01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਾਵਰਕਾਮ ਦੇ ਚੀਫ ਇੰਜੀਨੀਅਰ ਦਫ਼ਤਰ ਦਾ ਘਿਰਾਓ

ਅਜੀਤ ਡੈਸਕ 01-07-2026
ਜਲੰਧਰ, 30 ਜੂਨ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਤਰ ਹੋਏ ਕਿਸਾਨਾਂ ਵਲੋਂ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ’ਚ ਪਾਵਰਕਾਮ ਦੇ ਚੀਫ ਇੰਜੀਨੀਅਰ ਦੇ ਸ਼ਕਤੀ ਸਦਨ ਸਥਿਤ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਦਫਤਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਸਪਲਾਈ ਸੁਚਾਰੂ ਬਣਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਮੁਕੇਸ਼ ਚੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ’ਤੇ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਪਰ ਹੁਣ ਪਾਵਰਕਾਮ ਵਲੋਂ ਪਿਛਲੇ 10 ਦਿਨਾਂ ਤੋਂ ਝੋਨੇ ਦੇ ਸੀਜ਼ਨ ’ਚ ਲਗਾਤਾਰ ਕੱਟ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਝੋਨੇ ਦੀ ਲੁਆਈ ਦਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਲੱਗਾ ਹੋਇਆ ਝੋਨਾ ਵੀ ਸੁੱਕਣ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਸਪਲਾਈ ਸਿਰਫ ਤਿੰਨ ਤੋਂ ਚਾਰ ਘੰਟੇ ਹੀ ਮਿਲਦੀ ਹੈ ਤੇ 4 ਘੰਟੇ ਨਾਲ ਫਸਲ ਨੂੰ ਪਾਣੀ ਦੀ ਪੂਰਤੀ ਨਹੀਂ ਹੋ ਰਹੀ। ਜਿਸ ਕਾਰਨ ਕਿਸਾਨ ਮਹਿੰਗੇ ਮੁੱਲ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਹੋ ਰਹੇ ਹਨ। ਇਸ ਮੌਕੇ ਮੁਕੇਸ਼ ਚੰਦਰ ਨੇ ਧਰਨੇ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਪਾਵਰਕਾਮ ਦੇ ਚੀਫ ਇੰਜੀਨੀਅਰ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ, ਜਿਸ ’ਤੇ ਧਰਨਾ ਚੁੱਕਿਆ ਗਿਆ। ਇਸ ਮੌਕੇ ਧਰਨੇ ’ਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਮੇਜਰ ਸਿੰਘ ਮੀਤ ਪ੍ਰਧਾਨ ਜਲੰਧਰ, ਮੋਹਣ ਸਿੰਘ ਕੋਆਰਡੀਨੇਟਰ, ਹਰਪਾਲ ਸਿੰਘ ਬਲਾਕ ਪ੍ਰਧਾਨ ਆਦਮਪੁਰ, ਸੁਖਵਿੰਦਰ ਸਿੰਘ ਲੰਬੜਦਾਰ, ਜਸਮੇਲ ਸਿੰਘ ਮੋਰੋ, ਨਰਿੰਦਰ ਸਿੰਘ ਫਿਲੌਰ, ਮਨਜਿੰਦਰ ਸਿੰਘ ਨਕੋਦਰ, ਮਨਜੀਤ ਸਿੰਘ ਸਰਪੰਚ, ਯੂਥ ਲੀਡਰ ਮੰਗਲ ਸਿੰਘ ਜੰਡਿਆਲਾ, ਯੂਥ ਵਿੰਗ ਪ੍ਰਧਾਨ ਸੁਖਵਿੰਦਰ ਸਿੰਘ, ਯੂਥ ਵਿੰਗ ਪ੍ਰਧਾਨ ਮਨਿੰਦਰ ਸਿੰਘ ਮੋਨੀ, ਕੁਲਵੀਰ ਸਿੰਘ, ਬਿੰਦਰ ਭੁੱਲਰ, ਬਲਵੀਰ ਸਿੰਘ ਕਾਦੀਆਂ ਅਤੇ ਹੋਰ ਕਿਸਾਨ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਮਨਾਇਆ ਛੇਵੇਂ ਪਾਤਿਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਕਈ ਇਲਾਕਿਆਂ ਵਿਚ ਬਿਜਲੀ, ਪਾਣੀ ਸੰਕਟ ਨੂੰ ਲੈ ਕੇ ਮਚੀ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।