ਜਲੰਧਰ, 13 ਅਕਤੂਬਰ (ਐੱਮ. ਐੱਸ. ਲੋਹੀਆ)-ਦਿੱਲੀ ਪੁਲਿਸ ਵਲੋਂ ਮਰਿਆਦਾ ਨੂੰ ਭੰਗ ਕਰਦੇ ਹੋਏ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ’ਚ ਦਾਖ਼ਲ ਹੋਣ ਦੀ ਘਟਨਾ ਦੀ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਨਿੰਦਾ ਕੀਤੀ ਹੈ। ਕਮੇਟੀ ਆਗੂਆਂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਅਤੇ ਗੁਰਵਿੰਦਰ ਸਿੰਘ ਨਾਗੀ ਨੇ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਵਲੋਂ ਦਿੱਲੀ ਜੰਤਰ-ਮੰਤਰ ਵਿਖੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ, ਉਸ ਦੌਰਾਨ ਕੁਝ ਅੰਦੋਲਨਕਾਰੀ ਗੁਰਦੁਆਰਾ ਬੰਗਲਾ ਸਾਹਿਬ ’ਚ ਸ਼ਰਨ ਲੈਣ ਲਈ ਆਏ ਸਨ, ਜਿਨ੍ਹਾਂ ਦੇ ਪਿੱਛੇ ਦਿੱਲੀ ਪੁਲਿਸ ਦੇ ਗੁਰੂ ਘਰ ਅੰਦਰ ਦਾਖ਼ਲ ਹੋਣ ਦੀ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਆਗੂਆਂ ਨੇ ਕਿਹਾ ਕਿ ਬੀ.ਜੇ.ਪੀ. ਆਪਣੇ ਆਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਮ ਭਰਦੀ ਹੈ, ਪਰ ਸਿੱਖ ਪ੍ਰੰਪਰਾਵਾਂ ਗੁਰੂ ਘਰ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦਾ, ਇਹ ਕੋਈ ਵੀ ਮੌਕਾ ਨਹੀਂ ਛੱਡਦੀ। ਆਗੂਆਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਮੰਗ ਕਰਦੇ ਹਨ, ਕਿ ਉਹ ਪੁਲਿਸ ਦੇ ਗੁਰੂਘਰ ’ਚ ਦਾਖ਼ਲੇ ’ਤੇ ਸਖ਼ਤ ਸਟੈਂਡ ਲੈਣ। ਇਸ ਮੌਕੇ ਹਰਪਾਲ ਸਿੰਘ ਪਾਲੀ, ਅਮਨਦੀਪ ਸਿੰਘ ਬੱਗਾ, ਮਨਮਿੰਦਰ ਸਿੰਘ ਭਾਟੀਆ ਅਤੇ ਹਰਨੇਕ ਸਿੰਘ ਨੇਕੀ ਹਾਜ਼ਰ ਸਨ।