03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਫੋਰਟਿਸ ਹਸਪਤਾਲ ਵਲੋਂ ਸਵਾਈਨ ਫਲੂ ਅਲਰਟ ਜਾਰੀ

ਜਲੰਧਰ, 2 ਸਤੰਬਰ (ਐੱਮ. ਐੱਸ.

ਅਜੀਤ ਡੈਸਕ 03-09-2026
ਜਲੰਧਰ, 2 ਸਤੰਬਰ (ਐੱਮ. ਐੱਸ. ਲੋਹੀਆ)-ਬਦਲਦੇ ਮੌਸਮ ਦੌਰਾਨ ਸਵਾਈਨ ਫਲੂ ਦੇ ਪ੍ਰਭਾਵ ਦੇ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਫੋਰਟਿਸ ਹਸਪਤਾਲ ਜਲੰਧਰ ਵਲੋਂ ਅਲਰਟ ਜਾਰੀ ਕਰਦੇ ਹੋਏ ਹਸਪਤਾਲ ਵਿੱਚ ਇੰਟਰਨਲ ਮੈਡੀਸਿਨ ਦੀ ਕੰਸਲਟੈਂਟ ਡਾ. ਪ੍ਰੀਤੀ ਸਲਹਾਨ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਇਨ੍ਹਾਂ ਦਿਨਾਂ ’ਚ ਹਸਪਤਾਲਾਂ ਅੰਦਰ ਤੇਜ਼ ਬੁਖਾਰ, ਸਰੀਰ ’ਚ ਦਰਦ, ਗਲੇ ’ਚ ਖ਼ਰਾਸ਼ ਅਤੇ ਅਜਿਹੀ ਖੰਘ ਜੋ ਠੀਕ ਨਹੀਂ ਹੁੰਦੀ ਦੇ ਮਰੀਜ਼ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਇਸ ਨੂੰ ਆਮ ਮੌਸਮੀ ਵਾਇਰਲ ਇਨਫੈਕਸ਼ਨ ਮੰਨ ਕੇ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਲੈ ਲੈਂਦੇ ਹਨ ਅਤੇ ਘਰ ’ਚ ਹੀ ਠੀਕ ਹੋਣ ਦੀ ਉਮੀਦ ਕਰਦੇ ਹਨ, ਪਰ ਕੁਝ ਦਿਨਾਂ ਬਾਅਦ, ਕਈ ਲੋਕ ਸਾਹ ਲੈਣ ’ਚ ਤਕਲੀਫ਼ ਦੇ ਨਾਲ ਹਸਪਤਾਲ ਦੇ ਐਮਰਜੈਂਸੀ ਰੂਮ ’ਚ ਵਾਪਸ ਆਉਂਦੇ ਹਨ। ਡਾ. ਪ੍ਰੀਤੀ ਸਲਹਾਨ ਨੇ ਕਿਹਾ ਕਿ ਦੂਜੀ ਵਾਰ ਹਸਪਤਾਲ ਆਉਣ ’ਤੇ ਅਕਸਰ ਮਰੀਜ਼ ਦਾ ਐੱਚ-1 ਐੱਨ-1 ਟੈੱਸਟ ਪਾਜ਼ੀਟਿਵ ਆਉਂਦਾ ਹੈ ਅਤੇ ਉਦੋਂ ਤੱਕ ਇਹ ਸਿਰਫ਼ ਇਕ ਸਧਾਰਣ ਫਲੂ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਐੱਚ-1ਐੱਨ-1 (ਜਿਸ ਨੂੰ ਆਮ ਤੌਰ ’ਤੇ ਸਵਾਈਨ ਫਲੂ ਕਿਹਾ ਜਾਂਦਾ ਹੈ ਅਤੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਨੇ ਇਸ ਨੂੰ ਅਧਿਕਾਰਤ ਤੌਰ ’ਤੇ ਸੀਜ਼ਨਲ ਇਨਫਲੂਐਂਜ਼ਾ ਏ (ਐੱਚ-1ਐੱਨ-1) ਪੀਡੀਐੱਮ 09 ਨਾਮ ਦਿੱਤਾ ਹੈ) ਸ਼ੁਰੂ ’ਚ ਤਾਂ ਆਮ ਫਲੂ ਵਰਗਾ ਹੀ ਲੱਗਦਾ ਹੈ, ਪਰ ਇਹ ਬਹੁਤ ਤੇਜ਼ੀ ਨਾਲ ਗੰਭੀਰ ਰੂਪ ਲੈ ਸਕਦਾ ਹੈ। ਡਾ. ਪ੍ਰੀਤੀ ਸਲਹਾਨ ਦਾ ਕਹਿਣਾ ਹੈ ਕਿ “ਗੰਭੀਰ ਮਾਮਲਿਆਂ ਵਾਲੇ ਲਗਭਗ ਹਰ ਮਰੀਜ਼ ਨੇ ਉਨ੍ਹਾਂ ਨੂੰ ਇਹੀ ਦੱਸਿਆ ਕਿ ਸ਼ੁਰੂ ਦੇ ਦੋ-ਤਿੰਨ ਦਿਨਾਂ ਤੱਕ ਉਨ੍ਹਾਂ ਨੂੰ ਲੱਗਾ ਕਿ ਇਹ ਕੁਝ ਵੀ ਨਹੀਂ ਹੈ। ਜਦੋਂ ਤੱਕ ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ, ਉਦੋਂ ਤੱਕ ਇਨਫੈਕਸ਼ਨ ਫੇਫੜਿਆਂ ਤੱਕ ਫੈਲ ਚੁੱਕਾ ਹੁੰਦਾ ਹੈ। ਸ਼ੁਰੂਆਤੀ ਦੇਰੀ ਹੀ ਅਕਸਰ ਇਹ ਤੈਅ ਕਰਦੀ ਹੈ ਕਿ ਕੋਈ ਵਿਅਕਤੀ ਘਰ ’ਚ ਆਰਾਮ ਨਾਲ ਠੀਕ ਹੋਵੇਗਾ ਜਾਂ ਉਸ ਨੂੰ ਹਸਪਤਾਲ ਦੇ ਬੈੱਡ ’ਤੇ ਆਕਸੀਜਨ ਸਪੋਰਟ ਦੀ ਲੋੜ ਪਵੇਗੀ।” ਇਸ ਦੇ ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਪ੍ਰੀਤੀ ਸਲਹਾਨ ਨੇ ਕਿਹਾ ਕਿ ਸ਼ੁਰੂਆਤੀ 24-48 ਘੰਟਿਆਂ ’ਚ ਬੁਖਾਰ ਅਤੇ ਸਰੀਰ ’ਚ ਦਰਦ ਫਲੂ ਦੇ ਆਮ ਲੱਛਣ ਹਨ ਅਤੇ ਆਮ ਤੌਰ ’ਤੇ ਇਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ। ਹਾਲਾਂਕਿ, ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਸਾਹ ਲੈਣ ਵਿੱਚ ਤਕਲੀਫ਼ ਜਾਂ ਬਹੁਤ ਤੇਜ਼ੀ ਨਾਲ ਸਾਹ ਲੈਣਾ, ਛਾਤੀ ’ਚ ਲਗਾਤਾਰ ਦਰਦ ਜਾਂ ਦਬਾਅ ਮਹਿਸੂਸ ਹੋਣਾ, ਬੁੱਲ੍ਹਾਂ ਜਾਂ ਉਂਗਲਾਂ ਦੇ ਪੋਰਾਂ ਦਾ ਨੀਲਾ ਪੈਣਾ, ਅਚਾਨਕ ਚੱਕਰ ਆਉਣਾ, ਉਲਝਣ ਮਹਿਸੂਸ ਹੋਣਾ ਜਾਂ ਨੀਂਦ ਤੋਂ ਜਾਗਣ ’ਚ ਮੁਸ਼ਕਲ ਹੋਣਾ, ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਦਾ ਅਚਾਨਕ ਵਿਗੜਨਾ ਆਦਿ ’ਚੋਂ ਕੋਈ ਵੀ ਲੱਛਣ ਦਿਖਾਈ ਦੇਵੇ, ਤਾਂ ਤੁਰੰਤ ਡਾਕਟਰ ਨੂੰ ਮਿਲੋ।
ਪਿਛਲੀ ਖ਼ਬਰ ਖੇਲੋ ਇੰਡੀਆ ਅਸਮੀਤਾ ਵੁਸ਼ੂ ਲੀਗ ਵਿਚ ਪੰਜਾਬ ਦੀ ਸ਼ਾਨਦਾਰ ਮੇਜ਼ਬਾਨੀ ਅਗਲੀ ਖ਼ਬਰ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਵੱਖ-ਵੱਖ ਖੇਤਰਾਂ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।