15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਿੰਡਾਂ ਆਲੇ

ਪਿੰਡਾਂ ਆਲੇ

ਅਜੀਤ ਡੈਸਕ 15-08-2026

ਪਿੰਡਾਂ ਆਲੇ ਅੰਬ ਨੂੰ ਅੰਬ ਵਾਂਗ ਖਾਂਦੇ ਹਨ, ਸ਼ਹਿਰਾਂ ਵਾਲੇ ਅੰਬ ਚਮਚੇ ਨਾਲ ਫਾੜੀਆਂ ਤੋਂ ਚੱਕਦੇ ਹਨ; ਜਿਵੇਂ ਅੰਬ ਦੇ ਦਿਲ ਦਾ ਆਪ੍ਰੇਸ਼ਨ ਕਰਨਾ ਹੋਵੇ।
ਪਿੰਡਾਂ ਆਲੇ ਟਰਾਲੀ 'ਤੇ ਬਹਿ ਕੇ ਕਿਤੇ ਵੀ ਪਹੁੰਚ ਸਕਦੇ ਹਨ, ਕਿਤੇ ਵੀ ਮਤਲਬ, ਕਿਤੇ ਵੀ ...!
ਗੱਡੀ ਵਿਚੋਂ ਲੱਤ ਲਮਕੇ, ਕੋਈ ਭੌਰ ਚੱਲਿਆ ਮੁਕਲਾਵੇ
ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਬਾਬਿਆਂ ਦੇ ਚੱਲ ਚੱਲੀਏ... ਬਾਬਿਆਂ ਤੇ ਬਾਬੂਆਂ ਦਾ ਗਧੀਗੇੜ ਜਿਵੇਂ ਬਿਧ ਮਾਤਾ ਨੇ ਲੇਖਾਂ ਵਿਚ ਪੱਕਾ ਲਿਖ ਦਿੱਤਾ ਹੈ।
ਪੇਂਡੂ ਹੋਣਾ ਹੁਣ ਇਕ ਬਰਾਂਡ ਹੋ ਗਿਆ ਹੈ। ਸ਼ਹਿਰੀਏ ਦੇਸੀ ਕੱਪੜੇ ਪਾਉਣ ਨੂੰ ਫੈਸ਼ਨ ਮੰਨ ਬੈਠੇ ਅਤੇ ਪੇਂਡੂਆਂ ਨੇ ਕੁੜਤੇ, ਚਾਦਰੇ, ਪਜਾਮੇ, ਸਾਫੇ ਕਿੱਲੀ ਟੰਗ ਕੇ ਜੀਨ ਸ਼ੀਨ, ਪਲਾਜ਼ੋ, ਕੈਪਰੀ, ਕੈਪ ਦੇ ਫੱਟੇ ਚੱਕ ਦਿੱਤੇ ਹਨ।
ਪਿੰਡਾਂ ਆਲੇ ਹੁਣ ਤੇਲੂ ਰਾਮ ਦੀ ਹੱਟੀ ਤੋਂ ਨਹੀਂ ਬਲਕਿ ਵੱਡੇ ਚਮਕਣੇ ਲਿਸ਼ਕਣੇ ਮਾਲਾਂ ਵਿਚੋਂ ਮਾਲ ਖ਼ਰੀਦਦੇ ਹਨ। ਕੁੜਤੇ ਦੀ ਉੱਪਰਲੀ ਜੇਬ ਵਿਚ ਹੱਕ ਦੀ ਕਮਾਈ ਨਾਲ ਚੱਲਦੇ ਕਰੈਡਿਟ ਕਾਰਡ ਸਾਂਭ ਕੇ ਸ਼ਾਪਿੰਗ ਵਾਲੀ ਟਰਾਲੀ ਲੋਡ ਕਰ ਲੈਂਦੇ ਹਨ। ਅਜਿਹੀਆਂ ਥਾਵਾਂ ਤੋਂ ਚੀਜ਼ਾਂ ਦੀ ਖ਼ਰੀਦ ਲੋੜ ਵੇਖ ਕੇ ਘੱਟ ਚਮਕ-ਦਮਕ ਵੇਖ ਕੇ ਵਧੇਰੇ ਹੋ ਜਾਂਦੀ ਹੈ। ਕਾਰਡ ਸਵਾਈਪ ਕਰਨ ਵੇਲੇ ਪੈਸੇ ਖ਼ਰਚ ਹੋਣ ਦਾ ਅਹਿਸਾਸ ਵੀ ਨਹੀਂ ਹੁੰਦਾ। ਜਿਵੇਂ ਸਿਆਣਾ ਡਾਕਟਰ ਟੀਕਾ ਲਾਉਣ ਵੇਲੇ ਭੋਰਾ ਵੀ ਪਤਾ ਨਹੀਂ ਲੱਗਣ ਦਿੰਦਾ।
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ, ਕਿਸੇ ਤੋਂ ਨਾ ਘੁੰਢ ਕੱਢਦੀ!
ਮੇਰੀ ਰੀਸ ਦੰਦ ਘੜੀਸ। ਜੇ ਸ਼ਹਿਰੀਏ ਦੁੱਧ ਮੁੱਲ ਖਰੀਦਦੇ ਨੇ, ਤਾਂ ਪੇਂਡੂ ਕਿਸੇ ਦੀ ਨੂੰਹ ਧੀ ਤੋਂ ਘੱਟ ਨਹੀਂ। ਹੁਣ ਹੀਰ ਦੇ ਭਾਪੇ ਨੇ ਮੱਝਾਂ ਰੱਖਣੀਆਂ ਕਦੋਂ ਦੀਆਂ ਛੱਡ ਦਿੱਤੀਆਂ ਨੇ। ਚਾਚਾ ਕੈਦੋਂ ਸਾਰੀ ਸੂਚਨਾ ਸੋਸ਼ਲ ਮੀਡੀਆ ਤੇ ਸਾਂਝੀ ਕਰ ਛੱਡਦਾ ਏ। ਡਿਜੀਟਲ ਪਿੰਡ ਵਿਚ ਆਥਣ ਤੱਕ ਗੱਲਾਂ-ਗਾਲਾਂ ਦੇ ਕਮੈਂਟਾਂ ਦਾ ਟੋਕਰਾ ਭਰ ਲੈਂਦਾ ਹੈ। ਦੁਨੀਆ ਭਰ ਵਿਚ ਚਲਦੇ ਅੰਦੋਲਨਾਂ ਵਿਚ ਘਰ ਬੈਠੇ ਹੀ ਕਲਿੱਕੋ-ਕਲਿੱਕੀ ਹੋ ਕੇ ਸ਼ਾਮਿਲ ਹੋ ਜਾਂਦਾ ਹੈ। ਕਰੇ ਵੀ ਕੀ, ਜਿਸ ਨਾਲ ਚੁਗਲ-ਪਾਣੀ ਸਾਂਝਾ ਕਰਨਾ, ਉਹ ਆਪ ਡਾਟੇ ਦਾ ਬਾਟਾ ਡੀਕ ਲਾ ਕੇ ਪੀ ਰਿਹਾ ਹੁੰਦਾ ਹੈ।
ਓਧਰ ਰਾਂਝਾ ਘਰਦਿਆਂ ਦਾ ਕੱਲਾ-ਮ-ਕੱਲਾ ਪੁੱਤ ਹੋਣ ਕਰਕੇ ਅਟੈਚ ਬਾਥਰੂਮ ਵਾਲੇ ਕਮਰੇ ਅੰਦਰ ਹੀ ਰਹਿੰਦਾ ਹੈ। ਵੰਝਲੀ ਸੁਣਨ ਸੁਣਾਉਣ ਦਾ ਕਿਸ ਕੋਲ ਸਮਾਂ ਹੈ। ਅਨਲਿਮਿਟਡ ਡਾਟਾ ਤੇ ਸ਼ਰਮ ਦਾ ਕੀ ਘਾਟਾ! ਜਦੋਂ ਸਾਰੀ ਕਾਇਨਾਤ ਸੌਂ ਜਾਂਦੀ ਹੈ, ਰਾਂਝਾ ਆਪੋ ਆਪਣੇ ਘਰਾਂ ਵਿਚ ਬੈਠੇ ਮਿੱਤਰਾਂ ਨਾਲ ਆਨਲਾਈਨ ਆਪਣੇ ਫੋਨ ਉੱਤੇ ਬ੍ਰਹਿਮੰਡ ਦੇ ਦੁਸ਼ਮਣਾਂ ਦਾ ਨਾਸ਼ ਕਰਦਾ ਹੈ। ਅੱਖਾਂ ਦੀ ਲਾਲੀ ਦੱਸਦੀ ਏ ਕਿ ਰਾਂਝੇ ਅਤੇ ਸੂਰਜ ਨੇ ਇਕ ਦੂਜੇ ਦੇ ਦਰਸ਼ਨ ਘੱਟ ਵੱਧ ਹੀ ਕੀਤੇ ਹਨ।
ਹੀਰ ਵੀ ਕਿਸੇ ਤੋਂ ਘੱਟ ਨਹੀਂ। ਆਪਣੀਆਂ ਪੰਜ ਹਜ਼ਾਰ ਫੇਸਬੁੱਕੀ ਸਹੇਲੀਆਂ ਨਾਲ ਰੀਲ੍ਹਾਂ, ਪੋਸਟਾਂ ਦੀ ਗ਼ਰਦ ਅੰਬਰਾਂ ਨੂੰ ਚਾੜ੍ਹੀ ਰੱਖਦੀ ਹੈ। ਕਿਸੇ ਪੋਸਟ ਤੇ ਲਾਈਕ ਵਧ-ਘਟ ਜਾਣ ਨਾਲ ਉਸ ਦੇ ਬੀਪੀ ਦਾ ਮੀਟਰ ਡਾਵਾਂਡੋਲ ਜਿਹਾ ਹੋ ਜਾਂਦਾ ਹੈ। ਭੁੱਖ ਪਿਆਸ ਫਿਰ ਕਿਸ ਨੂੰ ਲਗਦੀ ਹੈ। ਮੁੱਲ ਦੇ ਵਿਊ ਕਿਉਂ ਨਾ ਖ਼ਰੀਦਣੇ ਪੈਣ, ਸਕ੍ਰੀਨ ਉੱਤਲੇ ਡਾਟੇ ਦਾ ਅੰਕੜਾ ਡਾਊਨ ਨਹੀਂ ਜਾਣਾ ਚਾਹੀਦਾ। ਛਮਕਾਂ ਦੀ ਖੇਡ ਹੁਣ ਆਨਲਾਈਨ ਹੋ ਗਈ ਹੈ।
ਪੇਂਡੂ ਰਹਿਣ-ਸਹਿਣ ਸ਼ਹਿਰੀਆਂ ਨੂੰ ਬਹੁਤਾ ਰਾਸ ਵੀ ਨਹੀਂ ਆਉਂਦਾ। ਭਲਾ ਕੌਣ ਗਵਾਂਢੀਆਂ ਦੇ ਘਰ ਕੌਲੀ ਲੈ ਕੇ ਪੁੱਛਣ ਜਾਂਦਾ ਹੈ ਕਿ ਅੱਜ ਕੀ ਬਣਾਇਆ ਹੈ? ਅਗਲੇ ਵੀ ਕਹਿ ਦਿੰਦੇ ਨੇ ਆਨਲਾਈਨ ਆਡਰ ਲਾਇਆ, ਅਸੀਂ ਤਾਂ ਕਈ ਹਫਤਿਆਂ ਤੋਂ ਘਰ ਅੰਦਰ ਕੁਝ ਨਹੀਂ ਬਣਾਇਆ। ਹਾਲਾਕਿ ਪਿੰਡਾਂ ਆਲੇ ਲੰਘਦੇ ਵੜਦੇ ਖੇਤਾਂ ਵਿਚੋਂ ਸਾਗ ਸੱਤੂ ਤੋੜ ਲਿਆਉਂਦੇ ਹਨ, ਪਰ ਹੁਣ ਆਨਲਾਈਨ ਵਾਲਾ ਕੀੜਾ ਇਨ੍ਹਾਂ ਦੀ ਜੇਬ ਵਿਚ ਵੀ ਵੜ ਗਿਆ ਹੈ। ਆਂਢ-ਗੁਆਂਢ, ਗਲੀ ਮੁਹੱਲੇ ਵਿਚ ਕਿਸੇ ਨੂੰ ਮੂੰਹ ਲਾਉਣ ਦੀ ਲੋੜ ਹੀ ਕੀ ਹੈ ਭਲਾ, ਜਦੋਂ ਬੰਦੇ ਕੋਲ ਸੈਂਕੜੇ ਮਿੱਤਰਾਂ ਦੀ ਸੂਚੀ ਹੋਵੇ, ਖ਼ਾਤੇ ਵਿਚ ਪੈਸੇ ਹੋਣ, ਘਰ ਬੈਠਿਆਂ ਹੀ ਦੁਨੀਆ ਭਰ ਦੀਆਂ ਸੌਗਾਤਾਂ, ਸੌਦਾ ਪੱਤਾ ਮੰਗਵਾਓ। ਹੁਣ ਤਾਂ ਜੰਮਣ ਤੋਂ ਮਰਨ ਤੱਕ ਦੀਆਂ ਰਸਮਾਂ ਵਿਚ ਰੁੱਸੇ ਫੁੱਫੜ ਜਾਂ ਮਾਮੇ ਮਨਾਉਣ ਦੀ ਲੋੜ ਨਹੀਂ, ਹਰ ਮੌਕੇ ਲਈ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੇ ਗਾਹ ਪਾ ਰੱਖਿਆ ਹੈ। ਵੈਸੇ ਵੀ ਸਭ ਮਾਮੇ, ਮਾਸੜ, ਫੁੱਫੜ ਤਾਂ ਅੰਕਲ ਬਣ ਬੈਠੇ ਨੇ।
ਪਿੰਡਾਂ ਆਲਿਆਂ ਨੂੰ ਪਿੰਡਾਂ ਆਲੇ ਕਹਾਉਣ ਵਿਚ ਵੀ ਦਿੱਕਤ ਹੋ ਜਾਂਦੀ ਹੈ। ਕਹਿਣਗੇ, ਤੁਸੀਂ ਤਾਂ ਚਾਹੁੰਦੇ ਹੋ ਕਿ ਅਸੀਂ ਹਾਲੇ ਵੀ ਪਾਥੀਆਂ, ਗੁਹਾਰੇ, ਆਲੇ ਕੁੱਜੇ, ਭੜੋਲੀਆਂ, ਮੱਟੀਆਂ, ਗੋਹੇ ਮਿੱਟੀ ਨਾਲ ਲਿੱਪੇ ਕੰਧਾਂ ਕੋਠਿਆਂ ਬਨੇਰਿਆਂ ਵਿਚ ਰਹਿ ਕੇ ਝਿੰਗਾਂ ਤੇ ਸੇਵੀਆਂ ਵੱਟੀ ਜਾਈਏ! ਟੋਭਿਆਂ ਵਿਚ ਮੱਝਾਂ ਦੀਆਂ ਪੂਛਾਂ ਫੜ ਕੇ ਭਵਜਲ ਪਾਰ ਕਰੀ ਜਾਈਏ! ਦੁਨੀਆ ਚੰਦ 'ਤੇ ਤੁਰੀ ਫਿਰਦੀ ਹੈ ਤੇ ਅਸੀਂ ਗਲੀਆਂ 'ਚੋਂ ਗੋਹਾ ਕੂੜਾ ਕੱਠਾ ਕਰ ਕੇ ਪਾਥੀਆਂ ਥੱਪ-ਥੱਪ ਕੰਧਾਂ 'ਤੇ ਚਾਂਦਮਾਰੀ ਕਰੀ ਜਾਈਏ ...ਠੀਕ ਐ ਸ਼ਹਿਰੀਏ ਪਾਥੀਆਂ, ਸਵਾਹ ਧੂੜ ਸਭ ਆਨਲਾਈਨ ਖ਼ਰੀਦ ਲੈਂਦੇ ਹਨ, ਪਰ ਹੁਣ ਆਪਣੇ ਪਿੰਡਾਂ ਦੇ ਪਿੰਨ ਕੋਡਾਂ ਵਿਚ ਵੀ ਆਨਲਾਈਨ ਡਿਲੀਵਰੀ ਹੋ ਰਹੀ ਹੈ। ਹੱਥ ਮੈਲੇ ਕਾਹਤੋਂ ਕਰੀਏ?
