ਜਲੰਧਰ, 23 ਜੂਨ (ਸ਼ਿਵ)- ਆਬਕਾਰੀ ਵਿਭਾਗ ਨੇ ਅਵਤਾਰ ਨਗਰ ਗਰੁੱਪ ’ਤੇ ਵੱਡੀ ਕਾਰਵਾਈ ਕਰਦੇ ਹੋਏ ਉਨਾਂ ਦੇ ਇਕ ਠੇਕੇ ’ਤੇ 1 ਸ਼ਰਾਬ ਦੀ ਪੇਟੀ ਵੇਚਣ ਦੇ ਮਾਮਲੇ ਵਿਚ ਉਕਤ ਗਰੁੱਪ ਦੇ 28 ਠੇਕਿਆਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਜਿਹੜੇ ਕਿ ਮੰਗਲਵਾਰ ਨੂੰ ਸਾਰੇ ਸ਼ਰਾਬ ਦੇ ਠੇਕੇ ਬੰਦ ਰਹੇ। ਗਰੁੱਪ ਦੇ ਠੇਕੇ ਬੰਦ ਰੱਖਣ ਦਾ ਆਦੇਸ਼ ਆਬਕਾਰੀ ਵਿਭਾਗ ਦੇ ਡੀ. ਈ. ਟੀ. ਸੀ. ਸ੍ਰੀ ਸੁਰਿੰਦਰ ਕੁਮਾਰ ਗਰਗ ਵਲੋਂ ਦਿੱਤਾ ਗਿਆ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਕੋਲ ਇਸ ਬਾਰੇ ਸੂਚਨਾ ਪੁੱਜੀ ਸੀ ਕਿ ਉਕਤ ਗਰੁੱਪ ਦੇ ਕਪੂਰਥਲਾ ਪਿੰਡ ਦੇ ਇਕ ਠੇਕੇ ਤੋਂ ਸ਼ਰਾਬ ਦੀ ਇਕ ਪੇਟੀ ਵੇਚੀ ਗਈ ਹੈ ਜਿਹੜੀ ਕਿ ਪਾਲਿਸੀ ਦੇ ਨਿਯਮਾਂ ਦੇ ਖ਼ਿਲਾਫ਼ ਹੈ।ਪਾਲਿਸੀ ਵਿਚ ਸਪਸ਼ਟ ਲਿਖਿਆ ਹੈ ਕਿ ਕੋਈ ਵੀ ਗਰੁੱਪ ਆਪਣੇ ਠੇਕੇ ’ਤੇ ਸ਼ਰਾਬ ਦੀਆਂ ਦੋ ਬੋਤਲਾਂ ਤੋਂ ਜ਼ਿਆਦਾ ਨਹੀਂ ਵੇਚ ਸਕੇਗਾ। ਆਬਕਾਰੀ ਵਿਭਾਗ ਦੇ ਆਦੇਸ਼ਾਂ ’ਤੇ ਮੰਗਲਵਾਰ ਨੂੰ ਜਿੱਥੇ ਸਾਰੇ ਠੇਕੇ ਬੰਦ ਰਹੇ ਸਗੋਂ ਵੱਡੀ ਗਿਣਤੀ ਵਿਚ ਠੇਕੇ ਬੰਦ ਹੋਣ ਨਾਲ ਗਰੁੱਪ ਨੂੰ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪੈਂਦਾ ਹੈ। ਆਬਕਾਰੀ ਵਿਭਾਗ ਦਾ ਕਹਿਣਾ ਸੀ ਕਿ ਜਿਹੜਾ ਕਾਰੋਬਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਮਾਮਲੇ ਵਿਚ ਆਬਕਾਰੀ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਕੁੱਝ ਮਹੀਨਾ ਪਹਿਲਾਂ ਵੀ ਕੁੱਝ ਗਰੁੱਪਾਂ ਵਲੋਂ ਸ਼ਰਾਬ ਦੀ ਇਕ ਪੇਟੀ ਵੇਚਣ ਦੇ ਮਾਮਲੇ ਵਿਚ ਠੇਕੇ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਸਨ।