04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅੱਜ ਜਨਮ ਦਿਨ 'ਤੇ ਵਿਸ਼ੇਸ਼ ਲਾਲਾ ਧਨੀ ਰਾਮ ਚਾਤਿ੍ਕ

ਅੱਜ ਜਨਮ ਦਿਨ 'ਤੇ ਵਿਸ਼ੇਸ਼ ਲਾਲਾ ਧਨੀ ਰਾਮ ਚਾਤਿ੍ਕ

ਅਜੀਤ ਡੈਸਕ 04-10-2026

ਲਾਲਾ ਧਨੀ ਰਾਮ ਚਾਤਿ੍ਕ 20ਵੀਂ ਸਦੀ ਦੇ ਹਰਮਨ ਪਿਆਰੇ ਪ੍ਰਮੁੱਖ ਪੰਜਾਬੀ ਕਵੀ ਹੋਏ ਹਨ | ਉਨ੍ਹਾਂ ਦਾ ਜਨਮ 4 ਅਕਤੂਬਰ, 1876 ਈਸਵੀ ਨੂੰ ਪੱਸੀਆਂ ਵਾਲਾ, ਜ਼ਿਲ੍ਹਾ ਸਿਆਲਕੋਟ ਵਿਖੇ ਲਾਲਾ ਪੋਹੂ ਮੱਲ ਅਤੇ ਮਾਤਾ ਲਕਸ਼ਮੀ ਦੇਵੀ ਦੇ ਘਰ ਹੋਇਆ | ਉਨ੍ਹਾਂ ਦੇ ਜਨਮ ਤੋਂ ਪਹਿਲਾਂ ਇਸੇ ਪਿੰਡ ਦੇ ਪ੍ਰਸਿੱਧ ਕਿੱਸਾਕਾਰ ਇਮਾਮ ਬਖਸ਼ ਵੀ ਹੋਏ ਹਨ | ਡੇਢ ਸਾਲ ਦੀ ਉਮਰ ਦੇ ਚਾਤਿ੍ਕ ਨੂੰ ਲੈ ਕੇ ਉਸ ਦੇ ਮਾਤਾ ਪਿਤਾ ਨੇੜਲੇ ਕਸਬੇ ਲੋਪੋਕੇ ਜ਼ਿਲ੍ਹਾ ਅੰਮਿ੍ਤਸਰ ਵਿਖੇ ਆਣ ਵਸੇ ਸਨ | ਬਾਲਕ ਚਾਤਿ੍ਕ ਨੂੰ ਉਸ ਦਾ ਚਾਚਾ ਮੋਢਿਆਂ 'ਤੇ ਚੁੱਕ ਕੇ ਜਗ੍ਹਾ ਜਗ੍ਹਾ ਰਾਸਾਂ-ਤਮਾਸ਼ਿਆਂ ਮੇਲਿਆਂ ਅਤੇ ਛਿੰਝਾਂ ਆਦਿਕ ਉੱਤੇ ਲਿਜਾਇਆ ਕਰਦਾ ਸੀ | ਬਾਅਦ ਵਿਚ ਇਹੋ ਅਨੁਭਵ ਹੀ ਉਨ੍ਹਾਂ ਦੀ ਕਵਿਤਾ ਦਾ ਆਧਾਰ ਬਣੇ | 
ਲਾਲਾ ਧਨੀ ਰਾਮ ਚਾਤਿ੍ਕ ਨੇ ਰੁਜ਼ਗਾਰ ਦੀ ਪ੍ਰਾਪਤੀ ਲਈ ਅਕਤੂਬਰ 1893 ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਅਤੇ ਭਾਈ ਵਜ਼ੀਰ ਸਿੰਘ ਜੀ ਦੀ 'ਵਜ਼ੀਰ ਹਿੰਦ ਪ੍ਰੈੱਸ' ਵਿਚ ਨੌਕਰੀ ਕਰ ਲਈ | ਇਸ ਸਮੇਂ ਤੱਕ ਧਨੀ ਰਾਮ ਚਾਤਿ੍ਕ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਚੁੱਕੀ ਸੀ | ਸ਼ੁਰੂ ਵਿਚ ਉਨ੍ਹਾਂ ਦਾ ਤੁਖੱਲਸ ਹਰਿ ਧਨੀ ਸੀ, ਜਦੋਂ ਕਿੱਸਾ 'ਭਰਥਰੀ ਹਰੀ' ਅਤੇ 'ਨਲ ਦਮਯੰਤੀ' ਛਪੇ ਤਾਂ ਉਨ੍ਹਾਂ ਨੇ ਆਪਣਾ ਤੁਖੱਲਸ ਚਾਤਿ੍ਕ ਰੱਖ ਲਿਆ | ਭਾਈ ਵੀਰ ਸਿੰਘ ਦਾ ਚਾਤਿ੍ਕ ਦੇ ਜੀਵਨ 'ਤੇ ਬਹੁਤ ਪ੍ਰਭਾਵ ਪਿਆ |  
