ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੋਂ ਲੰਘਦੇ ਸੂਏ ਉਪਰ ਕਈ ਸਾਲ ਪਹਿਲਾਂ ਬਣਿਆ ਪੁਲ ਇਸ ਸਮੇਂ ਲਵਾਰਿਸ ਬਣਿਆ ਹੋਇਆ ਹੈ | ਕੋਈ ਵੀ ਵਿਭਾਗ ਇਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ | ਦਰਅਸਲ ਜਲਾਲਾਬਾਦ ਰੋਡ ਉਪਰ ਬਣੇ ਇਸ ਪੁਲ 'ਤੇ ਪਿਛਲੇ 10 ਸਾਲਾਂ ਤੋਂ ਵੀ ਵਧ ਸਮੇਂ ਤੋਂ ਰੇਲਿੰਗ ਟੁੱਟੀ ਹੋਈ ਹੈ | ਇੱਥੇ ਹਰ ਰੋਜ਼ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਇਹ ਪੁਲ ਰੋਡ ਸੇਫ਼ਟੀ ਦੀ ਮੀਟਿੰਗ ਵਿਚ ਇਕ ਅਹਿਮ ਮੁੱਦਾ ਬਣਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਸਰਕਾਰੀ ਵਿਭਾਗ ਮੰਡੀ ਬੋਰਡ, ਬੀ ਐਂਡ ਆਰ, ਨਗਰ ਕੌਂਸਲ ਇਸ ਪੁਲ ਨੂੰ ਆਪਣੇ ਅਧੀਨ ਮੰਨਣ ਨੂੰ ਤਿਆਰ ਨਹੀਂ ਹੈ | ਫ਼ਿਰ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਇਸ ਪੁਲ ਦੇ ਕਿਨਾਰਿਆਂ 'ਤੇ ਰੇਲਿੰਗ ਲਗਾਈ ਜਾਵੇਗੀ | ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਅਜੇ ਤੱਕ ਕਿਸੇ ਵਿਭਾਗ ਦੀ ਜ਼ਿੰਮੇਵਾਰੀ ਤੈਅ ਨਹੀਂ ਕਰ ਸਕੇ | ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਦਾ ਮੁੱਖ ਮਾਰਗ ਹੈ | ਇੱਥੋਂ ਲੋਕ ਜਲਾਲਾਬਾਦ ਜਾਣ ਦੇ ਨਾਲ-ਨਾਲ ਟਿੱਬੀ ਸਾਹਿਬ ਰੋਡ, ਲੰਬੀਢਾਬ ਜਾਂ ਹੋਰ ਰਾਸਤਿਆਂ ਤੋਂ ਸ਼ਹਿਰ ਦੇ ਅੰਦਰ ਆਉਣ ਲਈ ਇਨ੍ਹਾਂ ਮਾਰਗਾਂ ਦਾ ਇਸਤੇਮਾਲ ਕਰਦੇ ਹਨ | ਇਸ ਰੋਡ 'ਤੇ ਭਾਰੀ ਆਵਾਜਾਈ ਰਹਿੰਦੀ ਹੈ, ਪਰ ਕਈ ਸਾਲਾਂ ਤੋਂ ਇੱਥੇ ਰੇਲਿੰਗ ਨਹੀਂ ਹੈ | ਹਾਲਾਤ ਇਹ ਹੈ ਕਿ ਪੁਲ 'ਤੇ ਲੱਗੀਆਂ ਲਾਇਟਾਂ ਵੀ ਕਈ ਵਾਰ ਰਾਤ ਦੇ ਸਮੇਂ ਬੰਦ ਰਹਿੰਦੀਆਂ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਜ਼ਿਆਦਾ ਵਧ ਜਾਂਦਾ ਹੈ | ਸ਼ਹਿਰ ਦੇ ਲੋਕਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ 'ਤੇ ਚਰਚਾ ਕਰਨ ਲਈ ਇਕ ਵਟਸਅੱਪ ਗਰੁੱਪ ਬਣਾਇਆ ਹੈ, ਜਿਸ ਵਿਚ ਇਸ ਪੁਲ ਨੂੰ ਲੈ ਕੇ ਕਈ ਵਾਰ ਚਰਚਾ ਚੱਲ ਚੁੱਕੀ ਹੈ | ਲੋਕ ਅਧਿਕਾਰੀਆਂ ਨੂੰ ਵੀ ਮਿਲੇ ਹਨ, ਪਰ ਰੇਿਲੰਗ ਲੈ ਕੇ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ | ਕੀ ਪ੍ਰਸ਼ਾਸਨ ਇਸ 'ਤੇ ਕਿਸੇ ਦੀ ਜ਼ਿੰਮੇਵਾਰੀ ਤੈਅ ਕਰੇਗਾ? ਜਲਾਲਾਬਾਦ ਰੋਡ 'ਤੇ ਬਣੇ ਇਸ ਪੁਲ ਦੀ ਲੰਬਾਈ ਬਹੁਤ ਜ਼ਿਆਦਾ ਨਹੀਂ ਹੈ | ਇੱਥੇ ਇਕ ਪਾਸੇ ਦੀ ਲੰਬਾਈ ਲਗਪਗ 12 ਤੋਂ 15 ਫ਼ੁੱਟ ਹੈ, ਜਿਸ 'ਤੇ ਕੋਈ ਵੱਡਾ ਖ਼ਰਚ ਨਹੀਂ ਆਉਂਦਾ, ਪਰ ਇਸ ਦੇ ਬਾਵਜੂਦ ਵੀ ਕੋਈ ਵੀ ਸਰਕਾਰੀ ਵਿਭਾਗ ਇਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ | ਐੱਸ.ਡੀ.ਐੱਮ. ਗੁਰਪ੍ਰੀਤ ਸਿੰਘ ਥਿੰਦ ਰੋਡ ਸੇਫ਼ਟੀ ਦੀ ਪਿਛਲੀ ਤਿੰਨ ਮੀਟਿੰਗ ਦੌਰਾਨ ਇਸ ਪੁਲ 'ਤੇ ਰੇਲਿੰਗ ਲਗਾਉਣ ਦੇ ਆਦੇਸ਼ ਦੇ ਚੁੱਕੇ ਹਨ, ਪਰ ਇਹ ਆਦੇਸ਼ ਜਾਰੀ ਕਰਦਿਆਂ ਕਿਸੇ ਵੀ ਵਿਭਾਗ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ | ਇਸ ਕਾਰਨ ਅਜੇ ਤੱਕ ਰੇਲਿੰਗ ਨਹੀਂ ਲੱਗ ਸਕੀ | ਸਰਕਾਰੀ ਮੀਟਿੰਗਾਂ ਵੀ ਖ਼ਾਨਾਪੂਰਤੀ ਤੱਕ ਸੀਮਤ ਰਹਿ ਗਈਆਂ ਹਨ | ਬੈਠਕਾਂ ਵਿਚ ਇਸ ਪੁਲ ਨੂੰ ਲੈ ਕੇ ਰੇਲਿੰਗ ਲਗਾਉਣ ਦਾ ਮੁੱਦਾ ਬਾਰ-ਬਾਰ ਉਠ ਰਿਹਾ ਹੈ, ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ | ਕੀ ਕਿਸੇ ਵੱਡੇ ਹਾਦਸੇ ਦੇ ਬਾਅਦ ਹੀ ਪ੍ਰਸ਼ਾਸਨ ਨੀਂਦ ਤੋਂ ਜਾਗੇਗਾ? ਕਿਉਂਕਿ ਹਫ਼ਤਾ ਪਹਿਲਾਂ ਮਾਘੀ ਮੇਲੇ 'ਤੇ ਵੀ ਇਸ ਪੁਲ 'ਤੇ ਰੇਿਲੰਗ ਨਹੀਂ ਲਗਾਈ ਗਈ | ਮਾਘੀ ਮੇਲੇ ਦੇ ਸਮੇਂ ਵੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇਖੀ ਗਈ | ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਪੁਲ ਰੋਡ ਦਾ ਕੰਮ ਕਰਨ ਵਾਲੇ ਵਿਭਾਗ ਦੇ ਅਧੀਨ ਹੋਵੇਗਾ | ਇਹ ਪੁਲ ਸਾਡੇ ਅਧੀਨ ਨਹੀਂ ਹੈ | ਮੰਡੀ ਬੋਰਡ ਦੇ ਇੰਜੀਨੀਅਰ ਵੀਨਸ ਗਰਗ ਨੇ ਦੱਸਿਆ ਕਿ ਜਲਾਲਾਬਾਦ ਰੋਡ ਵਾਲਾ ਪੁਲ ਮੰਡੀ ਬੋਰਡ ਦੇ ਅਧੀਨ ਨਹੀਂ ਆਉਂਦਾ, ਇਹ ਪੀ.ਡਬਲਿਊ.ਡੀ. ਵਿਭਾਗ ਦੇ ਅਧੀਨ ਹੋ ਸਕਦਾ ਹੈ |