ਪਿੰਡਾਂ ਆਲਿਆਂ 'ਚੋਂ ਕਿਸੇ ਦੀ ਨੌਕਰੀ ਲੱਗ ਜਾਵੇ ਤਾਂ ਪਹਿਲਾ ਕੰਮ ਨੇੜਲੇ ਸ਼ਹਿਰ ਕਸਬੇ ਵਿਚ ਪਲਾਟ ਲੈਣ ਦਾ ਹੁੰਦਾ ਹੈ। ਨੌਕਰੀਪੇਸ਼ਾ ਨੂੰ ਬੈਂਕਾਂ ਵਾਲੇ ਕਰਜ਼ਾ ਝੱਟ ਦੇ ਦਿੰਦੇ ਹਨ। ਫਿਰ ਪਲਾਟ ਤੋਂ ਗੱਲ ਕੋਠੀ, ਕਾਰ ਆਦਿ ਤੱਕ ਪੁੱਜਦੀ ਹੈ। ਕਿਸ਼ਤਾਂ ਦੀ ਕਿਸ਼ਤੀ ਵਿਚ ਬੈਠਾ ਮੁਲਾਜ਼ਮ ਬਾਕੀ ਦੁਨੀਆ ਵੱਲ ਇੰਝ ਝਾਕਦਾ ਹੈ ਜਿਵੇਂ ਗਾਰੇ ਵਿਚ ਗਿੱਦੜ ਫਸਿਆ ਬੈਠਾ ਹੋਵੇ। ਕਰਜ਼ੇ ਦੀ ਕਿਸ਼ਤੀ ਨੂੰ ਤੈਰਦਾ ਰੱਖਣ ਲਈ ਤਨਖ਼ਾਹ ਦਾ ਮਹਾਂਸਾਗਰ ਵੀ ਪਿੰਡ ਆਲੇ ਟੋਭੇ ਤੋਂ ਛੋਟਾ ਦਿਸਣ ਲਗਦਾ ਹੈ। ਪੈਸੇ ਧੇਲੇ ਦੀ ਗਰਜ਼ ਪੂਰੀ ਕਰਨ ਲਈ ਕਈ ਤਰਾਂ ਦੇ ਓਹੜ ਪੋਹੜ ਕਰਕੇ ਰੇਖ ਵਿਚ ਮੇਖ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਕਮੇਟੀਆਂ ਪਾ ਲੈਣਾ, ਟਾਈ ਲਾ ਕੇ ਕਿਸੇ ਮਲਟੀਨੈਸ਼ਨਲ ਕੰਪਨੀ ਦਾ ਮੈਂਬਰ ਬਣ ਜਾਣਾ ਅਤੇ ਫਿਰ ਦੋ ਮੈਂਬਰ ਹੋਰ ਬਣਾਉਣ ਦੀ ਚੂਹਾ ਬਿੱਲੀ ਦੌੜ ਲਾਉਣਾ, ਸੱਜਣਾਂ ਮਿੱਤਰਾਂ ਤੋਂ ਉਧਾਰ ਚੁੱਕ ਲੈਣਾ, ਲਾਟਰੀ, ਦੜਾ ਸੱਟਾ ਲਾ ਕੇ ਬੰਪਰ ਦੀ ਆਸ ਜਗਾਈ ਰੱਖਣੀ ... ਤੇ ਕੁਝ ਵੀ ਪੱਲੇ ਨਾ ਪਏ ਤਾਂ ਕਿਸੇ ਸਾਧ ਦੇ ਡੇਰੇ ਚੌਂਕੀ ਭਰਨੀ ਆਦਿ।
