04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਅਜੀਤ ਡੈਸਕ 04-10-2026


ਜਮਾਲ ਸ਼ਰੀਫ ਹੈਰਾਨ ਸੀ ਕਿ ਚਾਹ ਆਈ, ਸਮੋਸੇ, ਬਰਫ਼ੀ, ਹੋਰ ਚੀਜ਼ਾਂ ਆਈਆਂ, ਖਾਧੀਆਂ, ਪਰ ਇਹ ਸਭ ਕੁਝ ਲੈ ਕੇ, ਅਮੀਰ ਮੁਹੰਮਦ ਕਿਉਂ ਨਹੀਂ ਆਇਆ | ਕਿਉਂਕਿ ਉਸ ਦੀ ਸੋਚ ਮੁਤਾਬਿਕ ਤਾਂ ਜਿਸ ਤਰ੍ਹਾਂ ਰਾਵਲਪਿੰਡੀ 'ਚ ਘਰ 'ਚ ਸੇਵਾਦਾਰੀ ਕਰਦਿਆਂ, ਨੌਕਰ ਥੱਲੇ ਜ਼ਮੀਨ ਤੇ ਸਾਹਮਣੇ ਬੈਠੇ ਹੁੰਦੇ ਸਨ ਜਾਂ ਫਿਰ ਚੀਜ਼ਾਂ ਲਿਆਉਣ, ਬਰਤਨ ਚੁੱਕਣ ਦਾ ਕੰਮ ਕਰਦੇ ਸਨ | ਉਸ ਦੀ ਕਲਪਨਾ ਦੇ ਘੋੜੇ ਉਸ ਦੀ ਸੋਚ ਤੇ ਸੂਝ ਦੇ ਚਨੇ ਚੱਬਦਿਆਂ ਹੀ ਦੌੜ ਲਾਉਂਦਿਆਂ, ਇਸੇ ਨਿਰਣੇ ਤੇ ਪਹੁੰਚ ਰਹੇ ਸਨ ਕਿ ਉਹਦੇ (ਜਮਾਲ ਸ਼ਰੀਫ ਦੇ) ਆਉਣ ਤੇ ਇਨ੍ਹਾਂ ਠੇਕੇਦਾਰਾਂ ਨੇ  ਅਮੀਰ ਮੁਹੰਮਦ ਨੂੰ ਕਿਤੇ ਪਰੇ ਕਰ ਦਿੱਤੈ ਜਾਂ ਦੂਰ ਕਿਸੇ ਕੰਮ ਭੇਜ ਦਿੱਤੈ, ਇਸੇ ਕਰਕੇ ਉਹ ਨਜ਼ਰ ਨਹੀਂ ਆ ਰਿਹਾ |
ਮਨ ਹੀ ਮਨ ਇਸ ਨਿਰਣੇ 'ਤੇ ਪੁੱਜਦਿਆਂ ਉਹਨੂੰ ਗੁੱਸਾ ਆ ਰਿਹਾ ਸੀ ਤੇ ਉਹ ਸੋਚਦਾ ਸੀ ਕਿ ਠੇਕੇਦਾਰਾਂ ਨੂੰ ਆਪਣੀ ਪੁਰਾਣੀ ਹਸਤੀ ਹੀ ਸ਼ਾਇਦ ਯਾਦ ਹੈ, ਜਿਹੜੀ ਹੁਣ ਨਹੀਂ ਰਹੀ ਤੇ ਫਿਰ ਇਹ ਸਾਨੂੰ ਵੀ ਉਸੇ ਪੁਰਾਣੇ ਵੇਲੇ ਵਾਲੇ ਮਾਮੂਲੀ ਬੰਦੇ ਹੀ ਸਮਝਦੇ ਪਏ ਨੇ, ਇਨਾਂ ਨੂੰ ਮੇਰੀ ਸਿਆਸੀ ਪਕੜ ਤੇ ਪਹੁੰਚ ਬਾਰੇ ਇਲਮ ਤੇ ਅਹਿਸਾਸ ਨਹੀਂ, ਸੋ ਕਰ ਲੈਣ ਦਿਓ ਜੋ ਕਰਦੇ ਨੇ, ਕਿੰਨੀ ਦੇਰ ਲਾਉਂਦੇ ਨੇ, ਦੇਖਦੇ ਆਂ | ਜਮਾਲ ਸ਼ਰੀਫ ਨੂੰ, ਕੁਝ ਆਪਦੇ ਆਪ 'ਚ ਹੀ ਸੋਚਾਂ ਦੇ ਸਾਗਰ 'ਚ ਗੋਤੇ ਖਾਂਦਿਆਂ ਦੇਖ ਕੇ ਭਗਵਾਨ ਸਿੰਘ ਦੀ ਕੋਲ ਬੈਠੀ ਪਤਨੀ ਬੋਲੀ, 'ਬੋਲੀਆਂ ਵੀ ਬਦਲ ਹੀ ਗਈਆਂ ਨੇ, ਉਹ ਠੇਠ ਪੋਠੋਹਾਰੀ ਨਾ ਤੁਸੀਂ ਬੋਲ ਰਹੇ ਓ, ਤੇ ਨਾ ਹੀ ਅਸੀਂ, ਇਸ ਪਾਸੇ ਆ ਕੇ ਕੁਝ ਨਾ ਕੁਝ ਇਧਰ ਆਲੀ ਬੋਲੀ ਮਿਕਸ ਹੋ ਗਈ ਐ | ਹਾਂ ਇਸ ਸਭ ਦੇ ਬਾਵਜੂਦ ਵੀ ਪੋਠੋਹਾਰੀ ਰੰਗਤ ਤੇ ਮਿਠਾਸ ਬੋਲਾਂ 'ਚ ਪੂਰੀ ਵਿਦਮਾਨ ਹੈ | ਤੇ ਉਹ ਤੁਹਾਡੇ ਬੋਲਾਂ 'ਚ ਤੇ ਕੁਝ ਜ਼ਿਆਦਾ ਤੇ ਉਹ ਮੁੱਦਤਾਂ ਬਾਅਦ ਸੁਣ ਕੇ ਤੇ ਬੜਾ ਚੰਗਾ ਲੱਗ ਰਹਿਐ |'
'ਹਾਂ ਜੀ ਹਾਂ, ਦਰੁਸਤ ਫੁਰਮਾਇਐ ਤੁਸੀਂ', ਤੇ ਫਿਰ ਹੋਰ ਇੰਤਜ਼ਾਰ ਨਾ ਕਰ ਸਕਦਿਆਂ ਜਮਾਲ ਸ਼ਰੀਫ ਨੇ ਪੁੱਛ ਹੀ ਲਿਆ, 'ਸਾਡਾ ਅਮੀਰ ਨਜ਼ਰ ਨਹੀਂ ਆ ਰਿਹਾ?'
'ਤੁਹਾਡਾ ਭਾਣਜਾ, ਆਪਣੇ ਘਰ ਵਾਲੈ, ਉਹਦਾ ਆਪਦਾ ਘਰ ਹੈ, ਨਜ਼ਦੀਕ ਹੀ | ਹੁਣ ਭੇਜਦੇ ਆਂ ਤੁਹਾਨੂੰ, ਮੈਂ ਪਹਿਲਾਂ ਬੁਲਾਉਣ ਲੱਗਾ ਸਾਂ, ਉਹਨੂੰ ਇੱਥੇ | ਪਰ ਫਿਰ ਜਾਣ ਬੁੱਝ ਕੇ ਨਹੀਂ ਬੁਲਾਇਆ ਕਿ ਇਸ ਵੇਲੇ ਮੰਡੀ ਤੋਂ ਆ ਕੇ ਸ਼ਾਇਦ ਅਜੇ ਆਰਾਮ ਈ ਕਰ ਰਿਹਾ ਹੋਵੇ | ਨਾਲੇ ਉਹਨੂੰ ਅਚਾਨਕ ਮਿਲੋਗੇ, ਉਸ ਦੇ ਆਪਣੇ ਘਰ 'ਚ ਤੇ ਉਸ ਨੂੰ ਜ਼ਿਆਦਾ ਖੁਸ਼ੀ ਹੋਵੇਗੀ |' ਭਗਵਾਨ ਸਿੰਘ ਨੇ ਚਿਹਰੇ ਤੇ ਮੁਸਕਾਨ ਬਿਖੇਰਦਿਆਂ ਜਦੋਂ ਦੱਸਿਆ, ਜਮਾਲ ਸ਼ਰੀਫ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਆਪਣੀਆਂ ਕਲਪਨਾਵਾਂ ਦੇ ਪਰਿਪੇਖ 'ਚ ਕਿਹੋ ਜਿਹੀ ਪ੍ਰਤੀਕਿਰਿਆ ਦਾ ਪ੍ਰਗਟਾਵਾ ਕਰੇ | ਪਰ ਉਸ ਦੀ ਪ੍ਰਤੀਕਿਰਿਆ ਦੀ ਇੰਤਜ਼ਾਰ ਕੀਤੇ ਬਿਨਾਂ ਹੀ ਭਗਵਾਨ ਸਿੰਘ ਨੇ ਆਪਦੇ ਕੋਲ ਖੜ੍ਹੇ ਮੰਡੀ ਤੋਂ ਆਏ ਇਕ ਕਾਰਕੁੰਨ ਨੂੰ ਜਾ ਕੇ ਆਏ ਮਹਿਮਾਨ ਨੂੰ ਮਾਮਾ ਜੀ ਦੇ ਘਰ ਛੱਡ ਕੇ ਆਉਣ ਲਈ ਕਿਹਾ |
'ਬਈ ਮੈਂ ਸੋਚਿਆ, ਇਤਨੇ ਦੂਰੋਂ ਪਹਿਲੀ ਵਾਰੀ ਕੋਈ ਮੋਜ਼ਿਜ਼ ਮਹਿਮਾਨ ਆਇਐ, ਉਹਦੀ ਖਾਤਰ ਤਵਾਜ਼ਿਆ ਕਰਨ ਮਗਰੋਂ ਹੀ ਉਹਨੂੰ ਉਹਦੇ ਭਾਣਜੇ ਕੋਲ ਭੇਜਾਂ', ਕਹਿ ਕੇ ਭਗਵਾਨ ਸਿੰਘ ਨੂੰ ਇਹ ਖਾਬੋ-ਖਿਆਲ ਵੀ ਨਹੀਂ ਸੀ ਆਇਆ ਕਿ ਉਹ ਜਮਾਲ ਸ਼ਰੀਫ, ਅਮੀਰ ਮੁਹੰਮਦ ਦੇ ਅਮੀਰ ਸਿੰਘ ਬਣ ਜਾਣ ਦੇ ਰੋਹ ਨਾਲ ਭਰਿਆ ਪੀਤਾ ਆਇਆ ਸੀ |
'ਮਾਮੀ, ਭਾਪਾ ਜੀ ਨੇ ਭੇਜਿਆ, ਤੁਹਾਡੇ ਮਹਿਮਾਨ ਆਏ ਨੇ', ਅਮੀਰ ਸਿੰਘ ਦੇ ਘਰ ਪਹੁੰਚ, ਕਾਰਕੁੰਨ ਦੇ ਕੁੰਡਾ ਖੜਕਾਂਦਿਆਂ ਕਿਹਾ ਤੇ ਬਾਹਰ ਆਈ ਅਮੀਰ ਸਿੰਘ ਦੀ ਘਰ ਵਾਲੀ, ਅਜਨਬੀ ਨੂੰ ਦੇਖ ਕੇ ਅਜੇ ਪਹਿਚਾਨਣ ਦੀ ਕੋਸ਼ਿਸ਼ ਹੀ ਕਰ ਰਹੀ ਸੀ ਕਿ ਅੰਦਰ ਪਗੜੀ ਬੰਨ੍ਹਦਾ ਅਮੀਰ ਸਿੰਘ, ਆਖਰੀ ਲੜ ਟੰਗਦਾ ਬਾਹਰ ਆ ਕੇ ਆਪਣੇ ਮਾਮੇ ਨੂੰ ਦੇਖਦਿਆਂ ਹੀ ਸੁੰਨ ਹੋ ਗਿਆ ਤੇ ਫਿਰ ਖ਼ੁਸ਼ੀ ਦੇ ਮਾਰੇ ਝੂਮਦੇ ਨੇ ਮਾਮੇ ਦੇ ਪੈਰੀਂ ਹੱਥ ਲਾਇਆ, ਜੱਫੀ ਪਾਈ, ਘਰ ਵਾਲੀ ਨੂੰ ਮਿਲਾਇਆ ਤੇ ਅੰਦਰ ਲੈ ਗਿਆ | 'ਮਾਮਾ ਜੀ, ਅੱਜ ਤੇ ਕਮਾਲ ਹੀ ਕਰ ਦਿੱਤਾ, ਅੱਜ ਤੇ ਸੂਰਜ ਪੂਰਬ ਨਹੀਂ ਪੱਛਮ 'ਚੋਂ ਚੜਿ੍ਹਆ ਹੋਣੈ ਕਿ ਮੇਰਾ ਮਾਮਾ ਮੇਰੇ ਕੋਲ ਪਹੁੰਚ ਗਇਐ | ਬਈ ਵਾਕੇ ਈ, ਮੰਨ ਗਏ ਕਿ ਮੈਂ ਆਪਣੇ ਮਾਮੇ ਨੂੰ ਯਾਦ ਤੇ ਹਾਂ, ਅੱਜ ਤੇ ਜੰਨਤ ਵਾਲੀ ਖ਼ੁਸ਼ੀ ਦੇ ਦਿੱਤੀ ਤੁਸੀਂ ਮਾਮਾ ਜੀ, ਪਰ, ਪਰ... |'
'ਪਰ ਕੀ......?
'ਪਰ ਮਾਮਾ, ਮੇਰਾ ਐਡਰੈਸ ਕਿੰਜ ਪਤਾ ਕੀਤਾ, ਇੰਨਾ ਵੱਡਾ ਇਹ ਮੁਲਕ?'
ਓਏ ਤੂੰ ਸੋਚ ਵੀ ਨਹੀਂ ਸਕਦਾ ਕਿ ਤੇਰਾ ਮਾਮਾ ਇਸ ਟੈਮ ਹਸਤੀ ਹੈ, ਆਪਣੇ ਮੁਲਕ 'ਚ | ਮੈਂ ਇਸ ਟੈਮ ਸਰਕਾਰੀ ਡੈਲੀਗੇਸ਼ਨ ਨਾਲ, ਸਰਕਾਰੀ ਖਰਚੇ ਤੇ ਇੱਥੇ ਆਇਆ ਹੋਇਆਂ ਤੇ ਆਣ ਤੋਂ ਪੇਸ਼ਤਰ ਈ, ਇਨਾਂ ਠੇਕੇਦਾਰਾਂ ਦਾ ਪਤਾ ਕਰਾ ਲਿਆ ਸੀ ਤੇ ਸਾਰੀ ਖ਼ਬਰ ਵੀ | ਅੱਲਾਹ ਨਾ ਫਜ਼ਲ ਐ, ਫੁਲ ਕਿ੍ਪਾ ਐ | ਪਤਾ ਈ, ਲੱਖਾਂ ਰੁਪਏ ਦੀ ਆਮਦਨ ਐ ਤੇਰੇ ਮਾਮੇ ਦੀ, ਵੱਡਾ ਠੇਕੇਦਾਰ ਐ, ਪਿੰਡੀ ਦਾ | ਤੇ ਤੇਰਾ ਵੱਡਾ ਭਰਾ, ਸਮੀਰ ਨੈਕ ਮੁਹੰਮਦ, ਭੱਠੇ ਦਾ ਮਾਲਕ ਐ, ਅੱਲਾਹ ਦੀ ਮੇਹਰ ਨਾਲ | ਓਏ ਤਾਂ ਈ ਤੇ, ਤੇਰਾ ਖਿਆਲ ਆਉਂਦਾ ਸੀ ਕਿ... |'
ਮਾਮੇ ਨੂੰ ਵਿਚ ਕੱਟ ਕੇ ਤੇ ਨਾਲ ਘਰ ਵਾਲੀ ਵਲੋਂ ਲਿਆੲਆ ਚਾਹ ਦਾ ਪਿਆਲਾ ਪਕੜਾਉਂਦਿਆਂ ਅਮੀਰ ਸਿੰਘ ਕਹਿਣ ਲੱਗਾ, 'ਮਾਮਾ ਜੀ, ਵਜ੍ਹਾ ਫੁਰਮਾਇਆ ਤੁਸੀਂ, ਤੁਹਾਨੂੰ ਤੇ ਆਪਣਾ ਖੂਨ ਹੋਣ ਕਰਕੇ ਦਰਦ ਐ ਮੇਰਾ, ਪਰ ਭਾਪਾ ਜੀ ਮੇਰੇ ਵਾਸਤੇ ਪਿਓ ਤੋਂ ਘੱਟ ਨਹੀਂ | ਕਿਸੇ ਗਲੋਂ ਕਮੀ ਨਹੀਂ |'
ਚਾਹ ਦਾ ਕੱਪ, ਬਗ਼ੈਰ ਪੀਤੇ ਸਟੂਲ ਤੇ ਪਟਕਦਿਆਂ ਜਮਾਲ ਸ਼ਰੀਫ, ਅੰਦਰੋਂ ਭਰਿਆ ਪੀਤਾ, ਸਰਦਾਰਾਂ ਦੀ ਹੋਰ ਤਾਰੀਫ ਅਮੀਰ ਮੁਹੰਮਦ ਦੇ ਮੂੰਹੋਂ ਸੁਣਨੀ ਗਵਾਰਾ ਨਾ ਕਰ ਸਕਿਆ ਤੇ ਗੁੱਸੇ 'ਚ ਕਰਾਰੀ ਆਵਾਜ਼ 'ਚ ਭੜਕ ਪਿਆ, 'ਓਏ | ਬੜੀਆਂ ਨਸਲਾਂ ਸਾਡੀਆਂ ਨੇ ਸੇਵਾ ਕਰ ਲਈ, ਇਨ੍ਹਾਂ ਸਰਦਾਰਾਂ ਦੀ | ਹੁਣ ਨੀ ਲੋੜ ਉਸੇ ਤਰ੍ਹਾਂ ਜਿਊਣ ਦੀ | ਮੈਨੂੰ ਤੇ ਗੁੱਸਾ ਇਹ ਐ ਕਿ ਤੂੰ ਇਨ੍ਹਾਂ ਨਾਲ ਆ ਕੇ ਇੱਥੇ ਦਾ ਇੱਥੇ ਕਿਉਂ ਰਹਿ ਗਿਐਂ ਤੇ ਫਿਰ ਇਨ੍ਹਾਂ ਕਰਾੜਾਂ ਦੇ ਪਰੈਸ਼ਰ ਹੇਠ ਆ ਕੇ ਤੂੰ ਧਰਮ ਹੀ ਬਦਲ ਲਿਆ, ਸਰਦਾਰ ਬਣ ਗਇਓਾ | ਓਏ ਨਹੀਂ ਲੋੜ ਅਈ, ਇੰਜ ਪਰੈਸ਼ਰ ਹੇਠ ਆਣੇ ਦੀ | ਮੈਂ ਸਭ ਪਤਾ ਕਰਾਇਆ, ਤੇਰੇ ਇੱਥੇ ਰਹਿਣ 'ਚ ਵੀ ਮੈਨੂੰ ਕੋਈ ਇਤਰਾਜ਼ ਨਾ ਹੋਣਾ, ਪਰ ਇਸ ਤਰ੍ਹਾਂ ਪ੍ਰੈਸ਼ਰ ਹੇਠ ਆ ਕੇ ਧਰਮ ਈ ਬਦਲ ਲੈਣਾ, ਕਤੱਈ ਗਵਾਰਾ ਨਹੀਂ | ਮੈਂ ਐਸੀ ਤੈਸੀ ਫੇਰ ਦਿਆਂ, ਇਨ੍ਹਾਂ ਨੀ |'
'ਓ, ਮਾਮਾ ਜੀ, ਤੁਸੀਂ ਗ਼ਲਤ ਸਮਝ ਰਹੇ ਹੋ |'
'ਓਏ ਚੁੱਪ ਓਏ, ਮੈਨੂੰ ਸਭ ਪਤੈ | ਕੱਲਾ ਬੰਦਾ ਬੇਵੱਸ ਹੋਂਦੈ | ਓਏ ਪੁਸ਼ਤ-ਦਰ-ਪੁਸ਼ਤਾਂ ਇਨਾਂ ਦੀ ਸੇਵਾਦਾਰੀ ਕਰ ਲਈ, ਹੋਰ ਕਿੰਨੀ | ਹੁਣ ਆਪਣਾ ਆਜ਼ਾਦ ਪਾਕਿਸਤਾਨ ਐ | ਠੀਕ ਐ, ਉੱਥੇ ਵੀ ਮਜ਼ਲਮੀਅਤ ਬਥੇਰੀ ਐ, ਪਰ ਤੇਰਾ ਮਾਮਾ, ਤੇਰਾ ਮਾਮਾ ਸਿਆਸੀ ਹਸਤੀ ਐ, ਤੇ ਮੇਰੇ ਭਾਣਜੇ ਤੇ ਕੋਈ ਇੰਜ ਜ਼ੁਲਮ ਕਰ ਜਾਏ, ਮੈਂ ਹੋਣ ਨੀ ਦਿਆਂਗਾਂ | ਮੈਂ... |'
ਉੱਚੀ ਦੇਣੀ ਬੋਲ ਕੇ ਮਾਮੇ ਨੂੰ ਰੋਕਦਿਆਂ ਅਮੀਰ ਸਿੰਘ ਬੋਲਿਆ, 'ਮਾਮਾ ਜੀ ਮੈਂ ਨੌਕਰ ਦੀ ਹੈਸੀਅਤ 'ਚ ਨਹੀਂ, ਮਾਲਕ ਦੀ ਹੈਸੀਅਤ 'ਚ, ਸੁਸਾਇਟੀ 'ਚ ਇੱਜ਼ਤ ਨਾਲ ਰਹਿ ਰਿਹਾਂ | ਇਹ ਘਰ ਜਿੱਥੇ ਤੁਸੀਂ ਬੈਠੇ ਓ, ਮੈਂ ਇਹਦਾ ਮਾਲਕ ਆਂ | ਭਾਪਾ ਜੀ ਦੇ ਪੋਤਰੇ ਪੋਤਰੀ ਦਾ ਮੈਂ ਮਾਮਾ ਆਂ, ਸਿਰਫ ਲਫਜ਼ਾਂ 'ਚ ਨਹੀਂ, ਸਹੀ ਮਾਇਨਿਆਂ 'ਚ ਮਨ, ਬਚਨ ਕਰਕੇ | ਭਾਪਾ ਜੀ ਦਾ ਆੜ੍ਹਤ ਦਾ ਕੰਮ ਐ ਤੇ ਨਾਲ ਹੀ ਮੈਨੂੰ ਆਪਣਾ ਅਲੱਗ ਆੜ੍ਹਤ ਦਾ ਕੰਮ ਕਰਵਾਇਐ ਉਨ੍ਹਾਂ, ਮੇਰੀ ਆਪਣੀ ਮਾਲਕੀਅਤ ਹੈ ਫਿਰ ਉੱਥੋਂ ਲੁੱਟੇ ਪੁੱਟੇ ਆਣ ਤੋਂ ਬਾਅਦ, ਜਿਉਂ ਹੀ ਆਪ ਸੈਟਲ ਹੋਏ, ਮੇਰੇ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ | ਕਦੇ ਨੌਕਰ ਨੀ ਸਮਝਿਆ |'
'ਓਏ ਮੈਂ ਨੀ ਮੰਨਦਾ, ਇਹ ਤੂੰ ਮਾਮੇ ਨੂੰ ਤਸੱਲੀ ਦੇਣ ਵਾਸਤੇ ਈ ਕਹਿਨਾ ਪਿਐਂ | ਓਏ ਮਾੜੇ ਮੋਟੇ ਲਾਲਚ ਸਰਮਾਏਦਾਰ ਮਹਿਜ਼ ਵਰਤਣ ਵਾਸਤੇ ਜਾਂ ਫਿਰ ਮੁਸਲਮਾਨ ਤੋਂ ਸਰਦਾਰ ਬਣਾਉਣ ਵਾਸਤੇ ਦਿੰਦੇ ਨੇ | ਓਏ ਸਾਡੇ ਮੁਗਲ ਬਾਦਸ਼ਾਹ ਵੀ ਤੇ ਇਹੋ ਕੁਝ ਕਰਕੇ ਖ਼ੁਸ਼ੀ ਲੈਂਦੇ ਆਏ |'
ਮਾਮੇ ਨੂੰ ਵਿਚੋਂ ਟੋਕਦਿਆਂ ਅਮੀਰ ਸਿੰਘ ਨੇ ਬੜੀ ਹਲੀਮੀ 'ਚ ਨੇੜੇ ਬੈਠੀ ਘਰ ਵਾਲੀ ਵੱਲ ਇਸ਼ਾਰਾ ਕਰਦਿਆਂ ਆਖਿਆ, 'ਤੇ ਮਾਮਾ ਜੀ ਇਹ ਚੰਨ ਵਰਗੀ ਤੁਹਾਡੀ ਨੂੰਹ ਰਾਣੀ ਭਾਪਾ ਜੀ ਦੀ ਰਿਸ਼ਤੇਦਾਰੀ ਚੂੰ ਹੀ ਚੰਗੇ ਰੱਜੇ ਪੁੱਜੇ ਘਰ ਦੀ ਧੀ ਐ |'
'ਓਏ ਉੱਥੇ ਹੁੰਦਾ ਤੂੰ, ਤੇ ਇਸ਼ਾ ਅੱਲਾਹ, ਇਸ ਤੋੰ ਘੱਟ ਨਾ ਕਰਦਾ ਤੇਰਾ ਮਾਮਾ | ਪਰ ਇਸ ਵਾਸਤੇ ਧਰਮ ਬਦਲਣ ਦੀ ਲੋੜ ਨਾ ਪੈਂਦੀ | ਪਰ ਗੱਲ ਸੁਣ, ਮੈਨੂੰ ਪਤਾ ਲੱਗ ਗਿਐ ਬਈ ਤੂੰ ਵਾਪਸ ਵੀ ਗਇਆ ਸੈਂ ਰਾਵਲਪਿੰਡੀ, ਦਰੁੱਸਤ ਐ ਇਹ ਗੱਲ?'
'ਹਾਂ ਮਾਮਾ ਜੀ ਦਰੁਸਤ ਹੈ | ਮੈਂ ਭਾਪਾ ਜੀ ਨਾਲ ਹੀ ਉੱਥੋਂ ਚਲਿਆ ਸਾਂ, ਪਰ ਰਸਤੇ 'ਚ ਹੀ ਵਾਪਸ ਹੋ ਗਿਆ ਸਾਂ | ਤੁਸੀਂ ਕਿਹੜੇ ਵਕਤਾਂ ਦੀ ਗੱਲ ਯਾਦ ਕਰਾ ਦਿੱਤੀ ਐ | ਹਾਂ, ਠੀਕ ਐ, ਬਈ ਆਜ਼ਾਦ ਮੁਲਕ ਪਾਕਿਸਤਾਨ ਬਣ ਗਿਆ | ਪਰ... ਪਰ ਮਾਮਾ ਜੀ, ਬੜਾ ਕੁਝ ਤੱਕਿਆ, ਬੜਾ ਕੁਝ ਸਿੱਖਿਆ | ਹੈਵਾਨੀਅਤ ਦੀ ਹਨੇਰੀ ਤਕੀ.....'