1920 ਤੋਂ ਪਹਿਲਾਂ ਧਨੀ ਰਾਮ ਚਾਤਿ੍ਕ ਦੇ 'ਭਰਥਰੀ ਹਰੀ' ਅਤੇ 'ਨਲ ਦਮਯੰਤੀ' ਲੋਕ ਪਿ੍ਯਤਾ ਦੀ ਸਿਖਰ 'ਤੇ ਸਨ | 1924 ਈਸਵੀ ਤੱਕ ਉਨ੍ਹਾਂ ਦੀਆਂ ਸੱਤ- ਸੱਤ ਐਡੀਸ਼ਨਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ | ਅਕਤੂਬਰ 1911 ਵਿਚ ਉਹ ਟਾਈਪ ਫਾਊਾਡਰ ਬਣਨ ਲਈ ਅੰਮਿ੍ਤਸਰ ਤੋਂ ਮੁੰਬਈ ਚਲੇ ਗਏ ਅਤੇ ਉੱਥੇ ਜਾ ਕੇ ਗੁਰਮੁਖੀ ਦੇ ਟਾਈਪ ਬਣਵਾਉਣੇ ਸ਼ੁਰੂ ਕੀਤੇ | ਤਿੰਨ ਸਾਲ ਲਗਾਤਾਰ ਮਿਹਨਤ ਕਰਨ ਪਿੱਛੋਂ ਉਹ ਛੇ ਸੱਤ ਟਾਈਪ ਬਣਵਾ ਕੇ ਕਾਰੀਗਰਾਂ ਸਮੇਤ ਅੰਮਿ੍ਤਸਰ ਆ ਗਏ ਅਤੇ ਜੁਲਾਈ-ਅਗਸਤ 1914 ਨੂੰ ਬਕਾਇਦਾ ਸਟੈਂਡਰਡ ਟਾਈਪ ਫਾਊਾਡਰ ਦਾ ਕਾਰੋਬਾਰ ਸਥਾਪਿਤ ਕੀਤਾ | ਉਨ੍ਹਾਂ 1924 ਵਿਚ ਸੁਦਰਸ਼ਨ ਪਿ੍ੰਟਿੰਗ ਪ੍ਰੈੱਸ ਲਗਾਈ | 
1931 ਵਿਚ ਚਾਤਿ੍ਕ ਦਾ ਕਾਵਿ-ਸੰਗ੍ਰਹਿ ਚੰਦਨਵਾੜੀ ਪ੍ਰਕਾਸ਼ਿਤ ਹੋਇਆ, ਇਸ ਕਾਵਿ ਸੰਗ੍ਰਹਿ ਦੀ ਪ੍ਰਕਾਸ਼ਨਾ ਦੇ ਨਾਲ ਧਨੀ ਰਾਮ ਚਾਤਿ੍ਕ ਪੰਜਾਬੀ ਕਵੀਆਂ ਦੀ ਮੂਹਰਲੀ ਕਤਾਰ ਵਿਚ ਆ ਖਲੋਤੇ | ਕੋਰਾ ਕਾਦਰ, ਕੁਦਰਤ ਦੇ ਮੇਲੇ, ਪ੍ਰੇਮ ਬਾਣ, ਰਾਧਾ ਸੰਦੇਸ਼, ਹਿਮਾਲਾ, ਬਸੰਤ ਰੁੱਤ ਅਤੇ ਮੇਲੇ ਵਿਚ ਜੱਟ ਆਦਿ ਕਵਿਤਾਵਾਂ ਚੰਦਨਵਾੜੀ ਕਾਵਿ ਸੰਗ੍ਰਹਿ ਦੀਆਂ ਉੱਤਮ ਕਵਿਤਾਵਾਂ ਹਨ | ਚਾਤਿ੍ਕ ਦੇ ਕਾਵਿ- ਸੰਗ੍ਰਹਿ 'ਕੇਸਰ ਕਿਆਰੀ' ਵਿਚ ਉਨ੍ਹਾਂ ਦੀਆਂ 1932 ਤੋਂ1940 ਤੱਕ ਦੀਆਂ ਕਵਿਤਾਵਾਂ ਸ਼ਾਮਿਲ ਹਨ | ਇਸ ਸੰਗ੍ਰਹਿ ਵਿਚ ਬਹੁਤੇ ਗੀਤ, ਗ਼ਜ਼ਲਾਂ , ਕਾਫੀਆਂ, ਕੱਵਾਲੀਆਂ ਅਤੇ ਦੋਹਰੇ ਹਨ | 'ਨਵਾਂ ਜਹਾਨ 1942-45 ਤੱਕ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ | ਨੂਰ ਜਹਾਂ ਬਾਦਸ਼ਾਹ ਬੇਗਮ ਕਾਵਿ ਸੰਗ੍ਰਹਿ 1944 ਵਿਚ ਪ੍ਰਕਾਸ਼ਤ ਹੋਇਆ  | ਚਾਤਿ੍ਕ ਦਾ ਕਾਵਿ ਸੰਗ੍ਰਹਿ ਸੂਫ਼ੀ ਖਾਨਾ 1952 ਵਿਚ ਪ੍ਰਕਾਸ਼ਿਤ ਹੋਇਆ | ਇਸ ਵਿਚ ਗੀਤ, ਗ਼ਜ਼ਲਾਂ ਅਤੇ ਸੂਫ਼ੀ ਰੰਗਤ ਦੀਆਂ ਕਵਿਤਾਵਾਂ ਸ਼ਾਮਿਲ ਹਨ | ਚਾਤਿ੍ਕ ਨੂੰ ਆਪਣੇ ਦੇਸ਼ ਨਾਲ, ਪੰਜਾਬ ਨਾਲ, ਪੰਜਾਬੀ ਬੋਲੀ ਨਾਲ, ਪੰਜਾਬ ਦੇ ਦਰਿਆਵਾਂ ਤੇ ਖੇਤਾਂ ਅਤੇ ਪੰਜਾਬੀਅਤ ਨਾਲ ਅਥਾਹ ਪਿਆਰ ਸੀ | ਉਨ੍ਹਾਂ ਨੂੰ ਪੰਜਾਬ ਦੇ ਜੰਗਲਾਂ, ਬੇਲਿਆਂ, ਮੈਦਾਨਾਂ, ਦਰਿਆਵਾਂ, ਤਿ੍ੰਝਣਾਂ, ਮੇਲਿਆਂ ਨਾਲ ਅਥਾਹ ਮੋਹ ਸੀ | ਚਾਤਿ੍ਕ ਦੀਆਂ ਕਵਿਤਾਵਾਂ ਉਪਰ ਸਮਕਾਲੀ ਲਹਿਰਾਂ ਵਿਸ਼ੇਸ਼ ਕਰਕੇ ਸਿੰਘ ਸਭਾ ਲਹਿਰ ਅਤੇ ਕਾਂਗਰਸ ਦੀ ਆਜ਼ਾਦੀ ਲਈ ਚਲਾਈ ਲਹਿਰ ਦਾ ਬਹੁਤ ਪ੍ਰਭਾਵ ਪਿਆ | 
ਉਨ੍ਹਾਂ ਦੀਆਂ ਰਚਨਾਵਾਂ ਦੀ ਬੋਲੀ ਠੇਠ, ਮੁਹਾਵਰੇਦਾਰ ਅਤੇ ਟਕਸਾਲੀ ਹੈ | ਬਸੰਤ, ਵਿਸਾਖੀ ਦਾ ਮੇਲਾ, ਅੰਮਿ੍ਤਸਰ ਸਿਫਤੀ ਦਾ ਘਰ, ਸਾਉਣ, ਮਹਾਰਾਜਾ ਰਣਜੀਤ ਸਿੰਘ, ਤ੍ਰੈ ਮਾਵਾਂ, ਮੇਲੇ ਵਿਚ ਜੱਟ, ਬੋਲੀ ਹੈ ਪੰਜਾਬੀ ਸਾਡੀ ਉਨ੍ਹਾਂ ਦੀਆਂ ਪੰਜਾਬ, ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਦੀ ਭਾਵਨਾ ਨਾਲ ਓਤ-ਪੋਤ ਕਵਿਤਾਵਾਂ ਹਨ | ਉਸ ਦੀ ਪੰਜਾਬ ਕਵਿਤਾ ਦਾ ਨਮੂਨਾ ਪੇਸ਼ ਹੈ:-
ਪੰਜਾਬ ਕਰਾਂ ਕੀ ਸਿਫਤ ਤੇਰੀ,  
ਸ਼ਾਨਾਂ ਦੇ ਸਭ ਸਮਾਨ ਤਿਰੇ | 
ਜਲ ਪੌਣ ਤਿਰਾ ਹਰਿਔਲ ਤਿਰੀ, 
ਦਰਿਆ ਪਰਬਤ ਮੈਦਾਨ ਤਿਰੇ | 
ਭਾਰਤ ਦੇ ਸਿਰ ਤੇ ਛਤਰ ਤਿਰਾ, 
ਤੇਰੇ ਸਿਰ ਛਤਰ ਹਿਮਾਲਾ ਦਾ |  
ਮੋਢੇ ਤੇ ਚਾਦਰ ਬਰਫਾਂ ਦੀ, 
ਸੀਨੇ ਵਿਚ ਸੇਕ ਜੁਆਲਾ ਦਾ | 
ਪੰਜਾਬੀ ਬੋਲੀ ਬਾਰੇ ਉਸ ਦੀ ਕਵਿਤਾ ਦੇਖੋ:-
ਬਾਬੇ ਨਾਨਕ ਦੀਏ ਵਡਿਆਈਏ | 
ਬੁੱਲ੍ਹੇ ਸ਼ਾਹ ਦੀਏ ਸਿਰ ਤੇ ਚਾਈਏ | 
ਤੇਰੇ ਦਿਨ ਫੇਰੇ ਸਿਰਜਣਹਾਰ ਨੇ, 
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇ | 
