ਕਬਰਾਂ ਵਿਚ ਉੱਗੇ ਫੁੱਲ
ਲੇਖਕ : ਰਾਜਪ੍ਰੀਤ ਕੌਰ ਬੈਨੀਪਾਲ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
ਮੁੱਲ : 230 ਰੁਪਏ, ਸਫ਼ੇ : 156
ਸੰਪਰਕ : 99889-05550

ਪੰਜਾਬੀ ਕਹਾਣੀ ਵਿਚ ਆਪਣੇ ਦੂਸਰੇ ਕਹਾਣੀ ਸੰਗ੍ਰਹਿ ਨਾਲ ਹਾਜ਼ਰੀ ਲਗਵਾ ਰਹੀ ਕਹਾਣੀਕਾਰਾ ਨੇ ਇਸ ਸੰਗ੍ਰਹਿ ਵਿਚ ਦਰਜ 9 ਕਹਾਣੀਆਂ ਦੇ ਰਾਹੀਂ ਵਿਸ਼ਵ ਵਿਆਪੀ ਵਰਤਾਰਿਆਂ ਨੂੰ ਆਪਣੀ ਕਥਾ ਦ੍ਰਿਸ਼ਟੀ ਰਾਹੀਂ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਨਵੇਂ ਭਾਸ਼ਾਈ ਮੁਹਾਂਦਰੇ ਨਾਲ ਆਪਣੀ ਗੱਲ ਕਹਿਣ ਵਿਚ ਸਮਰੱਥ ਜਾਪਦੇ ਹਨ ਜਦੋਂ ਉਹ ਕਹਾਣੀ ਕਬਰਾਂ ਵਿਚ ਉੱਗੇ ਫੁੱਲ ਰਾਹੀਂ ਉਨ੍ਹਾਂ ਬੱਚਿਆਂ ਦੀ ਗਾਥਾ ਬਿਆਨ ਕਰਦੀ ਹੈ, ਜਿਹੜੇ ਜੰਗ ਦਾ ਸੰਤਾਪ ਭੋਗਦੇ ਹੋਏ ਵੀ ਸੁਪਨੇ ਦੇਖਦੇ ਹਨ ਅਤੇ ਉਨ੍ਹਾਂ ਸੁਪਨਿਆਂ ਦੇ ਟੁੱਟਣ ਦੀ ਪੀੜ ਨੂੰ ਭੁੱਖ ਆਪਣੇ ਅੰਦਰ ਇਸ ਕਦਰ ਜਜ਼ਬ ਕਰਦੀ ਹੈ ਕਿ ਉਹ ਚੀਖ ਵੀ ਨਹੀਂ ਪਾਉਂਦੇ। ਕਹਾਣੀ ਵਿਚਲੇ ਦੋ ਮੈਟਾਫਰ ਕਬਰਾਂ ਅਤੇ ਫੁੱਲ ਜੀਵਨ ਅਤੇ ਮੌਤ ਦਾ ਪ੍ਰਤੀਕ ਹਨ। ਜੰਗ ਜਿੱਥੇ ਆਪਣੀ ਭਿਆਨਕਤਾ ਨਾਲ ਸਭ ਕੁਝ ਖ਼ਤਮ ਕਰਨ 'ਤੇ ਲੱਗੀ ਹੁੰਦੀ ਹੈ ਉਥੇ ਹੀ ਫੁੱਲਾਂ ਅਤੇ ਸਵਰਗ ਦੇ ਸੁਪਨੇ ਦੇਖ ਰਹੀ ਰੇਸ਼ਮਾ ਆਸ ਤੇ ਉਮੀਦ ਨੂੰ ਕਾਇਮ ਤਾਂ ਰੱਖਦੀ ਹੈ ਪਰ ਮਾਨਵੀ ਚਿਹਰਿਆਂ ਦਾ ਕੋਝਾਪਣ ਉਸ ਦੀ ਕੋਮਲਤਾ ਤੇ ਖ਼ੂਬਸੂਰਤੀ ਨੂੰ ਬੇਦਰਦੀ ਨਾਲ ਕੁਚਲਦਾ ਹੈ। ਕਹਾਣੀ ਸਰਗਮ ਵਿਹੂਣੇ ਸਾਜ ਅਤੇ ਬਿਖੜੇ ਪੈਂਡਿਆਂ ਦਾ ਨਾਚ ਅਜਿਹੀਆਂ ਕਹਾਣੀਆਂ ਹਨ ਜਿਹੜੀਆਂ ਮਨ ਦੇ ਅੰਦਰਲੇ ਸੰਸਾਰ ਨਾਲ ਸਾਂਝ ਪਾਉਦੀਆਂ ਹਨ। ਦੋਵੇਂ ਕਹਾਣੀਆਂ ਦੇ ਪਾਤਰ ਇਸ ਦਵੰਦ ਵਿਚ ਉਲਝੇ ਰਹਿੰਦੇ ਹਨ ਕਿ ਉਨ੍ਹਾਂ ਦੀ ਅਸਲ ਹੋਂਦ ਕੀ ਹੈ। ਸਰਗਮ ਵਿਹੂਣੇ ਸਾਜ ਦਾ ਮੁੱਖ ਪਾਤਰ ਆਪਣੇ ਮਾਪਿਆਂ ਦੀਆਂ ਇੱਛਾਵਾਂ ਤੇ ਫੁੱਲ ਨਹੀਂ ਚੜ੍ਹਾਅ ਪਾਉਂਦਾ ਅਤੇ ਆਪਣੇ ਆਪ ਨੂੰ ਸਵੀਕਾਰ ਨਹੀਂ ਕਰ ਪਾਉਂਦਾ ਉਸ ਦੇ ਅੰਦਰ ਇੱਕ ਵੱਖਰਾ ਸੰਸਾਰ ਵਸਦਾ ਹੈ ਜਿਸ ਵਿਚ ਉਸ ਦਾ ਪਿੰਡ ਅਤੇ ਦਾਦਾ-ਦਾਦੀ ਹਨ, ਕੁਦਰਤ ਹੈ, ਪਰ ਇਸ ਦੇ ਉਲਟ ਉਸ ਦੇ ਮਾਤਾ ਪਿਤਾ ਉਸ ਤੋਂ ਕੁਝ ਹੋਰ ਉਮੀਦਾਂ ਰੱਖਦੇ ਹਨ। ਇਨ੍ਹਾਂ ਉਮੀਦਾਂ ਦੇ ਦਵੰਦ ਵਿਚ ਹੀ ਉਲਝਿਆ ਪਾਤਰ ਮਨੋ ਰੋਗੀ ਹੋ ਜਾਂਦਾ ਹੈ। ਪਰ ਕਹਾਣੀ ਦਾ ਅੰਤ ਸੁਖਾਵਾਂ ਹੈ। ਬਿਖੜੇ ਪੈਂਡਿਆਂ ਦਾ ਨਾਚ ਕਹਾਣੀ ਉਨ੍ਹਾਂ ਰਾਹਾਂ ਦੀ ਬਾਤ ਪਾਉਂਦੀ ਹੈ ਜਿਨ੍ਹਾਂ ਰਾਹਾਂ 'ਤੇ ਅੱਜ ਦੀ ਨੌਜਵਾਨ ਪੀੜੀ ਚੱਲ ਆਪਣੇ ਸੁਪਨਿਆਂ ਦੀ ਪੂਰਤੀ ਚਾਹੁੰਦੀ ਹੈ, ਪਰ ਕਿਤੇ ਨਾ ਕਿਤੇ ਇੱਕ ਅਜਿਹੀ ਚਮਕ-ਦਮਕ ਵਿਚ ਗਵਾਚ ਜਾਂਦੀ ਹੈ ਜਿਹੜੀ ਉਸ ਨੂੰ ਸੁਪਨਿਆਂ ਦੇ ਰਾਹ ਤਾਂ ਲੈ ਜਾਂਦੀ ਹੈ ਪਰ ਉਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਕਹਾਣੀ ਆਧੁਨਿਕ ਸਮੇਂ ਵਿਚ ਚੱਲ ਰਹੀ ਚੂਹਾ ਦੌੜ ਦੀ ਖ਼ੂਬਸੂਰਤ ਪੇਸ਼ਕਾਰੀ ਹੈ, ਜਿੱਥੇ ਹਰ ਕੋਈ ਆਸਮਾਨ ਛੂਹਣਾ ਚਾਹੁੰਦਾ ਹੈ। ਸੁੱਚੀ ਫੁਲਕਾਰੀ ਉਸ ਮਾਨਵੀ ਸੰਵੇਦਨਾ ਦੀ ਗੱਲ ਕਰਦੀ ਹੈ, ਜਿਸ ਵਿਚ ਇੱਕ ਮਾਂ ਦੀਆਂ ਸੱਧਰਾਂ ਆਪਣੀ ਧੀ ਨੂੰ ਸੁੱਚੀ ਸਾਬਿਤ ਕਰਨ ਲਈ ਅਧੂਰੀਆਂ ਰਹਿ ਜਾਂਦੀਆਂ ਹਨ। ਕਹਾਣੀ ਇੱਕ ਮਾਂ ਦੀ ਮਮਤਾ ਅਤੇ ਮੈਂ ਪਾਤਰ ਦੇ ਆਪਣੇ ਮਾਪਿਆਂ ਪ੍ਰਤੀ ਬਦਲਦੇ ਵਤੀਰੇ ਨੂੰ ਬੜੀ ਬਰੀਕੀ ਨਾਲ ਬਿਆਨਦੀ ਹੈ। ਸੋਨੇ ਦੀਆਂ ਬੇੜੀਆਂ ਕਹਾਣੀ ਵਿਚਲੀ ਗੋਲਡੀ ਆਪਣੇ ਅਸਤਿਤਵ ਦੀ ਪਹਿਚਾਣ ਲਈ ਬਹੁਤ ਕੁਝ ਜਰਦੀ ਹੈ ਅਤੇ ਅੰਤ ਆਪਣੇ-ਆਪ ਨੂੰ ਸੋਨੇ ਦੀਆਂ ਉਨ੍ਹਾਂ ਬੇੜੀਆਂ ਤੋਂ ਮੁਕਤ ਕਰਨ ਲਈ ਹੰਭਲਾ ਮਾਰਦੀ ਹੈ, ਜਿਨ੍ਹਾਂ ਨੇ ਉਸ ਦੀ ਅਸਲ ਪਹਿਚਾਣ ਨੂੰ ਕਿਧਰੇ ਗਵਾ ਹੀ ਦਿੱਤਾ ਸੀ। ਚੀਕਣੀ ਮਿੱਟੀ ਦਾ ਰਿਸ਼ਤਾ ਕਹਾਣੀ ਰਿਸ਼ਤਿਆਂ ਵਿਚਲੇ ਉਸ ਸੱਚ ਨੂੰ ਉਜਾਗਰ ਕਰਦੀ ਹੈ ਜਿਸ ਅਨੁਸਾਰ ਰਿਸ਼ਤਿਆਂ ਵਿਚ ਮੁਹੱਬਤ ਦਾ ਹੁੰਗਾਰਾ ਹੀ ਉਨ੍ਹਾਂ ਨੂੰ ਬਣਾਈ ਅਤੇ ਬਚਾਈ ਰੱਖਣ ਲਈ ਕੰਮ ਆਉਂਦਾ ਹੈ। ਇਸੇ ਤਰ੍ਹਾਂ ਇਸ ਸੰਗ੍ਰਹਿ ਦੀਆਂ ਬਾਕੀ ਕਹਾਣੀਆਂ ਵੀ ਆਪੋ-ਆਪਣੇ ਵਿਸ਼ਿਆਂ ਨਾਲ ਇਨਸਾਫ ਕਰਦੀਆਂ ਨਜ਼ਰ ਆਉਂਦੀਆਂ ਹਨ। ਕਹਾਣੀਕਾਰਾ ਦੀ ਭਾਸ਼ਾਈ ਯੋਗਤਾ ਅਤੇ ਕਥਾ ਜੁਗਤ ਉਸ ਦੀਆਂ ਕਹਾਣੀਆਂ ਵਿਚਲੇ ਮੈਟਾਫਰ ਅਤੇ ਸੰਵਾਦ ਉਸਦੇ ਇਸ ਕਹਾਣੀ ਸੰਗ੍ਰਹਿ ਨੂੰ ਵੱਖਰਾ ਕਰਦੇ ਹਨ। ਕਹਾਣੀਆਂ ਦੇ ਪਾਤਰ ਵੀ ਆਪਣੀ ਸਿਰਜਣਾ ਨਾਲ ਇਨਸਾਫ ਕਰਦੇ ਨਜ਼ਰ ਆਉਂਦੇ ਹਨ। ਇਹ ਕਹਾਣੀਕਾਰਾ ਦੀ ਖੂਬਸੂਰਤੀ ਹੈ ਕਿ ਉਸ ਨੇ ਬਹੁਤ ਗੰਭੀਰ ਵਿਸ਼ਿਆਂ ਨੂੰ ਆਪਣੇ ਪਾਤਰਾਂ ਰਾਹੀਂ ਬਹੁਤ ਸਹਿਜਤਾ ਨਾਲ ਪਾਠਕਾਂ ਤੱਕ ਪਹੁੰਚਾਇਆ ਹੈ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਟਹਿਕਦਾ ਗੁਲਾਬ
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਨ : ਤਰਲੋਚਨ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 94631-89432


ਗੁਰਸ਼ਰਨ ਸਿੰਘ ਕੁਮਾਰ ਦਾ ਕਹਾਣੀ-ਸੰਗ੍ਰਹਿ 'ਟਹਿਕਦਾ ਗੁਲਾਬ' ਤੇਰਾਂ ਕਹਾਣੀਆਂ ਦਾ ਗੁਲਦਸਤਾ ਹੈ, ਜਿਸ ਵਿਚ ਸਮਾਜਿਕ, ਪਰਿਵਾਰਕ, ਮਨੋਵਿਗਿਆਨਕ ਅਤੇ ਨੈਤਿਕ ਸਰੋਕਾਰਾਂ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਸੰਗ੍ਰਹਿ ਦੀਆਂ ਕਹਾਣੀਆਂ 'ਅਨਮੋਲ', 'ਮਨੁੱਖ ਅਤੇ ਕਾਨੂੰਨ', 'ਚਾਰ ਦਿਨ ਦੀ ਚਾਨਣੀ', 'ਮੈਂ ਨਹੀਂ ਹਾਰਾਂਗੀ', 'ਕਰਮ ਫਲ', 'ਮਾਂ ਦਾ ਵਿਆਹ', 'ਬੁਢਾਪੇ ਦਾ ਸਹਾਰਾ', 'ਪਹਿਲਗਾਮ' ਅਤੇ 'ਵਿਚਾਰੀ ਅੰਮਾ', 'ਮੈਂ ਫਿਰ ਆਵਾਂਗੀ', 'ਟਹਿਕਦਾ ਗੁਲਾਬ', 'ਹਾਦਸੇ ਅਤੇ ਹੌਸਲੇ', 'ਕਿਸ 'ਤੇ ਮਾਣ ਕਰਾਂ', 'ਤਾਂ ਕਿ ਪਿਆਰ ਬਣਿਆ ਰਹੇ', ਆਦਿ ਕਥਾਵਾਂ ਰਾਹੀਂ ਮਨੁੱਖੀ ਜੀਵਨ ਦੀਆਂ ਵਿਡੰਬਨਾਵਾਂ, ਰਿਸ਼ਤਿਆਂ ਦੀ ਨਾਜ਼ੁਕਤਾ, ਨਸ਼ਿਆਂ ਦੇ ਮਾਰੂ ਪ੍ਰਭਾਵ, ਅੱਤਵਾਦ ਕਾਰਨ ਪੈਦਾ ਹੋਏ ਸਮਾਜਿਕ ਸੰਕਟਾਂ ਅਤੇ ਨੌਜਵਾਨ ਪੀੜ੍ਹੀ ਸਾਹਮਣੇ ਖੜ੍ਹੀਆਂ ਚੁਣੌਤੀਆਂ ਨੂੰ ਪੇਸ਼ ਕਰਦੀਆਂ ਹਨ। ਲੇਖਕ ਦੇ ਇਸ ਸੰਗ੍ਰਹਿ ਤੋਂ ਪਹਿਲਾਂ ਵੀ ਦੋ ਕਹਾਣੀ ਸੰਗ੍ਰਹਿ ਮਤਰੇਈ ਪਤਨੀ ਅਤੇ ਮਿੱਟੀ ਨਾ ਫਰੋਲ ਜੋਗੀਆ ਪ੍ਰਕਾਸ਼ਨ ਤੋਂ ਇਲਾਵਾ ਨੌਂ ਪੁਸਤਕਾਂ ਪ੍ਰੇਰਣਾਦਾਇਕ ਲੇਖ ਸੰਗ੍ਰਹਿ ਸਾਹਿਤ ਦੀ ਝੋਲੀ ਪਾਏ ਹਨ। ਉਸੇ ਤਰ੍ਹਾਂ ਹੀ ਇਸ ਸੰਗ੍ਰਹਿ ਦੀਆਂ ਕਈ ਕਹਾਣੀਆਂ ਵਿਚ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਪ੍ਰੇਰਨਾਦਾਇਕ ਸੰਦੇਸ਼ ਵੀ ਦਿੱਤੇ ਹਨ। ਤਕਨੀਕੀ ਪੱਖ ਤੋਂ ਵੇਖਿਆ ਜਾਵੇ ਤਾਂ ਕਹਾਣੀਆਂ ਦੀ ਕਥਾ-ਵਸਤੂ ਸੰਖੇਪ ਪਰ ਪ੍ਰਭਾਵਸ਼ਾਲੀ, ਪਾਤਰ-ਚਿੱਤਰਣ ਯਥਾਰਥਕ, ਸੰਵਾਦ ਸਹਿਜ ਅਤੇ ਪ੍ਰਸੰਗ ਅਨੁਕੂਲ ਹਨ। ਲੇਖਕ ਨੇ ਪ੍ਰਤੀਕ, ਸੰਕੇਤ ਅਤੇ ਜੀਵਨ ਅਨੁਭਵਾਂ ਦੀ ਵਰਤੋਂ ਕਰਕੇ ਕਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਹੈ। ਭਾਵੇਂ ਕੁਝ ਕਹਾਣੀਆਂ ਵਿਚ ਉਪਦੇਸ਼ਾਤਮਿਕ ਰੁਝਾਨ ਵੱਧ ਹੈ, ਪਰ ਇਹ ਉਪਦੇਸ਼ ਕਥਾ ਦੇ ਪ੍ਰਵਾਹ ਵਿਚ ਹੀ ਰਚੇ-ਬਸੇ ਹਨ ਅਤੇ ਪਾਠਕ ਨੂੰ ਸੋਚਣ ਲਈ ਪ੍ਰੇਰਿਤ ਕਰਦੇ ਹਨ। ਸਮਾਜਿਕ ਚੇਤਨਾ, ਮਨੁੱਖੀ ਮੁੱਲਾਂ ਦੀ ਸਥਾਪਨਾ ਅਤੇ ਸਾਕਾਰਾਤਮਿਕ ਜੀਵਨ ਦ੍ਰਿਸ਼ਟੀ ਇਸ ਸੰਗ੍ਰਹਿ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਸਮੁੱਚੇ ਤੌਰ 'ਤੇ 'ਟਹਿਕਦਾ ਗੁਲਾਬ' ਇੱਕ ਅਜਿਹਾ ਕਹਾਣੀ ਸੰਗ੍ਰਹਿ ਹੈ, ਜੋ ਕਹਾਣੀ-ਕਲਾ ਦੀਆਂ ਮੂਲ ਵਿਸ਼ੇਸ਼ਤਾਵਾਂ ਨੂੰ ਨਿਭਾਉਂਦਿਆਂ ਸਮਾਜਿਕ ਯਥਾਰਥ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ।
-ਡਾ. ਨਾਇਬ ਸਿੰਘ ਮੰਡੇਰ (ਪ੍ਰਿੰਸੀਪਲ)
