23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਅਜੀਤ ਡੈਸਕ 23-08-2026


ਉੱਨੀ ਸੌ ਚੁਰੰਜਾ ਵਿਚ ਪੈਦਾ ਹੋਇਆ, ਪਲਾਸੌਰ (ਤਰਨਤਾਰਨ) ਵਿਚ ਪ੍ਰਵਾਨ ਚੜਿ੍ਹਆ ਸੋਹਿੰਦਰਬੀਰ ਸਿੰਘ ਬਹੁ-ਵਿਧਾਵੀ ਕਲਮਕਾਰ ਹੈ | ਉਸ ਨੇ ਗ਼ਜ਼ਲਾਂ ਵੀ ਲਿਖੀਆਂ, ਗੀਤ ਵੀ ਸਿਰਜੇ, ਆਲੋਚਨਾ ਤੇ ਸਮੀਖਿਆ ਦਾ ਕਾਰਜ ਵੀ ਕੀਤਾ ਹੈ | ਉਸ ਦੀਆਂ ਗ਼ਜ਼ਲਾਂ ਸਾਦ-ਮੁਰਾਦੀਆਂ ਕਿਸੇ ਫ਼ਕੀਰ ਦੀ ਦੁਆ ਵਰਗੀਆਂ ਹੁੰਦੀਆਂ ਹਨ | ਇਨ੍ਹਾਂ ਵਿਚ ਜਿੱਥੇ ਮੁਹੱਬਤੀ ਗੁਫ਼ਤਗੂ ਹੁੰਦੀ ਹੈ ਓਥੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸੰਵਾਦ ਵੀ ਸ਼ਾਮਿਲ ਹੁੰਦੇ ਹਨ | ਉਸ ਦੇ ਸ਼ਿਅਰਾਂ ਵਿਚ ਵਧੇਰੇ ਕਰਕੇ ਤਨਹਾਈ, ਤੜਪ, ਦੁਬਿਧਾ ਤੇ ਪੀੜ ਦਾ ਰੁਦਨ ਹੁੰਦਾ ਹੈ | ਉਹ ਪੀ ਐੱਚ ਡੀ ਹੈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਤੌਰ ਪ੍ਰੋਫੈਸਰ ਸੇਵਾ ਮੁਕਤ ਹੋਇਆ ਹੈ | ਅੱਜਕਲ੍ਹ ਉਹ ਅਮਰੀਕਾ ਰਹਿ ਰਿਹਾ ਹੈ ਤੇ ਉਸ ਦੀਆਂ ਪੁਸਤਕਾਂ ਦੀ ਗਿਣਤੀ ਪੱਚੀ ਦੇ ਕਰੀਬ ਹੈ ਜਿਨ੍ਹਾਂ 'ਚੋਂ ਸੱਤ ਕਵਿਤਾ ਨਾਲ ਸਬੰਧਤ ਹਨ | ਸੋਹਿੰਦਰਬੀਰ ਤਰੰਨੁਮ ਵਿਚ ਗ਼ਜ਼ਲ ਕਹਿੰਦਾ ਹੈ ਤੇ ਉਸ ਦੀ ਬਹੁਤੀ ਸ਼ਾਇਰੀ ਪ੍ਰਗੀਤਕ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-                                    
-ਮੋਬਾਈਲ : 99884-44002

ਅਗਰ ਆਪਣੀ ਮੁਹੱਬਤ ਦੇ ਸਿਤਾਰੇ ਮਿਲ ਗਏ ਹੁੰਦੇ | 
ਨਜ਼ਾਰੇ ਫੇਰ ਜੰਨਤ ਦੇ ਵੀ ਸਾਰੇ ਮਿਲ ਗਏ ਹੁੰਦੇ | 

ਸਵੇਰੇ ਮੁੱਢ ਕਦੀਮਾਂ ਤੋਂ ਬੜੇ ਰਮਣੀਕ ਹੋਏ ਨੇ, 
ਸੁਹਾਣੀ ਸ਼ਾਮ ਦੇ ਸਾਨੂੰ ਨਜ਼ਾਰੇ ਮਿਲ ਗਏ ਹੁੰਦੇ | 

ਅਸਾਡੇ ਜਸ਼ਨ ਵਿਚ ਸੈਆਂ ਸ਼ਗੂਫ਼ੇ ਮਹਿਕ ਪੈਣੇ ਸੀ,
ਕਿਤੇ ਜੇ ਜਾਨ ਨਾਲੋਂ ਵਧ ਕੇ ਪਿਆਰੇ ਮਿਲ ਗਏ ਹੁੰਦੇ | 

