27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕੇਂਦਰੀ ਹਲਕੇ ਵਿਚ ਰਾਸ਼ਨ ਲਈ ਫਾਰਮ ਭਰਵਾਉਣ ਦਾ ਕਾਲੀਆ ਵਲੋਂ ਵਿਰੋਧ ਕਿਹਾ 2027 ਵਿਚ ਪੰਜਾਬ ਵਿਚ ਭਾਜਪਾ ਦਾ ਬਣੇਗਾ ਮੁੱਖ ਮੰਤਰੀ <br/>

ਅਜੀਤ ਡੈਸਕ 24-05-2026
ਜਲੰਧਰ, 23 ਮਈ (ਸ਼ਿਵ)-ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਨੇ ਆਮ ਆਦਮੀ ਪਾਰਟੀ 'ਤੇ ਮਹਿਲਾਵਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੇ ਖਾਤਿਆਂ ਵਿਚ 1000-1000 ਰੁਪਏ ਪਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਹੁਣ ਦੁਬਾਰਾ ਇਸੇ ਤਰਾਂ ਦੇ ਫਾਰਮ ਭਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ | ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲੀਆ ਨੇ ਕਿਹਾ ਕਿ 4 ਸਾਲ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਪੰਜਵੇਂ ਸਾਲ ਇਸ ਨੂੰ ਦੇਣ ਦਾ ਐਲਾਨ ਕੀਤਾ ਗਿਆ ਪਰ ਅਜੇ ਤੱਕ ਇਸ ਦੀ ਅਦਾਇਗੀ ਕਰਨੀ ਸ਼ੁਰੂ ਨਹੀਂ ਕੀਤੀ ਗਈ ਹੈ | ਸ੍ਰੀ ਕਾਲੀਆ ਨੇ ਕੇਂਦਰੀ ਹਲਕੇ ਵਿਚ ਰਾਸ਼ਨ ਦੇ ਨਾਂਅ 'ਤੇ ਭਰੇ ਜਾ ਰਹੇ ਫਾਰਮਾਂ ਦੇ ਕੰਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ 40 ਲੱਖ ਪਰਿਵਾਰਾਂ ਨੂੰ ਸਮਾਨ ਨਾਲ ਭਰੇ ਪੈਕਟ ਦਿੱਤੇ ਜਾਣੇ ਹਨ ਪਰ ਕੇਂਦਰੀ ਹਲਕੇ ਵਿਚ ਵੋਟਰ ਨੰਬਰ, ਮੋਬਾਈਲ ਨੰਬਰ ਸਮੇਤ ਹੋਰ ਜਾਣਕਾਰੀ ਦੇਣ ਲਈ ਫਾਰਮ ਵੰਡੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰ ਕਿਸੇ ਵੀ ਹਲਕੇ ਵਿਚ ਇਸ ਤਰਾਂ ਦੇ ਫਾਰਮ ਨਹੀਂ ਵੰਡੇ ਜਾ ਰਹੇ ਹਨ | ਉਨਾਂ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਫਾਰਮਾਂ ਦੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਵਰਤੋਂ ਕੀਤੀ ਜਾਵੇਗੀ | ਸ੍ਰੀ ਕਾਲੀਆ ਨੇ ਕਿਹਾ ਕਿ ਫਾਰਮਾਂ ਦੀ ਲੋੜ ਨਹੀਂ ਹੈ ਸਗੋਂ ਨੀਲੇ ਕਾਰਡ ਵਾਲਿਆਂ ਨੂੰ ਰਾਸ਼ਨ ਦੇਣਾ ਚਾਹੀਦਾ ਹੈ | ਸ੍ਰੀ ਕਾਲੀਆ ਨੇ ਕਿਹਾ ਕਿ ਪੰਜਾਬ ਵਿਚ ਜਿਹੜੀ ਕਣਕ ਵੀ ਦਿੱਤੀ ਜਾਂਦੀ ਹੈ, ਉਹ ਵੀ ਕੇਂਦਰ ਵਲੋਂ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ | ਸ੍ਰੀ ਕਾਲੀਆ ਨੇ ਮੁਲਾਜ਼ਮਾਂ ਦੇ ਡੀ. ਏ. ਦੇਣ ਬਾਰੇ ਆਏ ਹਾਈਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਕਾਲੀਆ ਨੇ ਕਿਹਾ ਕਿ ਹੁਣ ਇਹ ਰਕਮ ਹਰ ਹਾਲਤ ਵਿਚ ਜੂਨ ਵਿਚ ਦੇਣੀ ਪਵੇਗੀ | ਉਨਾਂ ਕਿਹਾ ਕਿ ਆਪਣੇ ਖ਼ਰਚੇ ਚਲਾਉਣ ਲਈ ਤਾਂ ਕਰਜ਼ੇ ਲਏ ਜਾ ਰਹੇ ਹਨ ਪਰ ਮੁਲਾਜ਼ਮਾਂ ਦੇ ਬਕਾਏ ਅਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ | ਉਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਦਾ ਆਪ ਸਰਕਾਰ ਤੋਂ ਮੋਹ ਭੰਗ ਹੋ ਚੱੁਕਾ ਹੈ ਤੇ 2027 ਵਿਚ ਪੰਜਾਬ ਵਿਚ ਭਾਜਪਾ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਹੈ | ਇਸ ਮੌਕੇ ਸੁਸ਼ੀਲ ਸ਼ਰਮਾ, ਸਰਬਜੀਤ ਸਿੰਘ ਮੱਕੜ, ਰਾਜੇਸ਼ ਕਪੂਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਹਰਦੀਪ ਕੌਰ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਵਰਿਆਣਾ ਡੰਪ 'ਤੇ ਅੱਗ ਨਾ ਬੁਝਾਉਣ ਤੋਂ ਨਾਰਾਜ਼ ਆਪ ਕੌਂਸਲਰ ਘੁੰਮਣ ਵਲੋਂ ਧਰਨਾ ਦੇਣ ਦੀ ਚਿਤਾਵਨੀ ਕਿਹਾ ਕਈ ਦਿਨਾਂ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।