ਭਾਣਜੇ ਦਾ ਸਵੈ-ਵਿਸ਼ਵਾਸ ਤੱਕ ਕੇ ਜਮਾਲ ਸ਼ਰੀਫ ਦਾ ਗੁੱਸਾ ਤੇ ਭਾਵੇਂ ਨਹੀਂ ਸੀ ਘਟਿਆ, ਪਰ ਹੈਂਕੜ ਮਾੜੀ ਮੋਟੀ ਘਟੀ ਸੀ | 'ਓਏ ਸਿੱਧੀ ਗੱਲ ਦੱਸ ਨਾ, ਵਾਪਸ ਹੋ ਕੇ ਵੀ ਤੈਨੂੰ ਆਜ਼ਾਦ ਬਣ ਗਏ ਆਪਣੇ ਮੁਲਕ 'ਚ ਸਾਹ ਲੈਣੇ ਪਸੰਦ ਨੀ ਆਏ | ਓਏ ਕੀ ਹੋਇਆ?'
'ਤੇ ਫਿਰ, ਹੁਣ ਸੁਣੋ ਮਾਮਾ ਜੀ | ਰੌਲੇ ਪਏ, ਤੁਹਾਨੂੰ ਪਤੈ, ਭਾਪਾ ਜੀ ਦਾ ਮੈਂ ਬਿਲਕੁਲ ਪਰਸਨਲ ਸੇਵਾਦਾਰ ਸਾਂ | ਅੱਗਾਂ ਲੱਗੀਆਂ ਹੋਈਆਂ ਆਹੀਆਂ, ਮਾਰ ਕਾਟ ਦੀ ਗੱਲ ਸਜਿਓਾ ਖੱਬਿਓਾ ਸੁਣਨ ਨੂੰ ਮਿਲ ਰਹੀ ਅਹੀ, ਪਰ ਭਾਪਾ ਜੀ ਨੂੰ ਕਿਸੇ ਫੌਜੀ ਰਿਸ਼ਤੇਦਾਰ ਦੀ ਮਦਦ ਵੀ ਮਿਲੀ ਤੇ ਸੰਦੇਸ਼ਾ ਵੀ, ਬਈ ਜਾਣਾ ਪੈਣੈ, ਜਿੰਨੀ ਜਲਦੀ ਹੋ ਸਕੇ, ਨਿਕਲ ਜਾਓ | ਸੋ, ਉਸ ਮਦਦ ਭੇਜੀ, ਮਾੜਾ ਮੋਟਾ ਸਾਮਾਨ ਇਕੱਠਾ ਕੀਤਾ ਤੇ ਫਿਰੋਜ਼ਪੁਰ ਕੈਂਪ ਪਹੁੰਚ ਗਏ | ਭਾਪਾ ਜੀ ਦਾ ਖਿਆਲ ਸੀ, ਬਈ ਰਾਜ ਬਦਲਦੇ ਨੇ, ਰਈਆ ਥੋੜ੍ਹੇ ਈ ਬਦਲਦੀ ਐ, ਸੋ, ਸ਼ਾਂਤੀ ਹੋਣ 'ਤੇ ਇਥੇ ਹੀ ਵਾਪਸ ਆ ਜਾਵਾਂਗੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ
-ਮੋਬਾਈਲ : 98155-09390

ਪਿਛਲੀ ਖ਼ਬਰ ਹੁਣ ਤੱਕ ਮੰਡੀਆਂ ’ਚੋਂ 70 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ-ਕਟਾਰੂਚੱਕ ਕਿਹਾ, ਗੁਦਾਮਾਂ ਤੇ ਸ਼ੈਲਰਾਂ ’ਚ ਪਈ ਕ... ਅਗਲੀ ਖ਼ਬਰ ਸਰਹੱਦ ’ਤੇ ਮਾਰੇ ਗਏ ਦੋ ਘੁਸਪੈਠੀਆਂ ਨੂੰ ਪਾਕਿ ਨੇ ਆਪਣਾ ਨਾਗਰਿਕ ਦੱਸਿਆ ਭਾਰਤੀ ਰਾਜਦੂਤ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।