25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

ਜਲੰਧਰ, 24 ਸਤੰਬਰ (ਐੱਮ. ਐੱਸ.

ਮਨਜੀਤ ਸਿੰਘ ਟੀਟੂ, ਹਰਪਾਲ ਸਿੰਘ ਚੱਢਾ, ਬਚਨ ਸਿੰਘ, ਕੰਵਲਜੀਤ ਸਿੰਘ ਉਬਰਾਏ, ਹਰਪ੍ਰੀਤ ਸਿੰਘ ਨੀਟੂ ਅਤੇ ਹੋਰ ਜਾਣਕਾਰੀ ਦਿੰਦੇ ਹੋਏ। ਤਸਵੀਰ : ਮੁਨੀਸ਼ 25-09-2026
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਕਲਗੀਧਰ, ਮੁਹੱਲਾ ਚਾਏਆਮ, ਬਸਤੀ ਸ਼ੇਖ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੰਗਤ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਤਹਿਤ ਅੱਜ ਸ਼ਹਿਰ ਦੀਆਂ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੀੜਤ ਬਚਨ ਸਿੰਘ ਦੇ ਨਾਲ ਗੁਰਦੁਆਰਾ ਚਰਨ ਕੰਵਲ ਸਾਹਿਬ, ਬਸਤੀ ਸ਼ੇਖ ਦੇ ਪ੍ਰਬੰਧਕ ਮਨਜੀਤ ਸਿੰਘ ਟੀਟੂ, ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਢਾ, ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ ਅਤੇ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਦੀ ਦੁਕਾਨ ਇਕ ਵਿਅਕਤੀ ਵਲੋਂ ਕਿਰਾਏ ’ਤੇ ਲਈ ਗਈ ਹੈ। ਉਸ ਵਲੋਂ ਦੁਕਾਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਹੋਰ ਜਾਇਦਾਦ ’ਤੇ ਵੀ ਨਾਜਾਇਜ਼ ਹੱਕ ਜਾਹਿਰ ਕੀਤਾ ਜਾ ਰਿਹਾ ਹੈ, ਜਦਕਿ ਉਹ ਵਿਅਕਤੀ ਨਾ ਤਾਂ ਦੁਕਾਨ ਦਾ ਕਿਰਾਇਆ ਦੇ ਰਿਹਾ ਹੈ ਅਤੇ ਨਾ ਹੀ ਦੁਕਾਨ ਖਾਲੀ ਕਰ ਰਿਹਾ ਹੈ। ਉਸ ਵਿਅਕਤੀ ਦੀ ਬੋਲ-ਬਾਣੀ ਅਤੇ ਵਿਹਾਰ ਤੋਂ ਸੰਗਤ ਵੀ ਬਹੁਤ ਪ੍ਰੇਸ਼ਾਨ ਹੈ। ਆਗੂਆਂ ਨੇ ਜਾਣਕਾਰੀ ਦਿੱਤੀ ਕਿ 19 ਸਤੰਬਰ ਨੂੰ ਉਸ ਵਿਅਕਤੀ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਬਚਨ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਸੰਬੰਧੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਐੱਫ਼. ਆਈ. ਆਰ. ਵੀ ਦਰਜ ਕਰ ਲਈ ਹੈ, ਪਰ 5 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਨਾਲ ਸੰਗਤ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗ ਪੂਰੀ ਨਾ ਹੋਣ ’ਤੇ ਸ਼ਹਿਰ ਦੀਆਂ ਜਥੇਬੰਦੀਆਂ ਅਤੇ ਸਿੱਖ ਸੰਗਤ ਅਗਲੇਰੀ ਕਾਰਵਾਈ ਲਈ ਇਕੱਤਰਤਾ ਕਰਨਗੀਆਂ ਅਤੇ ਬਣਾਏ ਪ੍ਰੋਗਰਾਮ ਅਨੁਸਾਰ ਰੋਸ ਜਾਹਿਰ ਕਰਨਗੀਆਂ। ਇਸ ਮੌਕੇ ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਕਰਨਬੀਰ ਸਿੰਘ ਨਿਹੰਗ, ਗੁਰਜੀਤ ਸਿੰਘ ਪੋਪਲੀ, ਕੁਲਵਿੰਦਰ ਸਿੰਘ ਚੀਮਾ, ਅਮਰਪ੍ਰੀਤ ਸਿੰਘ, ਹਰਜੀਤ ਸਿੰਘ ਬਾਬਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਰਿਹਾਇਸ਼ੀ ਕਾਲੋਨੀਆਂ ’ਚ ਵਪਾਰਕ ਸਰਗਰਮੀਆਂ ’ਤੇ ਲੋਕਾਂ ਨੂੰ ਨਿਗਮ ਦੀ ਕਾਰਵਾਈ ਦਾ ਇੰਤਜ਼ਾਰ ਸੁਪਰੀਮ ਕੋਰਟ ਨੇ ਕਾਰਵਾਈ ਕਰ... ਅਗਲੀ ਖ਼ਬਰ ਮੁੱਖ ਨਗਰ ਕੀਰਤਨ ਦੌਰਾਨ ਬਾਬਾ ਜੀਤ ਸਿੰਘ ਜੌਹਲਾਂ ਵਾਲੇ ਨਿਭਾਉਣਗੇ ਚਵਰ ਸਾਹਿਬ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।