26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਮੀਂਹ ਤੇ ਗੜੇਮਾਰੀ ਨੇ ਲੰਬੀ ਹਲਕੇ ਦੇ 25 ਪਿੰਡਾਂ 'ਚ 20750 ਏਕੜ ਫ਼ਸਲੀ ਰਕਬੇ ਦਾ ਘਾਣ ਕੀਤਾ

ਅਜੀਤ ਡੈਸਕ 02-04-2026
ਮੰਡੀ ਕਿੱਲਿਆਂਵਾਲੀ, 1 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਕੱਲ੍ਹ ਦੇਰ ਸ਼ਾਮ ਲੰਬੀ ਹਲਕੇ ਵਿਚ ਤਿਆਰ ਕਣਕ ਦੀ ਫ਼ਸਲ ਲਈ ਕਹਿਰ ਬਣ ਕੇ ਬਹੁੜੀ ਭਾਰੀ ਮੀਂਹ ਤੇ ਗੜੇਮਾਰੀ ਨੇ 25 ਪਿੰਡਾਂ ਵਿਚ ਲਗਪਗ 20750 ਏਕੜ ਫ਼ਸਲੀ ਰਕਬੇ ਦਾ ਘਾਣ ਕਰ ਦਿੱਤਾ | ਜਿਸ ਨਾਲ ਕਈ ਹਜ਼ਾਰ ਕਿਸਾਨਾਂ ਦੀਆਂ ਆਰਥਿਕ ਆਸਾਂ-ਉਮੀਦਾਂ ਖੇਰੂੰ-ਖੇਰੂੰ ਹੋ ਗਈਆਂ | ਕਰੀਬ 15250 ਏਕੜ ਰਕਬਾ ਖੇਤੀ ਬਲਾਕ ਲੰਬੀ ਦੇ 14 ਪਿੰਡਾਂ ਨਾਲ ਸਬੰਧਿਤ ਹੈ, ਜਦਕਿ ਅੰਦਾਜਨ 5500 ਏਕੜ ਸਰਾਵਾਂ ਜੈਲ (ਖੇਤੀ ਬਲਾਕ ਮਲੋਟ) ਦੇ 11 ਪਿੰਡਾਂ ਦਾ ਹੈ | ਵੱਡੇ ਫ਼ਸਲੀ ਨੁਕਸਾਨ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਲੋਂ ਪ੍ਰਭਾਵਿਤ ਰਕਬਿਆਂ ਦੀ ਸਪੈਸ਼ਲ ਗਿਰਦਾਵਰੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਇਕ ਹਫ਼ਤੇ ਵਿਚ ਕਾਰਗੁਜਾਰੀ ਮੁਕੰਮਲ ਕਰਨ ਲਈ ਕਿਹਾ ਗਿਆ ਹੈ | ਖੇਤੀ ਵਿਭਾਗ ਅਤੇ ਮਾਲ ਵਿਭਾਗ ਦੀਆਂ ਵੱਖ-ਵੱਖ ਟੀਮਾਂ ਕੱਲ੍ਹ ਸ਼ਾਮ ਤੋਂ ਪਿੰਡਾਂ ਵਿਚ ਫ਼ਸਲੀ ਨੁਕਸਾਨ ਦੇ ਵੇਰਵੇ ਜੁਟਾਉਣ ਕਰਨ ਵਿਚ ਜੁਟੀਆਂ ਹਨ | ਮੁੱਢਲੇ ਸਰਕਾਰੀ ਅੰਕੜਿਆਂ ਮੁਤਾਬਿਕ ਖੇਤੀ ਬਲਾਕ ਲੰਬੀ ਵਿਚ ਸਭ ਤੋਂ ਵੱਧ ਨੁਕਸਾਨ ਚੰਨੂ ਤੇ ਥਰਾਜਵਾਲਾ ਵਿਚ ਕਰੀਬ 3500 ਏਕੜ ਅਤੇ ਲਾਲਬਾਈ ਵਿਚ ਲਗਪਗ ਤਿੰਨ ਹਜ਼ਾਰ ਏਕੜ ਦਰਜ ਕੀਤਾ ਗਿਆ ਹੈ | ਬੀਦੋਵਾਲੀ ਵਿਚ ਕਰੀਬ 1100 ਏਕੜ, ਫੁੱਲੂ ਖੇੜਾ ਤੇ ਡੱਬਵਾਲੀ ਮਲਕੋ ਵਿਚ ਲਗਭਗ 800-800 