ਪੈਸੇ ਧੇਲੇ ਜੋੜਨ ਦੀ ਦੌੜ ਵਿਚ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਸਭ ਦੀ ਸੋਚ ਐਫ. ਐੱਮ. ਰੇਡੀਓ ਵਾਂਗ ਸੁਰ ਹੋ ਜਾਂਦੀ ਹੈ ਜਿਵੇਂ ਵੰਨ-ਸੁਵੰਨੇ, ਰੰਗ-ਬਰੰਗੇ ਸ਼ਰਾਬੀ ਕਿਸੇ ਅਹਾਤੇ ਵਿਚ ਬੈਠ ਕੇ ਪੈੱਗ-ਭਾਈ ਬਣ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਨ ਦਾ ਵਾਇਰਲ ਬੁਖ਼ਾਰ ਸੰਗ ਸ਼ਰਮ ਕਿੱਲੀ 'ਤੇ ਟੰਗ ਸੁੱਟਦਾ ਹੈ। ਧੀਆਂ ਭੈਣਾਂ ਨੂੰ ਨੁਮਾਇਸ਼ ਦੀ ਵਸਤੂ ਬਣਾ ਕੇ ਪੇਸ਼ ਕਰਨ ਵਿਚ ਕੋਈ ਹੀਲ ਹੁੱਜਤ ਨਹੀਂ ਕੀਤੀ ਜਾਂਦੀ। ਜਿਸ ਨੇ ਕੀਤੀ ਸ਼ਰਮ, ਉਸਦੇ ਫੁੱਟੇ ਕਰਮ! ਇਹ ਆਖ ਕੇ ਪਰਦਾ ਅਤੇ ਬੇਪਰਦਾ ਵਿਚਲਾ ਫ਼ਰਕ ਖ਼ਤਮ ਕਰ ਲਿਆ ਜਾਂਦਾ ਹੈ ਤਾਂ ਕਿ ਬਟੂਏ ਵਿਚ ਲਹਿਰ-ਬਹਿਰ ਹੁੰਦੀ ਰਹੇ।
ਫਿਲਹਾਲ, ਸਮੇਂ ਦੇ ਚੱਕਰ ਨੇ ਸ਼ਹਿਰਾਂ ਅਤੇ ਪਿੰਡਾਂ ਆਲਿਆਂ ਨੂੰ ਰਲਗੱਡ ਕਰ ਦਿੱਤਾ ਹੈ, ਦੋਵੇਂ ਇਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਗੀਤ ਗਾ ਰਹੇ ਨੇ, ਤੇਰੀ ਮੇਰੀ ਇਕ ਜਿੰਦੜੀ ...।
-ਮੋਬਾਈਲ : 94173-55724

ਪਿਛਲੀ ਖ਼ਬਰ ਦੋ ਮਿੰਨੀ ਕਹਾਣੀਆਂ ਅਗਲੀ ਖ਼ਬਰ ਟੋਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।