'ਰਾਧਾ ਸੰਦੇਸ਼' ਨਾਂਅ ਦੀ ਕਵਿਤਾ ਵਿਚ ਜਿਸ ਤਰ੍ਹਾਂ ਚਾਤਿ੍ਕ ਜੀ ਨੇ ਮੁਹਾਵਰਿਆਂ ਦੀ ਵਰਤੋਂ ਕੀਤੀ ਹੈ, ਉਸ ਤਰ੍ਹਾਂ ਕੋਈ ਹੋਰ ਨਹੀਂ ਕਰ ਸਕਦਾ | 
ਲਾਲਾ ਧਨੀ ਰਾਮ ਚਾਤਿ੍ਕ ਦੀਆਂ ਵਾਰਤਕ ਰਚਨਾਵਾਂ ਵਿਚ 'ਦੋ ਉੱਤਮ ਜੀਵਨ', ਫੁੱਲਾਂ ਦੀ ਟੋਕਰੀ, ਇਸਤਰੀ ਦੁਖਦਸ਼ੀ, 'ਚੁੱਪ ਦੀ ਦਾਤ', ਪਰਬੋਧ ਸਿੰਘ ਦਾ ਜੀਵਨ ਸੁਧਾਰ, ਈਸਪਨੀਤੀ ਆਦਿ ਦਾ ਜ਼ਿਕਰ ਆਉਂਦਾ ਹੈ | 'ਰਮਈਆ ਸੇਠ' ਧਨੀ ਰਾਮ ਚਾਤਿ੍ਕ ਦਾ ਲਿਖਿਆ ਹੋਇਆ ਨਾਵਲ ਹੈ | 'ਉਥੈਲੋ' ਉਨ੍ਹਾਂ ਦੀ ਅਨੁਵਾਦਿਤ ਰਚਨਾ ਹੈ | 1951 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਉਨ੍ਹਾਂ ਨੂੰ ਅਭਿਨੰਦਨ ਗ੍ਰੰਥ ਭੇਂਟ ਕਰਕੇ ਸਤਿਕਾਰ ਦਿੱਤਾ ਗਿਆ ਸੀ | ਅਜਿਹਾ ਸਤਿਕਾਰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਸਾਹਿਤਕਾਰ ਸਨ | ਨਿਰਸੰਦੇਹ ਲਾਲਾ ਧਨੀ ਰਾਮ ਚਾਤਿ੍ਕ ਲੋਕਾਂ ਦਾ ਸ਼ਾਇਰ ਸੀ | 
20ਵੀਂ ਸਦੀ ਦੇ ਮਹਾਨ ਕਵੀ ਲਾਲਾ ਧਨੀ ਰਾਮ ਚਾਤਿ੍ਕ ਅੰਤ 18 ਦਸੰਬਰ, 1954 ਨੂੰ ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੀ ਕਵਿਤਾ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੀ ਰਹੇਗੀ | 
-ਵਾਰਡ ਨੰਬਰ 15, ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ-142047.
ਮੋਬਾਈਲ : 97812-00168.

ਪਿਛਲੀ ਖ਼ਬਰ ਸਰਹੱਦ ’ਤੇ ਮਾਰੇ ਗਏ ਦੋ ਘੁਸਪੈਠੀਆਂ ਨੂੰ ਪਾਕਿ ਨੇ ਆਪਣਾ ਨਾਗਰਿਕ ਦੱਸਿਆ ਭਾਰਤੀ ਰਾਜਦੂਤ ਤਲਬ ਅਗਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਏ.ਆਈ.ਐਸ.ਏ. ਕਾਰਕੁਨਾਂ ਵਲੋਂ ਰੋਸ ਮਾਰਚ ਲਗਭਗ 200 ਪ੍ਰਦਰਸ਼ਨਕਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।