ਏਕੜ ਪ੍ਰਭਾਵਿਤ ਹੋਇਆ ਹੈ | ਖੇਮਾਖੇੜਾ, ਫੱਤਾਕੇਰਾ, ਘੁਮਿਆਰਾ, ਮਾਨ ਤੇ ਵੜਿੰਗ ਖੇੜਾ ਵਿਚ ਕਰੀਬ 400-400 ਏਕੜ ਅਤੇ ਪਿੰਡ ਲੰਬੀ, ਅਬੁਲਖੁਰਾਣਾ ਤੇ ਖਿਓਵਾਲੀ ਵਿਚ 50-50 ਏਕੜ ਰਕਬਾ ਨੁਕਸਾਨ ਦੀ ਮਾਰ ਹੇਠ ਆਇਆ ਹੈ | ਸਰਕਾਰੀ ਸਲੈਬ 26 ਤੋਂ 50 ਫ਼ੀਸਦ ਤਹਿਤ ਲਾਲਬਾਈ ਦਾ ਇਕ ਹਜ਼ਾਰ ਏਕੜ, ਚੰਨੂ ਦਾ 1500 ਏਕੜ, ਬੀਦੋਵਾਲੀ ਦਾ 250, ਥਰਾਜਵਾਲਾ ਦਾ 200 ਅਤੇ ਫੁੱਲੂ ਖੇੜਾ ਦਾ 400 ਏਕੜ ਸ਼ਾਮਿਲ ਹੈ | ਘੁਮਿਆਰਾ ਅਤੇ ਵੜਿੰਗਖੇੜਾ ਵਿਚ ਵੀ ਕਰੀਬ 400-400 ਏਕੜ ਰਕਬਾ ਇਸ ਸਲੈਬ ਤਹਿਤ ਹੈ | 0 ਤੋਂ 25 ਫ਼ੀਸਦ ਨੁਕਸਾਨ ਸਲੈਬ ਦਰ ਤਹਿਤ ਪਿੰਡ ਲਾਲਬਾਈ ਅਤੇ ਚੰਨੂ ਦਾ ਦੋ-ਦੋ ਹਜ਼ਾਰ ਏਕੜ, ਥਰਾਜਵਾਲਾ ਦਾ 1500, ਬੀਦੋਵਾਲੀ ਦਾ 900, ਮਾਨ ਤੇ ਫੁੱਲੂ ਖੇੜਾ ਦਾ ਚਾਰ-ਚਾਰ, ਡੱਬਵਾਲੀ ਮਲਕੋ ਦਾ 800 ਅਤੇ ਖੇਮਾਖੇੜਾ ਦਾ 600 ਏਕੜ ਰਕਬਾ ਸ਼ਾਮਿਲ ਹੈ | ਦੂਜੇ ਪਾਸੇ ਸਰਾਵਾਂ ਜੈਲ ਅਧੀਨ ਪੈਂਦੇ ਰੱਤਾਖੇੜਾ ਵਿਚ 950 ਏਕੜ, ਅਸਪਾਲ ਵਿਚ 850, ਬੋਦੀਵਾਲਾ ਵਿਚ 750, ਸਰਾਵਾਂ ਬੋਦਲਾ ਵਿਚ 450, ਕੱਟਿਆਂਵਾਲੀ ਵਿਚ 300, ਪੱਕੀ ਟਿੱਬੀ ਵਿਚ 150, ਕਬਰਵਾਲਾ ਵਿਚ 200, ਆਲਮਵਾਲਾ ਵਿਚ 500, ਰਾਣੀਵਾਲਾ ਵਿਚ 400, ਮਿੱਡਾ ਵਿਚ 600 ਅਤੇ ਗੁਰੂਸਰ ਯੋਧਾ ਵਿਚ 350 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ | ਇਸੇ ਵਿਚਕਾਰ ਲੰਬੀ ਹਲਕੇ ਤੋਂ ਭਾਜਪਾ ਦੇ ਵਿਧਾਨ ਸਭਾ ਉਮੀਦਵਾਰ ਰਹੇ ਰਾਕੇਸ਼ ਧੀਂਗੜਾ ਨੇ ਪੰਜਾਬ ਸਰਕਾਰ ਤੋਂ ਪ੍ਰਭਾਵਿਤ ਕਿਸਾਨਾਂ ਨੂੰ 100 ਫ਼ੀਸਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖ਼ਾਦ ਕੰਪਨੀਆਂ ਤੇ ਖ਼ਾਦ ਹੋਲਸੇਲਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।