ਜਿਮਖਾਨਾ ਕਲੱਬ ਦੀ ਨਵੀਂ ਚੁਣੀ ਟੀਮ ‘ਅਜੀਤ’ ਭਵਨ ਪੁੱਜੀ
ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਜਿੱਤ ਹਾਸਿਲ ਕਰਨ ਵਾਲੇ ਅਚੀਵਰਜ਼ ਗਰੁੱਪ ਦੇ ਸਮੂਹ ਅਹੁਦੇਦਾਰਾਂ ਅਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ‘ਅਜੀਤ’ ਪ੍ਰਕਾਸ਼ਨ ਸਮੂਹ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਗਈ।
ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਜਿੱਤ ਹਾਸਿਲ ਕਰਨ ਵਾਲੇ ਅਚੀਵਰਜ਼ ਗਰੁੱਪ ਦੇ ਸਮੂਹ ਅਹੁਦੇਦਾਰਾਂ ਅਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ‘ਅਜੀਤ’ ਪ੍ਰਕਾਸ਼ਨ ਸਮੂਹ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਡਾ. ਹਮਦਰਦ ਕੋਲੋਂ ਆਸ਼ੀਰਵਾਦ ਲਿਆ ਤੇ ਕਲੱਬ ਦੇ ਵਿਕਾਸ ਸੰਬੰਧੀ ਭਵਿੱਖ ਦੀਆਂ ਯੋਜਨਾਵਾਂ ’ਤੇ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਡਾ. ਹਮਦਰਦ ਨੇ ਅਚੀਵਰਜ਼ ਗਰੁੱਪ ਦੀ ਇਤਿਹਾਸਿਕ ਜਿੱਤ ’ਤੇ ਨਿਤਿਨ ਕੋਹਲੀ ਦੀ ਅਗਵਾਈ ਵਾਲੀ ਨਵੀਂ ਚੁਣੀ ਗਈ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਚੀਫ ਐਗਜ਼ੈਕਟਿਵ ਸ੍ਰੀਮਤੀ ਸਰਵਿੰਦਰ ਕੌਰ ਤੇ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ ਤੇ ਉਨ੍ਹਾਂ ਨੇ ਵੀ ਨਵੀਂ ਚੁਣੀ ਗਈ ਟੀਮ ਨੂੰ ਇਸ ਸ਼ਾਨਦਾਰ ਜਿੱਤ ’ਤੇ ਮੁਬਾਰਕਬਾਦ ਦਿੱਤੀ । ਇਸ ਤੋਂ ਪਹਿਲਾਂ ਨਿਤਿਨ ਕੋਹਲੀ ਦੀ ਅਗਵਾਈ ਹੇਠ ‘ਅਜੀਤ’ ਭਵਨ ਪੁੱਜੇ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਗਏ ਸੈਕਟਰੀ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਗੋਲਡੀ ਅਤੇ ਖਜ਼ਾਨਚੀ ਸੌਰਭ ਖੁੱਲ੍ਹਰ ਤੋਂ ਇਲਾਵਾ ਐਗਜ਼ੈਕਟਿਵ ਕਮੇਟੀ ਮੈਂਬਰਾਂ ਪ੍ਰੋ. ਵਿਪਨ ਝਾਂਜੀ, ਮਹਿੰਦਰ ਸਿੰਘ, ਐਮ. ਬੀ. ਬਾਲੀ, ਸ੍ਰੀਮਤੀ ਸ਼ਾਲਿਨੀ ਕਾਲੜਾ, ਜੁਬਿਨ ਸ਼ੰਗਾਰੀ, ਨਿਤਿਨ ਬਹਿਲ, ਸਾਬਕਾ ਸੈਕਟਰੀ ਤਰੁਣ ਸਿੱਕਾ ਤੇ ਰਜਿੰਦਰ ਕੁਮਾਰ ਸ਼ੰਗਾਰੀ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਹਮਦਰਦ ਨਾਲ ਮੁਲਾਕਾਤ ਦੌਰਾਨ ਕਲੱਬ ਦੇ ਅਹੁਦੇਦਾਰਾਂ ਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਨੇ ਉਨ੍ਹਾਂ ਨੂੰ ਕਲੱਬ ਦੀਆਂ ਸਰਗਰਮੀਆਂ ਤੇ ਕੰਮ-ਕਾਜ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਕਲੱਬ ਵਲੋਂ ਸਮੇਂ-ਸਮੇਂ ’ਤੇ ਜਿੱਥੇ ਵੱਖ-ਵੱਖ ਸੱਭਿਆਚਾਰਕ ਤੇ ਮਨੋਰੰਜਕ ਪ੍ਰੋਗਰਾਮ ਕਰਵਾ ਕੇ ਕਲੱਬ ’ਚ ਪਰਿਵਾਰਕ ਮਾਹੌਲ ਸਿਰਜਣ ਦਾ ਕੰਮ ਕੀਤਾ ਜਾਂਦਾ ਹੈ, ਉੱਥੇ ਖੇਡ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਹ ਕਲੱਬ ਮੈਂਬਰਾਂ ਦੀਆਂ ਆਸਾਂ ਤੇ ਉਮੀਦਾਂ ’ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਨਵੀਂ ਚੁਣੀ ਗਈ ਟੀਮ ਦੇ ਜਜ਼ਬੇ ਤੇ ਸੋਚ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀ ਅਗਾਂਹਵਧੂ ਸੋਚ ਹੀ ਕਲੱਬ ਨੂੰ ਹੋਰ ਅੱਗੇ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਮਖਾਨਾ ਕਲੱਬ ਸ਼ਹਿਰ ਦਾ ਮਾਣ-ਮੱਤਾ ਕਲੱਬ ਹੋਣ ਕਰਕੇ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਹਮੇਸ਼ਾ ਇਸ ਦੇ ਕੰਮ-ਕਾਰ ’ ਤੇ ਲੱਗੀਆਂ ਰਹਿੰਦੀਆਂ ਹਨ ਤੇ ਅਜਿਹੇ ’ਚ ਜਿਮਖਾਨਾ ਕਲੱਬ ਦੀ ਪ੍ਰਬੰਧਕੀ ਕਮੇਟੀ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ । ਡਾ. ਹਮਦਰਦ ਨੇ ਨਵੀਂ ਚੁਣੀ ਗਈ ਟੀਮ ਨੂੰ ਸਮਾਜ ਨਾਲ ਹੋਰ ਵੀ ਨੇੜੇ ਤੋਂ ਜੁੜ ਕੇ ਕੰਮ ਕਰਨ ਅਤੇ ਭਾਵੁਕ ਸਾਂਝ ਕਾਇਮ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕਲੱਬ ਨੂੰ ਸਮਾਜਿਕ ਸ ਰੋਕਾਰਾਂ ਨੂੰ ਵਧੇਰੇ ਤਰਜੀਹ ਦੇਣੀ ਚਾਹੀਦੀ ਹੈ । ਇਸ ਸੰਬੰਧੀ ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਕਲੱਬ ਨੂੰ ਜਿੱਥੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਅੱਗੇ ਆ ਕੇ ਕੰਮ ਕਰਨ ਦੀ ਲੋੜ ਹੈ, ਉੱਥੇ ਖੂਨਦਾਨ ਵਰਗੇ ਕੈਂਪ ਲਗਾ ਕੇ ਕਲੱਬ ਮੈਂਬਰਾਂ ਨੂੰ ਮਾਨਵਤਾ ਦੀ ਸੇਵਾ ਨਾਲ ਜੋੜਨ ਦਾ ਵੀ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਨਿਤਿਨ ਕੋਹਲੀ ਅਤੇ ਕਲੱਬ ਦੀ ਨਵੀਂ ਚੁਣੀ ਗਈ ਸਮੁੱਚੀ ਟੀਮ ਦੇ ਮੈਂਬਰਾਂ ਨੇ ਡਾ. ਹਮਦਰਦ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ’ਚ ਵਾਤਾਵਰਣ ਅਤੇ ਸਮਾਜ ਸੇਵਾ ਨਾਲ ਜੁੜੇ ਕੰਮਾਂ ਨੂੰ ਪਹਿਲ ਦੇਣਗੇ । ਬਾਅਦ ’ਚ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਗਏ ਸੈਕਟਰੀ ਅਮਿਤ ਕੁਕਰੇਜਾ ਨੇ ਕਿਹਾ ਕਿ ਅਚੀਵਰਜ਼ ਗਰੁੱਪ ਦੇ ਚੋਣ ਮਨੋਰਥ ਪੱਤਰ ’ਚ ਦਰਜ ਸਾਰੇ ਵਾਅਦੇ ਪਹਿਲ ਦੇ ਆਧਾਰ ’ਤੇ ਪੂਰੇ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਜਿੱਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਲੱਬ ਨਾਲ ਜੋੜਨ ਦੀ ਹੋਵੇਗੀ ਉੱਥੇ ਸੀਨੀਅਰ ਸਿਟੀਜ਼ਨਸ ਨੂੰ ਮਿਲਣ ਵਾਲੀਆਂ ਸਹੂਲਤਾਂ ’ਚ ਵਾਧਾ ਕਰਨਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ। ਇਸੇ ਤਰ੍ਹਾਂ ਹੋਰਨਾਂ ਅਹੁਦੇਦਾਰਾਂ ਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਨੇ ਵੀ ਕਲੱਬ ਦੀ ਬਿਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਚੋਣਾਂ ’ਚ ਅਚੀਵਰਜ਼ ਗਰੁੱਪ ਨੂੰ ਜਿਤਾਉਣ ’ਤੇ ਕਲੱਬ ਦੇ ਸਮੂਹ ਮੈਂਬਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਲੱਬ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।