ਮੋਬਾਈਲ : 081684-55601
ਇਸ਼ਕ ਖ਼ੁਦਾ ਦਾ ਸੋਹਣਾ ਮੰਦਿਰ
ਲੇਖਕਾ : ਰਮਿੰਦਰ ਰੰਮੀ
ਪ੍ਰਕਾਸ਼ਕ : ਬਸੰਤ ਸੁਹੇਲ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 425 ਰੁਪਏ, ਸਫ਼ੇ : 188
ਸੰਪਰਕ :98885-56801

ਰਮਿੰਦਰ ਕੌਰ ਵਾਲੀਆ ਦੀ ਪੁਸਤਕ 'ਇਸ਼ਕ ਖੁਦਾ ਦਾ ਸੋਹਣਾ ਮੰਦਿਰ' ਪੰਜਾਬੀ ਸਾਹਿਤ ਜਗਤ ਵਿਚ ਇੱਕ ਅਜਿਹੀ ਕਿਰਤ ਵਜੋਂ ਪੇਸ਼ ਹੁੰਦੀ ਹੈ, ਜੋ ਮਨੁੱਖੀ ਮਨ ਦੀਆਂ ਅਤਿ-ਸੂਖਮ, ਗੁੰਝਲਦਾਰ ਅਤੇ ਅਣਕਹੀਆਂ ਪਰਤਾਂ ਨੂੰ ਬੇਹੱਦ ਬੇਬਾਕੀ ਅਤੇ ਸੰਵੇਦਨਸ਼ੀਲਤਾ ਨਾਲ ਪੜਚੋਲਦੀ ਹੈ। ਲੇਖਿਕਾ ਦੀ ਸ਼ਾਇਰੀ ਸਿਰਫ਼ ਸ਼ਬਦਾਂ ਦਾ ਜੋੜ-ਤੋੜ ਨਹੀਂ ਹੈ, ਸਗੋਂ ਇਹ ਰੂਹ ਦੇ ਅੰਦਰਲੇ ਉਸ ਡੂੰਘੇ ਸਾਗਰ ਦੀ ਆਵਾਜ਼ ਹੈ, ਜਿਸ ਵਿਚ ਜਜ਼ਬਾਤਾਂ ਦੀਆਂ ਅਨੇਕਾਂ ਛੱਲਾਂ ਉੱਠਦੀਆਂ ਹਨ। ਇਸ ਪੁਸਤਕ ਦੀਆਂ ਕਵਿਤਾਵਾਂ ਦਾ ਡੂੰਘਾ ਅਧਿਐਨ ਕਰਨ 'ਤੇ ਪਤਾ ਲੱਗਦਾ ਹੈ ਕਿ ਇਹ ਕਿਤਾਬ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ, ਮਾਨਸਿਕ ਕਸ਼ਮਕਸ਼, ਨਾਰੀ ਦੀ ਅੰਦਰੂਨੀ ਤਾਕਤ ਅਤੇ ਮਨੁੱਖੀ ਇਕੱਲਤਾ ਨੂੰ ਇੱਕ ਮਾਲਾ ਵਿਚ ਪਰੋ ਕੇ ਪੇਸ਼ ਕਰਦੀ ਹੈ। ਲੇਖਿਕਾ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਬਹੁਤ ਹੀ ਸਰਲ ਸਧਾਰਨ ਸ਼ਬਦਾਂ ਰਾਹੀਂ ਪਾਠਕਾਂ ਦੇ ਸਨਮੁਖ ਰੱਖਿਆ ਹੈ, ਜਿਸ ਕਾਰਨ ਹਰ ਪਾਠਕ ਇਨ੍ਹਾਂ ਕਵਿਤਾਵਾਂ ਨਾਲ ਆਪਣੀ ਸਾਂਝ ਸਿਰਜ ਲੈਂਦਾ ਹੈ।
ਕਵਿੱਤਰੀ ਨੇ ਅਜੋਕੇ ਮਨੁੱਖ ਦੇ ਮਾਨਸਿਕ ਦਵੰਦ ਤੇ ਤਣਾਅ ਨੂੰ ਬੇਹੱਦ ਬਰੀਕੀ ਨਾਲ ਆਪਣੀਆਂ ਕਵਿਤਾਵਾਂ ਵਿਚ ਰੂਪਮਾਨ ਕੀਤਾ ਹੈ। 'ਸ਼ਬਦਾਂ ਦਾ ਬਹੁਤ ਸ਼ੋਰ ਹੈ, ਉਸ ਅੰਦਰ, ਸ਼ਬਦਾਂ ਦਾ ਸ਼ੋਰ ਜਦੋਂ ਵਧ ਜਾਂਦਾ, ਉਸਦੇ ਦਿਮਾਗ ਵਿਚ ਖੌਰੂ ਮਚਾਉਂਦਾ ਹੈ' ਮਨੋਵਿਗਿਆਨਕ ਪੱਖ ਤੋਂ ਇੱਕ ਬਹੁਤ ਹੀ ਵੱਡਾ ਸੱਚ ਬਿਆਨ ਕਰਦੀਆਂ ਹਨ। ਲੇਖਿਕਾ ਜਦੋਂ ਔਰਤ ਦੀ ਹੋਂਦ ਅਤੇ ਉਸਦੇ ਵਜੂਦ ਦੀ ਗੱਲ ਕਰਦੀ ਹੈ ਤਾਂ ਉਹ ਸਮਾਜ ਦੀਆਂ ਸਾਰੀਆਂ ਰੂੜ੍ਹੀਵਾਦੀ ਅਤੇ ਪਿਤਾ-ਪੁਰਖੀ ਸੋਚ ਵਾਲੀਆਂ ਬੇੜੀਆਂ ਨੂੰ ਤੋੜਦੀ ਨਜ਼ਰ ਆਉਂਦੀ ਹੈ। 'ਔਰਤ ਹਾਂ, ਕਮਜ਼ੋਰ ਨਹੀਂ ਹਾਂ, ਸ਼ਕਤੀ ਦਾ ਨਾਮ ਹੈ ਔਰਤ' ਇਹ ਸਤਰਾਂ ਸਿਰਫ਼ ਇੱਕ ਕਵਿਤਾ ਨਹੀਂ, ਸਗੋਂ ਨਾਰੀਵਾਦ ਦਾ ਇੱਕ ਮਜ਼ਬੂਤ ਐਲਾਨਨਾਮਾ ਬਣ ਜਾਂਦੀਆਂ ਹਨ। ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਵਿਚ ਉਦਾਸੀ, ਇਕੱਲਤਾ ਅਤੇ ਰਾਤ ਦੇ ਸੰਨਾਟੇ ਦਾ ਜੋ ਚਿੱਤਰਣ ਕੀਤਾ ਗਿਆ ਹੈ, ਉਹ ਪਾਠਕ ਨੂੰ ਧੁਰ ਅੰਦਰ ਤੱਕ ਬੇਚੈਨ ਕਰਦਾ ਹੈ। ਲੇਖਿਕਾ ਨੇ ਰਾਤ ਦੀ ਇਸ ਚੁੱਪ ਨੂੰ ਇੱਕ ਜਿਊਂਦੇ-ਜਾਗਦੇ ਕਿਰਦਾਰ ਵਾਂਗ ਪੇਸ਼ ਕੀਤਾ ਹੈ ਜੋ ਇਨਸਾਨ ਨੂੰ ਆਪਣੀ ਰੂਹ ਦੀ ਤਲਾਸ਼ੀ ਲੈਣ ਲਈ ਮਜਬੂਰ ਕਰ ਦਿੰਦਾ ਹੈ। ਇਹ ਸਤਰਾਂ ਦਰਦ, ਬਿਰਹਾ ਅਤੇ ਮਨੁੱਖੀ ਹੋਂਦ ਦੇ ਖੋਖਲੇਪਣ ਦਾ ਬਾਖ਼ੂਬੀ ਪ੍ਰਗਟਾਵਾ ਕਰਦੀਆਂ ਹਨ।
-ਡਾ. ਅਮਰਜੀਤ ਕੌਂਕੇ
ਮੋਬਾਈਲ : 98142-31698
ਸਾਡੇ ਨਾਇਕ
ਲੇਖਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 195 ਰੁਪਏ, ਸਫ਼ੇ :119
ਸੰਪਰਕ : 98153-17028

ਨੌਂ ਕਿਤਾਬਾਂ ਦੇ ਰਚੇਤਾ ਬਲਬੀਰ ਲੌਂਗੋਵਾਲ ਨੇ ਇਹ ਕਿਤਾਬ ਨਿਰੋਲ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਲਿਖੀ ਹੈ। ਕਿਤਾਬ ਵਿਚ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ 20 ਸੂਰਬੀਰਾਂ, ਦੇਸ਼ ਭਗਤਾਂ ਤੇ ਸੰਘਰਸ਼ੀ ਯੋਧਿਆਂ ਦਾ ਜੀਵਨ ਹੈ। ਭਾਰਤ ਦੀ ਆਜ਼ਾਦੀ ਲਈ ਪੰਜਾਬ ਸਮੇਤ ਹੋਰ ਸੂਬਿਆਂ ਦੇ ਜੂਝਾਰੂਆਂ ਦਾ ਹਿੱਸਾ ਹੈ। ਪਹਿਲੀ ਵੀਰਾਂਗਣਾ ਬੀਬੀ ਗੁਲਾਬ ਕੌਰ ਹੈ ਜਿਸ ਦਾ ਜਨਮ (1890) ਪਿੰਡ ਬਖਸ਼ੀ ਵਾਲਾ (ਸੰਗਰੂਰ) ਦਾ ਹੈ। ਇਹ ਬੀਬੀ ਅਮਰੀਕਾ ਵਿਚ ਹੋਈ ਗਦਰੀਆਂ ਦੀ ਮੀਟਿੰਗ ਵਿਚ ਸ਼ਾਮਿਲ ਸੀ। ਧੜਲੇਦਾਰ ਭਾਸ਼ਨਕਰਤਾ ਸੀ। ਕਈ ਵਾਰ ਮਰਦਾਂ ਨੂੰ ਚੂੜੀਆ ਦੇ ਕੇ ਵੰਗਾਰ ਲੈਂਦੀ ਸੀ। ਬੀਬੀ ਗੁਲਾਬ ਕੌਰ 28 ਜੁਲਾਈ 1925 ਨੂੰ ਕੋਟਲਾ ਨੌਧ ਸਿੰਘ ਵਿਖੇ ਅੰਗਰੇਜ਼ੀ ਤਸ਼ਦਦ ਕਾਰਨ ਸੰਸਾਰ ਤੋਂ ਵਿਛੜ ਗਈ। ਬਾਬਾ ਸੋਹਨ ਸਿੰਘ ਭਕਨਾ ਦਾ ਜੀਵਨ ਹੈ। ਅੰਮ੍ਰਿਤਸਰ ਦੇ ਪਿੰਡ ਭਕਨਾ ਵਿਚ ਜਨਮੇ (ਜਨਵਰੀ 1870) ਬਾਬਾ ਭਕਨਾ 1913 ਵਿਚ ਗ਼ਦਰ ਪਾਰਟੀ ਦੇ ਪ੍ਰਧਾਨ ਬਣੇ। ਕਾਲੇ ਪਾਣੀ ਦੀ ਜੇਲ੍ਹ ਕੱਟੀ। ਇਕ ਥਾਂ ਬਾਬਾ ਭਕਨਾ ਲਿਖਦੇ ਹਨ---ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਭਾਰਤੀ ਕੌਮ ਦੀ ਦੁਸ਼ਮਣ ਅੰਗਰੇਜ਼ ਸਰਕਾਰ ਮੇਰੀ ਕਮਰ ਨਾ ਝੁਕਾ ਸਕੀ। ਵਿਸ਼ਣੂ ਗਨੇਸ਼ ਪਿੰਗਲੇ ਦਾ ਜਨਮ ਪੂਨਾ (ਮਹਾਰਾਸ਼ਟਰ) 1888 ਦਾ ਹੈ। ਉਹ ਵੀ ਗਦਰ ਪਾਰਟੀ ਦੇ ਉੱਘੇ ਕਾਰਕੁੰਨ ਸਨ। ਪਿੰਗਲੇ ਨੇ ਹਿੰਦੁਸਤਾਨ ਵਿਚ ਗ਼ਦਰ ਕਰਨ ਦਾ ਫੈਸਲਾ ਕੀਤਾ। ਗ਼ਦਰੀ ਸ਼ਹੀਦ ਰਹਿਮਤ ਅਲੀ ਵਜੀਦ ਕੇ ਦਾ ਜਨਮ 1886 ਦਾ ਪਿੰਡ ਵਜੀਦ ਕੇ ਜ਼ਿਲ੍ਹਾ ਬਰਨਾਲਾ ਦਾ ਹੈ। ਕਾਕੋਰੀ ਦੇ ਸ਼ਹੀਦਾਂ ਦਾ ਜ਼ਿਕਰ ਕਿਤਾਬ ਵਿਚ ਹੈ। ਰਾਮ ਪ੍ਰਸਾਦ ਬਿਸਮਿਲ, ਰਾਜੇਂਦਰ ਨਾਥ ਲਹਿੜੀ, ਅਸ਼ਫਾਕ-ਉੱਲਾ-ਖਾਂ ਤੇ ਠਾਕੁਰ ਰੌਸ਼ਨ ਸਿੰਘ ਦੀਆਂ ਸ਼ਹੀਦੀਆਂ ਇਸ ਕਾਂਡ ਵਿਚ ਹਨ। ਲੇਖਕ ਨੇ ਕਾਕੋਰੀ ਦੇ ਇਨ੍ਹਾਂ ਸਾਰੇ ਸ਼ਹੀਦਾਂ ਦਾ ਜੀਵਨ ਖੋਜ ਕਰਕੇ ਲਿਖਿਆ ਹੈ। ਠਾਕੁਰ ਰੌਸ਼ਨ ਸਿੰਘ ਨੂੰ ਜਦੋਂ ਫਾਂਸੀ ਹੋਣੀ ਸੀ। ਉਹ ਬੰਗਲਾ ਭਾਸ਼ਾ ਸਿੱਖਣ ਲੱਗੇ ਪਰ ਉਹ ਆਪਣੀ ਧੁਨ ਦੇ ਪੱਕੇ ਸਨ। ਅਧਿਐਨ ਕਰਦੇ ਰਹਿੰਦੇ। ਭਾਰਤ ਛੱਡੋ ਅੰਦੋਲਨ ਵਿਚ ਵੀ ਉਨ੍ਹਾਂ ਨੇ ਭਾਗ ਲਿਆ। ਸ਼ਹੀਦ ਰਾਮ ਪ੍ਰਸਾਦ ਬਿਸਮਿਲ ਤੇ ਅਸ਼ਫਾਕ-ਉੱਲਾ-ਖਾਂ ਦੀ ਦੋਸਤੀ ਨੂੰ ਲੇਖਕ ਨੇ ਹਿੰਦੂ ਮੁਸਲਿਮ ਏਕਤਾ ਲਿਖਿਆ ਹੈ। ਇਨ੍ਹਾਂ ਸ਼ਹੀਦਾਂ ਦੇ ਨਾਲ ਕਿਤਾਬ ਵਿਚ ਲੇਖਕ ਨੇ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸ਼ਹੀਦ ਊਧਮ ਸਿੰਘ (ਸ਼ਹੀਦ ਊਧਮ ਸਿੰਘ ਦੀ ਚਿੱਠੀ ਸਮੇਤ) ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਭਗਵਤੀ ਚਰਨ ਵੋਹਰਾ, ਦੁਰਗਾ ਭਾਬੀ, ਬਟੁਕੇਸ਼ਵਰ ਦੱਤ ਦੇ ਜੀਵਨ ਸੰਘਰਸ਼ ਦੀ ਦਾਸਤਾਨ ਕਿਤਾਬ ਵਿਚ ਹੈ। ਸ਼ਹੀਦਾਂ ਦੀਆਂ ਤਸਵੀਰਾਂ ਵੀ ਕਿਤਾਬ ਵਿਚ ਹਨ। 30 ਦੇ ਕਰੀਬ ਪੁਸਤਕਾਂ ਦਾ ਹਵਾਲਾ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਮੁਹੱਬਤ ਦੇ ਹਰਫ਼
ਲੇਖਕ : ਹਰਪਾਲ ਸਿੰਘ ਮਨੇਸ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 180 ਰੁਪਏ, ਸਫ਼ੇ :104
ਸੰਪਰਕ : 97810-34134
ਮਹਿਬੂਬ

ਇਹ ਅੱਖਾਂ ਐਵੇਂ ਨਹੀਂ ਸਿੱਲ੍ਹੀਆਂ ਹੁੰਦੀਆਂ
ਇਹ ਦਿਲ ਐਵੇਂ ਨਹੀਂ ਹਉਕੇ ਭਰਦਾ,
ਕੁਝ ਤਾਂ ਵਾਅਦੇ ਕੀਤੇ ਹੋਣਗੇ, ਮਹਿਬੂਬ ਨੇ
ਮਿਲਣ ਦੇ, ਮਿਲ ਕੇ ਵਿਛੜਣ ਦੇ,ਤੇ ਫੇਰ ਮਿਲਣ ਦੇ
ਵਿਚਾਰ ਅਧੀਨ ਪੁਸਤਕ ਕਵੀ ਹਰਪਾਲ ਸਿੰਘ ਮਨੇਸ ਦੀ ਤੀਸਰੀ ਕਾਵਿ-ਪੁਸਤਕ ਹੈ ਜਿਸ ਵਿਚ 100 ਦੇ ਕਰੀਬ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਵਿਚੋਂ ਜ਼ਿਆਦਾਤਰ ਰਚਨਾਵਾਂ ਆਪਣੇ ਮਹਿਬੂਬ ਨੂੰ ਮੁਖ਼ਾਤਬ ਹਨ। ਆਪਣੇ ਮਹਿਬੂਬ ਦੀ ਤਾਰੀਫ਼ ਅਤੇ ਮੁਹੱਬਤ ਦੇ ਇਜ਼ਹਾਰ ਦੇ ਨਾਲ ਨਾਲ ਕੁਦਰਤ ਦੀ ਖ਼ੂਬਸੂਰਤੀ ਨੂੰ ਵੀ ਸਰਾਹਿਆ ਹੈ। ਕਵੀ ਕੁਦਰਤ ਦੇ ਹਰ ਅਹਿਸਾਸ, ਹਰ ਰੰਗ ਨੂੰ ਸ਼ਬਦਾਂ ਦਾ ਰੂਪ ਦੇਣਾ ਜਾਣਦਾ ਹੈ। ਉਸ ਨੂੰ ਕੁਦਰਤ ਦੇ ਵੱਖ-ਵੱਖ ਨਜ਼ਾਰਿਆਂ ਨੂੰ ਸੁੰਦਰ ਭਾਸ਼ਾ ਵਿਚ ਪੇਸ਼ ਕਰਨ ਦੀ ਜਾਚ ਹੈ। ਉਹ ਹਰ ਸਮੇਂ ਆਪਣੇ ਮਹਿਬੂਬ ਨੂੰ ਮਹਿਸੂਸ ਕਰਨਾ ਚਾਹੁੰਦਾ ਹੈ, ਜਜ਼ਬਾਤਾਂ ਦੇ ਦਰਿਆ ਵਿਚ ਵਹਿਣਾ ਚਾਹੁੰਦਾ ਹੈ, ਕੁਦਰਤ ਨਾਲ ਇਸ਼ਕ ਕਰਨਾ ਚਾਹੁੰਦਾ ਹੈ ਤੇ ਫੁੱਲ ਨੂੰ ਆਵਾਜ਼ਾਂ ਮਾਰ ਆਪਣੇ ਵਿਹੜੇ ਵਿਚ ਖਿੜਨ ਲਈ ਕਹਿੰਦਾ ਹੈ। ਉਹ ਬਹੁਤ ਵਿਲੱਖਣ ਅਤੇ ਸੁੰਦਰ ਢੰਗ ਨਾਲ ਹਰ ਪਲ ਨੂੰ ਵੱਖਰੀਆਂ-ਵੱਖਰੀਆਂ ਨਜ਼ਮਾਂ ਵਿਚ ਵੱਖਰੇ ਢੰਗ ਨਾਲ ਵਰਤਦਾ ਹੈ। ਉਹ ਲਫਜ਼ਾਂ ਦੇ ਦਰਿਆ ਵਿਚ ਤਾਰੀਆਂ ਲਾਉਂਦਾ ਸੱਜਣਾਂ ਦੇ ਖਿਆਲਾਂ ਨੂੰ ਵਕਤ ਦੀ ਤੋਰ ਵਿਚ ਬੰਨ੍ਹਦਾ ਜਨਮਾਂ ਦੇ ਸਾਕ ਸਥਾਪਤ ਕਰਦਾ ਰੂਹ ਦਾ ਸਕੂਨ ਪ੍ਰਾਪਤ ਕਰਦਾ ਹੈ ਅਤੇ ਸੂਖਮ ਅਹਿਸਾਸ ਸਮੇਤ ਦਿਲਾਂ 'ਤੇ ਦਸਤਕ ਦਿੰਦਾ ਹੈ। ਉਹ ਆਪਣੀਆਂ ਰਚਨਾਵਾਂ ਨੂੰ ਉਸ ਖ਼ੁਦਾ, ਉਸ ਰੱਬ ਦੀ ਰਹਿਮਤ ਮੰਨਦਾ ਹੈ ਤੇ ਆਪ ਇਹ ਵੀ ਨਹੀਂ ਜਾਣਦਾ ਕਿ ਰਚਨਾ ਕਿਵੇਂ ਸੰਪੂਰਨ ਹੁੰਦੀ ਹੈ। ਇਕ ਕਵਿਤਾ ਵੇਖੋ,
ਮੈਨੂੰ ਨਹੀਂ ਪਤਾ, ਕਿ ਇਹ ਜੋ ਮੈਂ ਲਿਖਦਾ ਹਾਂ
ਇਹ ਕੀ ਹੈ?
ਇਹ ਨਜ਼ਮ ਹੈ, ਗ਼ਜ਼ਲ ਹੈ, ਸ਼ੇਅਰ ਹੈ,
ਜਾਂ ਕੋਈ ਖੁੱਲ੍ਹੀ ਕਵਿਤਾ,
ਇਹ ਤਾਂ ਸੀਨੇ ਵਿਚ ਵਸੇ ਤੇਰੇ ਜਜ਼ਬਾਤ ਨੇ
ਜੋ ਹਰ ਪਲ ਉਮੜਦੇ ਰਹਿੰਦੇ ਨੇ, ਤੇ
ਹੰਝੂ ਬਣ ਅੱਖਾਂ ਵਿਚੋਂ ਕਿਸੇ ਪਹਾੜ ਵਿਚੋਂ
ਫ਼ੁੱਟੇ ਕਿਸੇ ਝਰਨੇ ਵਾਂਗ ਵਹਿੰਦੇ ਨੇ, ਤੇ
ਨਦੀ ਬਣ ਤੇਰੇ ਮੁਹੱਬਤ ਦੇ ਸਾਗਰ ਵਿਚ
ਮਿਲ ਜਾਣ ਲਈ ਤੜਫਦੇ ਰਹਿੰਦੇ ਨੇ, ਤੇ
ਮੈਂ ਉਨ੍ਹਾਂ ਹੰਝੂਆਂ ਦੀ ਸਿਆਹੀ ਵਿਚ ਆਪਣੀ
ਸੱਧਰਾਂ ਦੀ ਕਲਮ ਡੁੱਬੋ ਕੇ ਲਿਖਦਾ ਹਾਂ।
ਆਸ ਹੈ ਇਨ੍ਹਾਂ ਅਹਿਸਾਸਾਂ ਵਿਚ ਗੁੰਦੀ ਕਵਿਤਾ ਪਾਠਕ ਪਸੰਦ ਕਰਨਗੇ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਉੱਠ ਗਏ ਗੁਆਂਢੋ ਯਾਰ
ਲੇਖਕ : ਹਰਨੇਕ ਸਿੰਘ ਘੜੂੰਆਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 286
ਸੰਪਰਕ : 98156-28998

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹਿੰਦੂਆਂ-ਮੁਸਲਮਾਨਾਂ ਦੇ ਨੇਤਾਵਾਂ ਨੇ ਮੁਲਕ ਨੂੰ ਦੋ ਭਾਗਾਂ ਵਿਚ ਵੰਡ ਦੇਣਾ ਪ੍ਰਵਾਨ ਕਰ ਲਿਆ ਸੀ (ਵੰਡਿਆ ਸਵਰਗ ਇਹ ਨਰਕ ਦਾ ਸਮਿਆਨ ਹੋ ਗਿਆ : ਮੋਹਨ ਸਿੰਘ) ਪਰ ਵਸਤੂ-ਸਥਿਤੀ ਇਹ ਸੀ ਕਿ ਨਾ ਕੋਈ ਪੱਛਮੀ ਪੰਜਾਬ ਵਿਚੋਂ, ਇੱਧਰ ਪੂਰਬ ਵਿਚ ਆਉਣਾ ਚਾਹੁੰਦਾ ਸੀ ਅਤੇ ਨਾ ਕੋਈ ਮੁਸਲਮਾਨ ਪਰਿਵਾਰ ਇੱਧਰੋਂ ਉੱਧਰ ਜਾਣ ਦਾ ਇੱਛੁਕ ਸੀ। ਹਰ ਕੋਈ ਆਪੋ-ਆਪਣੀ 'ਸਪੇਸ' ਵਿਚ ਖੁਸ਼ ਸੀ, ਜੜ੍ਹਾਂ ਜੁ ਉਸੇ ਸਪੇਸ ਵਿਚ ਸਨ। ਪਰ ਮੌਲਾਣਿਆਂ, ਭਾਈਆਂ ਅਤੇ ਪੰਡਤਾਂ ਦੀਆਂ ਸਾਜਿਸ਼ਾਂ ਦੇ ਸਨਮੁੱਖ ਕਿਸੇ ਦੀ ਨਾ ਚੱਲੀ। ਪੰਜਾਬੀਆਂ ਨੂੰ ਹਿਜਰਤ ਕਰਨੀ ਹੀ ਪਈ ਅਤੇ ਨਾ ਕੇਵਲ ਦੋਵੇਂ ਦੇਸ਼ (ਪਾਕਿ ਅਤੇ ਹਿੰਦ) ਅਲੱਗ-ਥਲੱਗ ਹੋ ਗਏ, ਬਲਕਿ ਇਕ-ਦੂਜੇ ਦੇ ਖੂਨ ਦੇ ਪਿਆਸੇ ਵੀ ਬਣ ਗਏ।
ਸ. ਹਰਨੇਕ ਸਿੰਘ ਘੜੂੰਏਂ ਦਾ ਭਾਵੇਂ ਪੱਛਮੀ ਪੰਜਾਬ ਨਾਲ ਕੋਈ ਵਾਹ-ਵਾਸਤਾ ਨਹੀਂ ਸੀ, ਪ੍ਰੰਤੂ ਤਾਂ ਵੀ ਉਸ ਦਾ ਦਿਲ ਸਾਂਦਲਬਾਰ, ਗੰਜੀ ਬਾਰ, ਲਾਇਲਪੁਰ ਅਤੇ ਲਾਹੌਰ ਲਈ ਧੜਕਦਾ ਰਹਿੰਦਾ ਸੀ। ਇੱਧਰ ਭਾਰਤੀ-ਪੰਜਾਬ ਵਿਚ ਰਹਿੰਦਾ ਉਹ ਖੰਡਿਤ ਮਹਿਸੂਸ ਕਰਦਾ ਸੀ, ਉਸ ਨੂੰ ਪੂਰਨਤਾ ਉੱਧਰ ਪੱਛਮੀ ਪੰਜਾਬ ਵਿਚ ਜਾ ਕੇ ਹੀ ਨਸੀਬ ਹੁੰਦੀ ਸੀ। ਹਥਲੀ ਪੁਸਤਕ ਵਿਚ ਉਹ ਉਨ੍ਹਾਂ ਦਰਵੇਸ਼ ਰੂਹਾਂ ਦਾ ਸਿਮਰਨ ਕਰਦਾ ਹੈ, ਜਿਹੜੀਆਂ ਸਾਂਝੇ ਸੱਭਿਆਚਾਰ ਲਈ ਧੜਕਦੀਆਂ ਅਤੇ ਮਚਲਦੀਆਂ ਸਨ।
ਅਜਿਹੇ ਵੇਰਵੇ ਤਾਂ ਅਸੀਂ ਬਹੁਤ ਸਾਰੇ ਪੰਜਾਬੀਆਂ ਪਾਸੋਂ ਸੁਣੇ ਪੜ੍ਹੇ ਹਨ ਕਿ ਪਾਕਿਸਤਾਨੀ ਭਰਾ ਬਹੁਤ ਮਹਿਮਾਨ ਨਿਵਾਜ਼ ਹੁੰਦੇ ਹਨ। ਇੱਧਰੋਂ ਪੰਜਾਬ ਤੋਂ ਉਨ੍ਹਾਂ ਪਾਸ ਜਿਹੜਾ ਸ਼ਖ਼ਸ ਵੀ ਜਾਂਦਾ ਹੈ, ਉਹ ਰੱਜ ਕੇ ਉਸ ਦੀ ਖ਼ਿਦਮਤ ਕਰਦੇ ਹਨ, ਉਸ ਤੋਂ ਵਾਰਨੇ ਜਾਂਦੇ ਹਨ। ਪਰ ਇਧਰਲੇ ਪੰਜਾਬੀ ਉਨ੍ਹਾਂ ਵਾਂਗ ਖ਼ਿਦਮਤਗਾਰੀ ਨਹੀਂ ਕਰਦੇ, ਬਲਕਿ ਅੱਖਾਂ ਚੁਰਾਉਣ ਤੱਕ ਜਾਂਦੇ ਹਨ। ਅਸਲ ਵਿਚ ਪਾਕਿਸਤਾਨ ਵਿਚ ਫਿਊਡਲ ਕਦਰਾਂ-ਕੀਮਤਾਂ ਅਜੇ ਵੀ ਜ਼ਿੰਦਾ ਹਨ, ਜਦੋਂ ਕਿ ਸਾਨੂੰ ਪੂੰਜੀਵਾਦ ਨੇ ਹੜੱਪ ਲਿਆ। ਅਸੀਂ ਆਪਣੇ ਹਰ ਕੰਮ ਵਿਚ ਮੁਨਾਫ਼ੇ ਦੀ ਝਾਕ ਰੱਖਦੇ ਹਾਂ। ਜੇ ਸੇਵਾ ਕਰੀਏ ਤਾਂ ਵੀ ਕੁਝ ਹਾਸਿਲ ਕਰਨ ਦੀ ਇੱਛਾ ਬਣੀ ਰਹਿੰਦੀ ਹੈ।
ਸ. ਘੜੂੰਏਂ ਨੇ ਪਾਕਿਸਤਾਨ ਦੀਆਂ ਇਕ-ਦੋ ਯਾਤਰਾਵਾਂ ਨਹੀਂ ਕੀਤੀਆਂ, ਬਲਕਿ ਉਹ ਅੱਠ-ਦਸ ਵਾਰ ਉਧਰ ਗਿਆ। ਸ. ਹਰਚਰਨ ਸਿੰਘ ਬਰਾੜ ਦੀ ਵਜ਼ਾਰਤ ਸਮੇਂ ਉਸ ਨੇ ਇੱਧਰ ਪਾਕਿਸਤਾਨੀ ਅਦੀਬਾਂ ਅਤੇ ਫ਼ਨਕਾਰਾਂ ਦੇ ਕਈ ਪ੍ਰੋਗਰਾਮ ਉਲੀਕੇ ਸਨ। ਲੇਖਕ ਮਾਨਵੀ ਸੰਵੇਦਨਾ ਦਾ ਉਮ੍ਹਲਦਾ-ਉਛਲਦਾ ਇਕ ਦਰਿਆ ਹੈ। ਇਸ ਪੋਥੀ ਵਿਚਲਾ ਬਿਰਤਾਂਤ ਏਨਾ ਸੰਘਣਾ ਅਤੇ ਦਿਲਚਸਪ ਹੈ ਕਿ ਇਸ ਦਾ ਸਾਰ (ਪੈਰਾਫਰੇਜ਼) ਨਹੀਂ ਕੀਤਾ ਜਾ ਸਕਦਾ। ਦੁੱਲਾ ਭੱਟੀ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਦੇ ਬਿਰਤਾਤਾਂ ਨਾਲ ਸੰਬੰਧਿਤ ਇਹ ਪੰਜਾਬੀ ਵਾਰਤਕ ਦੀ ਇਕ ਕਲਾਸਿਕੀ ਲਿਖਤ ਬਣ ਗਈ। ਇਸ ਨੂੰ ਪੜ੍ਹੋ ਅਤੇ ਅਨੰਦ ਵਿਚ ਸਰਸ਼ਾਰ ਹੋ ਜਾਓ। ਆਮੀਨ!
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136