ਜਲੰਧਰ , 14 ਅਗਸਤ ( ਐੱਮ . ਐੱਸ . ਲੋਹੀਆ )- ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਜੂਨੀਅਰ ਤੇ ਸੀਨੀਅਰ ਵਿੰਗ ਵਿਖੇ ਵਿਦਿਆਰਥੀਆਂ ਵਲੋਂ 80 ਵਾਂ ਸੁਤੰਤਰਤਾ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ’ ਚ ਵਿਸ਼ੇਸ਼ ਸਭਾ ਦਾ ਪ੍ਰਬੰਧ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ ਗਈ । ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਪ੍ਰਤੀ ਅਥਾਹ ਪਿਆਰ ਦੇ ਜਜ਼ਬੇ ਨੂੰ ਦਰਸਾਉਂਦੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ , ਸਮੂਹ ਗੀਤ , ਭਾਸ਼ਣ , ਨ੍ਰਿਤ ਅਤੇ ਲੁੱਡੀ ਲੋਕ ਨਾਚ ਪ੍ਰਸਤੁਤ ਕਰਕੇ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ । ਦੇਸ਼ ਦੇ ਇਸ ਖ਼ਾਸ ਪਰਵ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ , ਪ੍ਰਿੰਸੀਪਲ ਡਾ . ਅਪਰਣਾ ਮਹਿਤਾ , ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਅਤੇ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਅਤੇ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ ।