•ਸਮਾਂ ਇਕ ਥਾਂ 'ਤੇ ਰੁਕ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |
ਕਦੇ ਮੌਸਮ ਹੀ ਨਾ ਬਦਲੇ, ਨਹੀਂ ਏਦਾਂ ਨਹੀਂ ਹੁੰਦਾ |
ਲਗਾ ਕੇ ਰੁੱਖ ਗਮਲੇ ਵਿਚ, ਉਨ੍ਹਾਂ ਦੀ ਬੈਠ ਕੇ ਛਾਵੇਂ,
ਕੋਈ ਧੁੱਪਾਂ ਤੋਂ ਬਚ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |
ਕਿਟਾਣੂ ਅਣਖ ਦੇ ਹਰ ਜ਼ਿਹਨ ਵਿਚ ਪੈਦਾ ਤਾਂ ਹੁੰਦੇ ਹਨ,
ਜਿਊਾਦੇ ਰਹਿਣ ਉਹ ਸਾਰੇ, ਨਹੀਂ ਏਦਾਂ ਨਹੀਂ ਹੁੰਦਾ |
ਹੈ ਸਾਰੀ ਪਿ੍ਥਵੀ 'ਤੇ ਜਿੱਤ ਸੰਭਵ, ਮੰਨ ਸਕਦੇ ਹਾਂ,
ਕੋਈ ਹਰ ਦਿਲ ਨੂੰ ਜਿੱਤ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |
ਬਿਨਾਂ ਸੋਚੇ-ਵਿਚਾਰੇ ਘੁੰਮਣਾ, ਬਸਤਾ ਗੁਆ ਲੈਣਾ,
ਅਜਿਹਾ ਵਕਤ ਫਿਰ ਆਵੇ, ਨਹੀਂ ਏਦਾਂ ਨਹੀਂ ਹੁੰਦਾ |
ਇਹ ਪੈਰਾਂ ਨੰਗਿਆਂ ਦੇ ਛਾਲਿਆਂ ਦੀ ਚੀਸ ਜੋ 'ਸਾਜਨ',
ਹਰ ਇਕ ਦਾ ਦਰਦ ਹੋ ਜਾਵੇ, ਨਹੀਂ ਏਦਾਂ ਨਹੀਂ ਹੁੰਦਾ |
---------------------------------------------------
ਕੁਆਰੇ ਹਾਸਿਆਂ ਵਰਗੇ ਅਛੋਹੇ ਨਗ਼ਮਿਆਂ ਵਰਗੇ |
ਮੇਰੇ ਸੁਪਨੇ ਜ਼ਿਬਾਹ ਹੋਏ ਕਵੀ ਦੀ ਕਲਪਨਾ ਵਰਗੇ |
ਮਖੌਟਾ ਪਾ ਲਿਆ ਭਾਵੇਂ ਤੁਸੀਂ ਚਿਹਰੇ 'ਤੇ ਕਵਿਤਾ ਦਾ,
ਮਗਰ ਨੀਰਸ ਤੁਸੀਂ ਵਿੱਚੋਂ ਹੋ ਪੁਸਤਕ ਸੂਚੀਆਂ ਵਰਗੇ |
ਤੁਸੀਂ ਬੁੱਲ੍ਹ ਹੋ ਤੁਹਾਨੂੰ ਹੱਕ ਹੈ ਰੱਜ ਕੇ ਕਰੋ ਮਰਜ਼ੀ,
ਭਲਾ ਕੀ ਜ਼ੋਰ ਹੈ ਸਾਡਾ ਅਸੀਂ ਹਾਂ ਸਿਗਰਟਾਂ ਵਰਗੇ |
ਕਿਸੇ ਨੇ ਮੋਹ ਦੀਆਂ ਤੰਦਾਂ ਨੂੰ ਦਾਤੀ ਆਣ ਪਾਈ ਹੈ,
ਕਰੁੱਤੀ ਰੁੱਤ ਵਿਚ ਹੀ ਆ ਗਏ ਦਿਨ ਵਾਢੀਆਂ ਵਰਗੇ |
ਛਿੜੇ ਉਨ੍ਹਾਂ ਦੀ ਗੱਲ ਤੰਦੂਰ 'ਤੇ ਜਾਂ ਬੋਹੜ ਦੇ ਹੇਠਾਂ,
ਜਦੋਂ ਵੀ ਪਿੰਡ ਵਿਚ ਮਿਲਦੇ ਨੇ ਦੋ ਦਿਲ ਘੁੱਗੀਆਂ ਵਰਗੇ |
ਗ਼ਜ਼ਲ ਨੂੰ ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਕੀਆਂ ਵਿੱਚੋਂ,
ਗ਼ਜ਼ਲ ਵਿਚ ਬਿੰਬ ਵਰਤੇ ਨੇ ਘਰੀਣੀਂ ਦੇ ਘਰਾਂ ਵਰਗੇ |