ਅਗਰ ਰੰਗਾਂ ਤੇ ਨਸਲਾਂ ਦਾ ਮਨਾਂ ਵਿੱਚ ਵਹਿਮ ਨਾ ਹੁੰਦਾ, 
ਤਾਂ ਫਿਰ ਪੂਰਬ ਤੇ ਪੱਛੋਂ ਦੇ ਕਿਨਾਰੇ ਮਿਲ ਗਏ ਹੁੰਦੇ | 

ਅਸੀਂ ਰਾਹਾਂ ਦੇ ਕੱਖ ਬਣ ਕੇ ਨਹੀਂ ਸੀ ਦਰ-ਬ-ਦਰ ਰੁਲਣਾ,
ਬਹਾਰਾਂ ਦੇ ਖ਼ਿਜ਼ਾਂ ਵਿਚ ਜੇ ਸਹਾਰੇ ਮਿਲ ਗਏ ਹੁੰਦੇ | 

ਅਸੀਂ ਸਾਗਰ ਉਲੰਘ ਜਾਂਦੇ ਥਲਾਂ ਨੂੰ  ਪਾਰ ਵੀ ਕਰਦੇ,
ਅਗਰ ਪਰਲੇ ਕਿਨਾਰੇ ਤੋਂ ਇਸ਼ਾਰੇ ਮਿਲ ਗਏ ਹੁੰਦੇ |

 



ਬਹਾਰਾਂ ਨਾ ਕਦੇ ਆਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਉਮੀਦਾਂ ਉਮਰ ਭਰ ਲਾਈਆਂ ਤੇਰੇ ਤੁਰ ਜਾਣ ਦੇ ਮਗਰੋਂ |

ਜਦੋਂ ਤੂੰ ਨਾਲ ਸੀ ਮੇਰੇ ਝੁਕਾਉਂਦੇ ਸੀਸ ਸੀ ਪਰਬਤ,
ਚੁਫੇਰੇ ਡੂੰਘੀਆਂ ਖਾਈਆਂ ਤੇਰੇ ਤੁਰ ਜਾਣ ਦੇ ਮਗਰੋਂ |

ਤੇਰੀ ਲਿਸ਼ਕੋਰ ਵਿੱਚ ਅਰਸ਼ਾਂ 'ਤੇ ਸੂਰਜ ਜਗਮਗਾਉਂਦਾ ਸੀ,
ਘਟਾਵਾਂ ਕਾਲੀਆਂ ਛਾਈਆਂ ਤੇਰੇ ਤੁਰ ਜਾਣ ਦੇ ਮਗਰੋਂ |

ਮੇਰੇ ਸਿਰ 'ਤੇ ਟਿਕਾ ਕੇ ਤੁਰ ਗਿਆ ਤੂੰ ਭਾਰੀਆਂ ਗੱਠਾਂ,
ਇਕੱਲੇ ਪਾਰ ਮੈਂ ਲਾਈਆਂ ਤੇਰੇ ਤੁਰ ਜਾਣ ਦੇ ਮਗਰੋਂ |

ਤੂੰ ਮੇਰੇ ਨਾਲ ਹੁੰਦਾ ਤਾਂ ਕਹਾਣੀ ਹੋਰ ਹੋਣੀ ਸੀ,
ਸਜ਼ਾਵਾਂ ਲੰਮੀਆਂ ਪਾਈਆਂ ਤੇਰੇ ਤੁਰ ਜਾਣ ਦੇ ਮਗਰੋਂ |

ਸਹਾਰੇ ਜੋ ਵੀ ਚਿਤਵੇ ਸੀ ਕਿਨਾਰਾ ਕਰ ਗਏ ਸਾਰੇ,
ਹਜ਼ਾਰਾਂ ਠੋਕ੍ਹਰਾਂ ਪਾਈਆਂ ਤੇਰੇ ਤੁਰ ਜਾਣ ਦੇ ਮਗਰੋਂ |

ਨਿਗਾਹੀਂ ਨੂਰ ਨੱਚਦਾ ਤੇ ਖ਼ੁਸ਼ੀ ਸੀ ਦੌੜ ਕੇ ਮਿਲਦੀ, 
ਸਮੇਂ ਨੇ ਬੇੜੀਆਂ ਪਾਈਆਂ, ਤੇਰੇ ਤੁਰ ਜਾਣ ਦੇ ਮਗਰੋਂ |

ਪਿਛਲੀ ਖ਼ਬਰ ਪਾਕਿ ਸਮਾਜਿਕ ਕਾਰਕੁਨ ਨੇ ਹਾਫ਼ਿਜ਼ ਸਈਦ ਤੇ ਉਸ ਦੇ ਪੁੱਤਰ ਤਲਹਾ ਨੂੰ ਦੱਸਿਆ ‘ਠੱਗ ਮੁੱਲ੍ਹੇ ਜਿਹਾਦੀ’ ਅਗਲੀ ਖ਼ਬਰ ਦਰਦ ਭਰੀ ਖ਼ਾਮੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।