰਹਿੰਦੇ ਹਨ। ਕਈ ਵਾਰ ਰੇਲ ਗੱਡੀ ਦੇ ਆਉਣ ’ਤੇ ਫਾਟਕ ਬੰਦ ਹੋਣ ਸਮੇਂ ਢੱਠੇ ਆਪਸ ਵਿਚ ਭਿੜਦੇ ਹਨ ਤਾਂ ਵਾਹਨਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਕਈ ਵਾਰ ਆਮ ਲੋਕਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਸ਼ਹਿਰ ਵਿਚੋਂ ਨਿਕਲਣ ਵਾਲੀਆਂ ਸੜਕਾਂ ’ਤੇ ਜਿੱਥੇ ਵੀ ਖ਼ਾਲੀ ਜਗ੍ਹਾ ਪਈ ਹੈ, ਉੱਥੇ ਕੂੜਾ ਜ਼ਰੂਰ ਮਿਲ ਜਾਂਦਾ ਹੈ, ਜੋ ਸ਼ਹਿਰ ਦੀ ਸੁੰਦਰਤਾ ਨੂੰ ਧੁੰਦਲਾ ਕਰ ਰਿਹਾ ਹੈ। ਦੁਖਦਾਈ ਪਹਿਲੂ ਇਹ ਹੈ ਕਿ ਸ਼ਹਿਰ ਅੰਦਰ ਸੀਵਰੇਜ ਤੇ ਪਾਣੀ ਵਾਲੀਆਂ ਪੈ ਰਹੀਆਂ ਪਾਈਪਾਂ ਕਾਰਨ ਪੁੱਟੀਆਂ ਹੋਈਆਂ ਸੜਕਾਂ ਕਰਕੇ ਬੀਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਸ਼ਹਿਰ ਵਾਸੀ ਉਡਦੀ ਧੂੜ ਫੱਕ ਰਹੇ ਹਨ। ਸ਼ਹਿਰ ਅੰਦਰ ਜਨਤਕ ਥਾਵਾਂ ’ਤੇ ਲੱਗੇ ਕੂੜੇ ਦੇ ਢੇਰ ਅਤੇ ਉਡਦੀ ਧੂੜ ਕਾਰਨ ਲੋਕਾਂ ਦੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਦਸ਼ਾ ਹੈ। ਈ.ਓ. ਸੁਨੀਲ ਦੱਤ ਵਰਮਾ ਨੇ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੂੜਾ ਪਿਆ ਹੈ, ਤਾਂ ਉਸ ਨੂੰ ਜਲਦੀ ਹੀ ਚੁਕਵਾਇਆ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਘਰਾਂ ਅੱਗੇ ਆ ਰਹੀ ਕੂੜਾ ਚੁੱਕਣ ਵਾਲੀ ਟਰਾਲੀ ਨੂੰ ਸੁੱਕਾ ਤੇ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਦੇਣ।